ਸਿੱਖ ਵਿਚਾਰਧਾਰਾ ਨੂੰ ਆਪਣੇ ਬੁਰਛ ਦੀ ਛੋਹ ਨਾਲ ਕਲਾਤਮਿਕ ਰੂਪ ਦੇਣ ਵਾਲਾ ਆਰਟਿਸਟ ਤ੍ਰਿਲੋਕ ਸਿੰਘ ਰਹਿੰਦੀ ਦੁਨੀਆਂ ਤੱਕ ਜਾਣਿਆਂ ਜਾਂਦਾ ਰਹੇਗਾ ਕਿਉਂਕਿ ਉਸਨੇ ਗੁਰਬਾਣੀ ਦੀਆਂ ਤੁਕਾਂ ਦੇ ਭਾਵ ਅਰਥ ਸਮਝਕੇ ਉਸ ਤੇ ਅਧਾਰਤ ਪੇਂਟਿੰਗ ਕਰਕੇ ਆਪਣੇ ਆਪ ਨੂੰ ਅਮਰ ਕਰ ਲਿਆ ਹੈ। ਜਿਸ ਸਿਦਕ ਦਿਲੀ ਨਾਲ ਉਸਨੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝਕੇ ਰੂਹ ਨਾਲ ਪੇਂਟ ਕੀਤਾ ਹੈ, ਉਸਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਤ੍ਰਿਲੋਕ ਸਿੰਘ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਜੜਤੌਲੀ ਨੇੜੇ ਨਾਰੰਗਵਾਲ ਵਿਖੇ ਪ੍ਰੋ ਗੁਰਦਿਤ ਸਿੰਘ ਦੇ ਘਰ 10 ਦਸੰਬਰ 1914 ਨੂੰ ਹੋਇਆ ਸੀ। ਆਪਦੇ ਪਿਤਾ ਰੇਲਵੇ ਵਿਚ ਇੰਜਨੀਅਰ ਸਨ। ਆਪਨੇ ਆਪਣੀ ਮੁੱਢਲੀ ਵਿਦਿਆ ਆਪਣੇ ਦਾਦਾ ਸ੍ਰ ਦਇਆ ਸਿੰਘ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਿਡਲ ਤੱਕ ਦੀ ਪੜ੍ਹਾਈ ਕਿਲ੍ਹਾ ਰਾਏਪੁਰ ਤੋਂ ਪ੍ਰਾਪਤ ਕੀਤੀ। ਆਪਦੇ ਪਿਤਾ ਨੇ ਰੇਲਵੇ ਵਿੱਚ ਨੌਕਰੀ ਕਰਦਿਆਂ ਈਸਟ ਬੰਗਾਲ ਵਿਚ ਜ਼ਮੀਨ ਖ੍ਰੀਦ ਲਈ ਸੀ। ਆਪ ਦੇ ਪਿਤਾ ਸ੍ਰ ਗੁਰਦਿਤ ਸਿੰਘ ਦੀ 1942 ਵਿਚ ਮੌਤ ਤੋਂ ਬਾਅਦ ਆਪ ਨੂੰ ਮਜਬੂਰੀ ਵੱਸ ਆਪਣੀ ਪੜ੍ਹਾਈ ਛੱਡਣੀ ਪਈ। ਆਪ ਨੂੰ ਜ਼ਮੀਨ ਦੀ ਦੇਖ ਰੇਖ ਲਈ ਪੰਜਾਬੀ ਬਸਤੀ ¦ਕਾ ਜਿਲ੍ਹਾ ਨੌਗੰਗ ਆਸਾਮ ਜਾਣਾ ਪਿਆ। ਆਪ ਦੀ ਰੁਚੀ ਸ਼ੁਰੂ ਤੋਂ ਹੀ ਪੇਂਟਿੰਗ ਵਲ ਸੀ, ਇਸ ਕਰਕੇ ਆਪ ਦੇ ਪਿਤਾ ਨੇ ਆਪ ਨੂੰ ਪਹਿਲਾਂ ਹੀ ਕਲਕੱਤੇ ਠਾਕੁਰ ਸਿੰਘ ਆਰਟਿਸਟ ਕੋਲ ਪੇਂਟਿੰਗ ਦੀ ਸਿਖਿਆ ਲੈਣ ਲਈ ਭੇਜ ਦਿੱਤਾ ਸੀ, ਜਿਥੇ ਰਹਿਕੇ ਆਪ ਨੇ ਫਾਈਨ ਆਰਟਸ ਵਿਚ ਡਿਪਲੋਮਾ ਪਾਸ ਕੀਤਾ। ਇਥੇ ਹੀ ਆਪ ਨੂੰ ਪ੍ਰਸਿਧ ਆਰਟਿਸਟ ਹੈਮਿੰਦਰ ਮਾਜੂਮਦਾਰ ਨੂੰ ਮਿਲਣ ਅਤੇ ਉਸਤੋਂ ਸਿਖਿਆ ਲੈਣ ਦਾ ਮੌਕਾ ਮਿਲਿਆ। ਬੰਗਾਲ ਵਿਚ ਰਹਿੰਦਿਆਂ ਅਪਨੇ ਬੰਗਾਲੀ, ਆਸਾਮੀ, ਗੁਜਰਾਤੀ, ਉਰਦੂ ਅਤੇ ਪਰਸ਼ੀਅਨ ਭਾਸ਼ਾਵਾਂ ਸਿਖੀਆਂ ਤੇ ਉਹਨਾਂ ਵਿਚ ਮੁਹਾਰਤ ਹਾਸਲ ਕੀਤੀ। ਆਪਨੇ ਥੋੜ੍ਹਾ ਸਮਾਂ ਮਕੈਨੀਕਲ ਇੰਜਿਨੀਅਰਿੰਗ ਦੀ ਟ੍ਰੇਨਿੰਗ ਵੀ ਪ੍ਰਾਪਤ ਕੀਤੀ। ਆਪ ਨੇ ਭਾਸ਼ਾ ਵਿਭਾਗ ਪੰਜਾਬ ਤੋਂ ਦਸਵੀਂ ਪੱਧਰ ਦੇ ਪੰਜਾਬੀ ਅਤੇ ਹਿੰਦੀ ਦੇ ਇਮਤਿਹਾਨ ਵੀ ਪਾਸ ਕੀਤੇ। ਤ੍ਰਿਲੋਕ ਸਿੰਘ ਨੇ 1932 ਵਿਚ 18 ਸਾਲ ਦੀ ਉਮਰ ਵਿਚ ਹੀ ਬਤੌਰ ਆਰਟਿਸਟ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ। ਸ਼ੁਰੂ ਵਿਚ ਆਪਨੇ ਅਜ਼ਾਦੀ ਦੀ ਲੜਾਈ ਨਾਲ ਸੰਬੰਧਤ ਦੇਸ ਭਗਤੀ ਦੀਆਂ ਪੇਂਟਿੰਗ ਕੀਤੀਆਂ, ਜਿਹਨਾਂ ਨੂੰ ਅਜ਼ਾਦੀ ਦੇ ਪ੍ਰਵਾਨਿਆਂ ਨੇ ਸਲਾਹਿਆ। ਆਪ ਦੇ ਦੇਸ ਭਗਤੀ ਨਾਲ ਸੰਬੰਧਤ ਬਣਾਏ ਗਏ ਚਿਤਰਾਂ ਨੂੰ ਵੇਖਕੇ ਉਸ ਸਮੇਂ ਦੀ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਦੇ ਬਣਾਏ ਚਿਤਰਾਂ ਨੂੰ ਵੇਖਕੇ ਕਿਹਾ ਸੀ, ਆਪ ਮੁਲਕ ਕੇ ਬਹੁਤ ਕਾਮ ਆਨੇ ਵਾਲੇ ਕਲਾਕਾਰ ਹੋ। ਆਪ ਨੇ ਥੋੜ੍ਹਾ ਸਮਾਂ ਫ਼ੌਜ ਦੇ ਈ. ਟੀ. ਸੀ .ਮੇਰਠ ਕੈਂਪ ਵਿਚ ਫ਼ੌਜੀਆਂ ਨੂੰ ਪੇਂਟਿੰਗ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਸੀ। ਆਪਨੇ 1932 ਤੋਂ 1943 ਤੱਕ ਦੇਸ਼ ਭਗਤੀ ਨਾਲ ਸੰਬੰਧਤ ਪੇਂਟਿੰਗ ਹੀ ਪੇਂਟ ਕੀਤੀਆਂ ਸਨ। ਆਪ ਦਾ ਵਿਆਹ ਬੀਬੀ ਹਰਬੰਸ ਕੌਰ ਨਾਲ ਹੋਇਆ ਸੀ। ਆਪਦੇ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਆਪਦੇ ਤਿੰਨੋ ਲੜਕੇ ਸੁਰਜੀਤ ਸਿੰਘ, ਗੁਰਦੀਪ ਸਿੰਘ ਅਤੇ ਤੇਜਿੰਦਰ ਸਿੰਘ ਇੰਜਿਨੀਅਰ ਹਨ। ਆਪ ਦੀ ਲੜਕੀ ਜਗਦੀਸ਼ ਕੌਰ ਐਮ. ਏ .ਪਾਸ ਹੈ। ਆਪਨੇ 1932 ਵਿਚ ਕਲਕੱਤੇ ਵਿਚ ਤ੍ਰਿਲੋਕ ਸਟੂਡੀਓ, 1936 ਤੋਂ 1940 ਤਕ ਨਵਰੰਗ ਸਟੂਡੀਓ ਆਸਾਮ ਅਤੇ 1943 ਵਿਚ ਆਰਟ ਤੇ ਫੋਟੋ ਸਟੂਡੀਓ ਸੀਲਾਂਗ ਵਿੱਖੇ ਖੋਹਲੇ ਸਨ। ਆਪ 1948 ਤੋਂ 1951 ਤਕ ਸਟੇਟ ਦਰਬਾਰ ਵਿਚ ਕਲਾਕਾਰ ਰਹੇ। ਆਪ ਦੀ ਪੇਂਟਿੰਗ ਦੀ ਕਾਬਲੀਅਤ ਨੂੰ ਮੁੱਖ ਰਖਕੇ ਆਪ ਨੂੰ ਪੈਪਸੂ ਦੇ ਅਸੈਂਬਲੀ ਹਾਲ ਦੀ ਸਜਾਵਟੀ ਕਮੇਟੀ ਦਾ ਮੈਂਬਰ 1952 ਵਿਚ ਬਣਾਇਆ ਗਿਆ। ਆਪ ਨੂੰ 1951 ਵਿਚ ਭਾਸ਼ਾ ਵਿਭਾਗ ਪੰਜਾਬ ਵਿਚ ਬਤੌਰ ਆਰਟਿਸਟ ਭਰਤੀ ਕਰ ਲਿਆ ਗਿਆ। ਵਿਭਾਗ ਵਿਚ ਨੌਕਰੀ ਕਰਦਿਆਂ ਆਪ ਨੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦੇ ਮੁੱਖ ਕਵਰ ਡਿਜਾਈਨ ਕੀਤੇ। ਇਸ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼, ਵਿਸ਼ਵ ਕੋਸ਼ ਅਤੇ ਇਨਸਾਈਕਲੋਪੀਡੀਆ ਵੀ ਡਿਜ਼ਾਈਨ ਕੀਤੇ ਜੋ ਕਿ ਬਹੁਤ ਜ਼ਿਆਦਾ ਪ੍ਰਵਾਨਤ ਹੋਏ। ਆਪ ਭਾਸ਼ਾ ਵਿਭਾਗ ਵਿੱਚੋਂ 60 ਸਾਲ ਦੀ ਉਮਰ ਵਿਚ 1974 ਵਿਚ ਸੇਵਾ ਮੁਕਤ ਹੋ ਗਏ ਸਨ ਅਤੇ ਰਿਟਾਇਰਮੈਂਟ ਤੋਂ ਬਾਅਦ ਆਪ ਨੇ ਘਰ ਵਿਚ ਹੀ ‘‘ਚਿਤਰਲੋਕ ਸਟੂਡੀਓ’’ ਖੋਹਲ ਲਿਆ ਸੀ। ਆਪ ਦੀ ਮੁੱਖ ਤੌਰ ਤੇ ਕਲਾ ਦੇ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬਾਣੀ ਤੇ ਅਧਾਰਤ ਤਸਵੀਰਾਂ ਪੇਂਟ ਕਰਨਾ ਸੀ। ਆਪਨੇ ਗੁਰਬਾਣੀ ਦੀਆਂ ਤੁਕਾਂ ਦੇ ਭਾਵ ਅਰਥ ਆਪਣੀਆਂ ਪੇਂਟਿੰਗਜ਼ ਰਾਹੀਂ ਕਰਕੇ ਲੋਕਾਂ ਨੂੰ ਅਧਿਆਤਮਕ ਗਿਆਨ ਦਿੱਤਾ ਹੈ। ਆਪ ਦੀਆਂ ਸਾਰੀਆਂ ਪੇਂਟਿੰਗਜ਼ ਦਾ ਆਧਾਰ ਹੀ ਗੁਰਬਾਣੀ ਸੀ। ਆਪ ਪਹਿਲੇ ਅਜਿਹੇ ਕਲਾਕਾਰ ਹਨ, ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ਤੇ ਗੁਰਬਾਣੀ ਦੀਆਂ ਤੁਕਾਂ ਤੇ ਅਧਾਰਤ ਪੇਂਟਿੰਗਜ ਬਣਾਕੇ ਲਾਉਣ ਦੀ ਪ੍ਰਥਾ ਚਲਾਈ ਸੀ। ਆਪ ਦਾ ਪਿੰਡ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪਿੰਡ ਨਾਰੰਗਵਾਲ ਦੇ ਨੇੜੇ ਹੋਣ ਕਰਕੇ ਉਹਨਾਂ ਦੀ ਸੰਗਤ ਦਾ ਆਪ ਤੇ ਗੂੜ੍ਹਾ ਪ੍ਰਭਾਵ ਸੀ। ਆਪ ਨੇ ਗੁਰੂਆਂ ਦੀਆਂ ਪੇਂਟਿੰਗਜ਼ ਬਣਾਈਆਂ ਜੋ ਕਿ ਸਰਵਪ੍ਰਵਾਨਤ ਹੋਈਆਂ। ਆਪ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮਾਛੀਵਾੜੇ ਦੇ ਜੰਗਲ ਵਿਚ ਆਰਾਮ ਕਰਦਿਆਂ ਦਾ ਬਣਾਇਆ ਚਿਤਰ ਸ਼ਾਹਕਾਰ ਕਿਹਾ ਜਾ ਸਕਦਾ ਹੈ । ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੇ ਚਿਤਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਮਤਿ ਸੰਬੰਧੀ ਚਿਤਰਕਾਰੀ ਦੇ ਲਾਸਾਨੀ ਨਮੂਨੇ ਹਨ। ਪੰਜਾਬੀ ਚਿਤਰਕਲਾ ਨੂੰ ਤ੍ਰਿਲੋਕ ਸਿੰਘ ਦੀ ਅਦੁੱਤੀ ਦੇਣ ਹੈ। ਉਹਨਾਂ ਦੇ ਬੁਰਸ਼ ਨੇ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਇਤਿਹਾਸਕ ਘਟਨਾਵਾਂ ਨੂੰ ਜ਼ੁਬਾਨ ਦਿੱਤੀ ਹੈ। ਉਸਨੇ ਪੰਜਾਬੀ ਆਦਰਸ਼ਾਂ ਨੂੰ ਮੁੜ ਸਮੂੁਰਤ ਕੀਤਾ ਹੈ। ਪੰਜਾਬ ਦੀਆਂ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਕ ਪਰੰਪਰਾਵਾਂ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਚਿਤਰਕਾਰ ਦੇ ਬੁਰਸ਼ ਦੀ ਪਹੁੰਚ ਧਰਤੀ ਤੋਂ ਆਕਾਸ਼ ਤਕ ਹੈ। ਉਹ ਇੱਕ ਪ੍ਰਭਿਾਵਾਨ ਚਿਤਰਕਾਰ ਸਨ। ਉਹਨਾਂ ਨੇ ਬਚਪਨ ਵਿਚ ਹੀ ਭਾਰਤ ਗਾਹ ਮਾਰਿਆ ਜਿਸ ਕਰਕੇ ਆਪ ਨੇ ਪਹਾੜ, ਜੰਗਲ, ਸਮੁੰਦਰ, ਝੀਲਾਂ, ਭਾਂਤ-ਭਾਂਤ ਦੇ ਜੀਵ ਜੰਤੂ ਤੇ ਦਰਿੰਦੇ ਵੇਖੇ ਤੇ ਜਿਹਨਾਂ ਤੋਂ ਪ੍ਰਭਾਵਤ ਹੋਕੇ ਆਪ ਨੇ ਬਹੁਪੱਖੀ ਤੇ ਬਹੁ ਭਾਂਤੀ ਚਿਤਰ ਬਣਾਏ। ਆਪ ਸਿੱਖ ਸਭਿਆਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਦੇ ਮਾਹਿਰ ਸਨ। ਆਪ ਦੀਆਂ ਕਲਾ ਕ੍ਰਿਤਾਂ ਸਿੱਖ ਸਭਿਆਚਾਰ, ਦਰਸ਼ਨ, ਭਗਤੀ ਤੇ ਸ਼ਕਤੀ ਦਾ ਸੁਮੇਲ ਸਨ। ਗੁਰੂ ਸਾਹਿਬ ਦੇ ਜੀਵਨ ਸਿਧਾਂਤ ਉਸਦੀ ਕਲਾ ਦੇ ਮੁੱਖ ਸੋਮੇ ਸਨ। ਆਪ ਦੇ ਚਿਤਰਕਾਰੀ ਦੇ ਜੀਵਨ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ, ਸ਼ੁਰੂ ਦਾ ਜੀਵਨ ਦੇਸ਼ ਭਗਤੀ ਤੇ ਆਜਾਦੀ ਦੀ ਜਦੋਜਹਿਦ ਨਾਲ ਸੰਬੰਧਤ ਕਿਹਾ ਜਾ ਸਕਦਾ ਹੈ। ਦੂਜੇ ਦੌਰ ਵਿਚ ਪੰਜਾਬੀ ਸਭਿਆਚਾਰ ਨੂੰ ਪੇਂਟ ਕੀਤਾ, ਜਿਸ ਵਿਚ ਪੇਂਡੂ ਸਭਿਅਤਾ ਨਾਲ ਸੰਬੰਧਤ ਕਿਤੇ ਤੇ ਕੰਮ ਜਿਵੇਂ ਪਾਲੀ, ਭੰਗੜਾ, ਗਿੱਧਾ,ਚਰਖਾ ਅਤੇ ਪੀਂਘ ਆਦਿ ਸ਼ਾਮਲ ਹਨ ਨੂੰ ਪੇਂਟ ਕੀਤਾ। ਇਸਤੋਂ ਬਾਅਦ ਤੀਜਾ ਦੌਰ ਆਪ ਦਾ ਅਧਿਆਤਮਕ ਦੌਰ ਸੀ, ਜਿਸ ਵਿਚ ਸਿੱਖ ਸਿਧਾਂਤ, ਸਭਿਆਚਾਰ, ਸਭਿਅਤਾ ਤੇ ਧਰਮ ਨੂੰ ਪੇਂਟਿੰਗਜ ਰਾਹੀਂ ਪੇਂਟ ਕੀਤਾ। ਆਪ ਸਮਾਜ ਨੂੰ ਸਾਊ ਅਤੇ ਸੁਧਰਿਆ ਹੋਇਆ ਵੇਖਣਾ ਚਾਹੁੰਦੇ ਸਨ। ਉਹਨਾਂ ਦੇ ਮਨ ਵਿਚ ਚੰਗੇ ਸਮਾਜਕ ਵਿਅਕਤੀ ਦੀਆਂ ਕਦਰਾਂ ਕੀਮਤਾਂ ਨਿਸਚਿਤ ਸਨ, ਜਿਹਨਾਂ ਨੂੰ ਉਹ ਆਪਣੇ ਚਿਤਰਾਂ ਰਾਹੀਂ ਪੇਂਟ ਕਰਕੇ ਸਮਾਜ ਵਿਚ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਗਿਆਨੀ ਜ਼ੈਲ ਸਿੰਘ ਇੱਕ ਵਾਰ ਆਪ ਦੇ ਘਰ ਇੱਕ ਛੋਟੇ ਜਹੇ ਸਮਾਗਮ ਤੇ ਆ ਗਏ ਸਨ। ਉਹਨਾਂ ਤ੍ਰਿਲੋਕ ਸਿੰਘ ਦੀਆਂ ਪੇਂਟਿੰਗਜ਼ ਵੇਖਕੇ ਲਿਖਿਆ ਸੀ, ‘‘ਤ੍ਰਿਲੋਕ ਸਿੰਘ ਚਿਤ੍ਰਕਾਰ ਦੀ ਕਲਾ ਪ੍ਰਦਰਸ਼ਨੀ ਵੇਖਕੇ ਪ੍ਰਸੰਨਤਾ ਹੋਈ ਹੈ। ਨਿਹਾਇਤ ਹੀ ਬਰੀਕੀ ਨਾਲ ਪੁਰਾਤਨ ਤੇ ਵਰਤਮਾਨ ਇਤਿਹਾਸਕ ਘਟਨਾਵਾਂ ਨੂੰ ਚਿਤਰਕੇ ਨਵਾਂ ਰਸਤਾ ਬਣਾਇਆ ਹੈ। ਆਪ ਦੀਆਂ ਪੇਂਟਿੰਗ ਦੀਆਂ ਅਨੇਕਾਂ ਪ੍ਰਦਰਸ਼ਨੀਆਂ ਲੱਗੀਆਂ ਤੇ ਨਾਮਣਾ ਖੱਟਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲੇਆਪ ਦੀਆਂ ਕਲਾ ਕ੍ਰਿਤਾਂ ਦੇ ਮੁਦੱਈ ਸਨ ਤੇ ਉਹਨਾਂ ਹਮੇਸ਼ਾ ਸ੍ਰ ਤ੍ਰਿਲੋਕ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ।