ਭਾਰਤੀ ਪ੍ਰਵਾਸੀਆਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੂੰ ਦਿੱਤੇ ਕਰੋੜਾਂ ਰੁਪਏ ਦਾਨ

ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਤੀ ਸੰਕਟ ਨਾਲ ਜੂਝ ਰਹੀਆਂ ਹਨ। ਸਰਕਾਰ ਨੇ ਹੱਥ ਖਿੱਚ ਲਏ ਹਨ ਅਤੇ ਯੂਨੀਵਰਸਿਟੀਆਂ ਕੋਲ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹਨ। ਅਜਿਹੇ ਹਾਲਾਤ ਵਿੱਚ ਦੋ ਖਬਰਾਂ ਸਭ ਦਾ ਧਿਆਨ ਖਿੱਚ ਰਹੀਆਂ ਹਨ। ਪਹਿਲੀ ਖ਼ਬਰ ਕੈਨੇਡਾ ਦੇ ਅਲਬਰਟਾ ਪ੍ਰਾਂਤ ਦੇ ਸ਼ਹਿਰ ਕੈਲਗਰੀ ਦੀ ਹੈ, ਜਿਥੇ ਇਕ ਪੰਜਾਬੀ ਸ. ਨਵਜੀਤ ਸਿੰਘ ਢਿੱਲੋਂ ਉਰਫ ਬੋਬ ਢਿੱਲੋਂ ਨੇ ਕੈਲਗਰੀ ਦੀ ਯੂਨੀਵਰਸਿਟੀ ਲੈਥਬਰਿਜ ਨੂੰ 10 ਮਿਲੀਅਨ ਡਾਲਰ ਦੀ ਰਾਸ਼ੀ ਦਾਨ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਇਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਮਿਲਣ ਵਾਲੀ ਸਭ ਤੋਂ ਵੱਡੀ ਰਾਸ਼ੀ ਹੈ। ਬੋਬ ਢਿੱਲੋਂ ਵੱਲੋਂ ਦਿੱਤੀ ਭੇਟ ਦੇ ਬਦਲੇ ਵਿੱਚ ਯੂਨੀਵਰਸਿਟੀ ਨੇ ਫੈਕਲਟੀ ਆਫ ਮੈਨੇਜਮੈਂਟ ਦਾ ਨਾਮ ਬਦਲਕੇ ‘ਢਿੱਲੋਂ ਸਕੂਲ ਆਫ ਬਿਜ਼ਨਿਸ’ ਕਰ ਦਿੱਤਾ ਹੈ। ਬੋਬ ਢਿੱਲੋਂ ਦੇ ਆਰਥਿਕ ਸਹਿਯੋਗ ਨਾਲ ਢਿੱਲੋਂ ਸਕੂਲ ਆਫ ਬਿਜ਼ਨਿਸ ਨਵੀਂ ਬੁਲੰਦੀਆਂ ਨੂੰ ਛੋਹੇਗਾ। ਇਸ ਕਿਸਮ ਦੇ ਵਿਚਾਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਪ੍ਰਗਟ ਕੀਤੇ।
‘‘ਕੈਨੇਡਾ ਦਾ ਭਵਿੱਖ ਵਿਦਿਆ ’ਤੇ ਨਿਰਭਰ ਕਰਦਾ ਹੈ। ਮੈਂ ਕੈਨੇਡਾ ਦੀ ਧਰਤੀ ’ਤੇ ਆਉਣ ਵਾਲਾ ਪਹਿਲੀ ਪੀੜ੍ਹੀ ਦਾ ਸਿੱਖ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਕਾਬਲ ਬਣਿਆ ਕਿ ਮੈਂ ਕੁੱਝ ਵਾਪਸ ਕਰਨ ਦੇ ਯੋਗ ਹੋਇਆ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਦੁਨੀਆਂ ਦੇ ਸਭ ਤੋਂ ਮਹਾਨ ਦੇਸ਼ ਵਿੱਚ ਥੋੜ੍ਹੀ ਸਫਲਤਾ ਹਾਸਿਲ ਕੀਤੀ ਹੈ।’’ ਬੋਬ ਢਿੱਲੋਂ ਨੇ ਇਸ ਆਰਥਿਕ ਸਹਿਯੋਗ ਦੇਣ ਤੋਂ ਬਾਅਦ ਉਕਤ ਕਿਸਮ ਦੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਨਵਜੀਤ (ਬੋਬ) ਸਿੱਖ ਮਾਪਿਆਂ ਦੇ ਘਰ ਜਪਾਨ ਵਿੱਚ ਪੈਦਾ ਹੋਇਆ ਅਤੇ ਜਪਾਨ ਤੋਂ ਪਰਿਵਾਰ ਵੈਨਕੂਵਰ ਆ ਗਿਆ। ਬੋਬ ਦੀ ਪੜ੍ਹਾਈ ਵੈਨਕੂਵਰ ਵਿਖੇ ਹੋਈ। ਅੱਜ ਕੱਲ੍ਹ ਬੋਬ ਢਿੱਲੋਂ ਮੇਨਸਟਰੀਟ ਇਕੁਉਟੀ ਗਰੁੱਪ ਦਾ ਪ੍ਰੈਜ਼ੀਡੈਂਟ ਅਤੇ ਸੀਈਓ ਹੈ ਅਤੇ ਕੈਨੇਡਾ ਦੇ 25 ਅਮੀਰ ਪ੍ਰਵਾਸੀਆਂ ਵਿੱਚੋਂ ਇਕ ਹੈ। ਬੋਬ ਦੀ ਕੰਪਨੀ ਰੀਅਲ ਅਸਟੇਟ ਦਾ ਕਾਰੋਬਾਰ ਕਰਦੀ ਹੈ। ਬੋਬ ਢਿੱਲੋਂ ਦੀ ਇਸ ਕਾਰਵਾਈ ਦਾ ਹਰ ਪਾਸਿਓਂ ਸਵਾਗਤ ਹੋ ਰਿਹਾ ਹੈ ਅਤੇ ਖਾਸ ਤੌਰ ’ਤੇ ਸਿੱਖ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।
ਦੂਜੀ ਖ਼ਬਰ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਨਾਲ ਸਬੰਧਤ ਹੈ। ਇਸ ਯੂਨੀਵਰਸਿਟੀ ਨੂੰ ਸ਼੍ਰੀ ਰਤਨ ਲਾਲ ਖੋਸਾ ਨੇ 50 ਲੱਖ ਡਾਲਰ ਦਾਨ ਕੀਤੇ ਹਨ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਤਕਰੀਬਨ 32.5 ਕਰੋੜ ਰੁਪਏ ਬਣਦੇ ਹਨ। ਸ਼੍ਰੀ ਖੋਸਾ ਭਾਰਤੀ ਮੂਲ ਦੇ ਅਮਰੀਕੀ ਹਨ ਅਤੇ ਉਨ੍ਹਾਂ ਦਾ ਸਬੰਧ ਕਸ਼ਮੀਰ ਨਾਲ ਹੈ। ਸ਼੍ਰੀ ਖੋਸਾ ਨੇ ਇਹ ਰਕਮ ਸ਼ਿਕਾਗੋ ਦੇ ਪੋਲਸਕੀ ਸੈਂਟਰ ’ਚ ਵਿਦਿਆਰਥੀ ਉਦਮੀ ਪ੍ਰੋਗਰਾਮ ਮੌਕੇ ਦਿੱਤੀ। ਇਸ ਰਕਮ ਦੀ ਵਰਤੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿਰਜਣਸ਼ੀਲਤਾ ਨੂੰ ਸਾਕਾਰ ਕਰਨ ’ਚ ਮੱਦਦ ਲਈ ਕੀਤੀ ਜਾਵੇਗੀ। ਇਹ ਰਕਮ ਦਾਨ ਕਰਨ ਸਮੇਂ ਸ਼੍ਰੀ ਖੋਸਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ। ਸ਼੍ਰੀ ਖੋਸਾ ਨੇ ਦੱਸਿਆ ਕਿ ਜਦੋਂ ਉਹ ਅਮਰੀਕਾ ਆਏ ਸਨ ਤਾਂ ਉਨ੍ਹਾਂ ਦੀ ਜੇਬ ਵਿੱਚ ਸਿਰਫ ਤਿੰਨ ਡਾਲਰ ਸਨ ਅਤੇ ਉਹ ਮੈਰੀਲੈਂਡ ਯੂਨੀਵਰਸਿਟੀ ਖੋਜ ਫੈਲੋਸ਼ਿਪ ਲਈ ਆਏ ਸਨ। ਸ਼੍ਰੀ ਖੋਸਾ ਨੂੰ ਇਹ ਫੈਲੋਸ਼ਿਪ 1970 ਵਿੱਚ ਮਿਲਿਆ ਸੀ ਅਤੇ 11 ਸਾਲ ਬਾਅਦ 1981 ਵਿੱਚ ਆਪਣੇ ਘਰ ਤੋਂ ਨਿਰਮਾਣ ਖੇਤਰ ਨਾਲ ਜੁੜੀ ਕੰਪਨੀ ਐਮਸਿਸਕੋ ਦੀ ਨੀਂਹ ਰੱਖੀ ਸੀ।
ਅੱਜ ਇਸ ਕੰਪਨੀ ਦਾ ਦਫਤਰ 55 ਹਜ਼ਾਰ ਸੁਕੇਅਰ ਫੁੱਟ ’ਚ ਹੈ। ਸ਼੍ਰੀ ਖੋਸਾ ਨੇ ਕਿਹਾ, ਮੈਂ ਨਿੱਜੀ ਤਜ਼ਰਬੇ ਨਾਲ ਜਾਣਦਾ ਹਾਂ ਕਿ ਹਰੇਕ ਵਿਅਕਤੀ ਨੂੰ ਜੀਵਨ ’ਚ ਕਦੀ ਨਾ ਕਦੀ ਮੱਦਦ ਦੀ ਜ਼ਰੂਰਤ ਹੁੰਦੀ ਹੈ। ਕੋਈ ਵੀ ਵਿਅਕਤੀ ਆਪਣੇ ਮਕਸਦ ਵਿੱਚ ਉਦੋਂ ਕਾਮਯਾਬ ਹੁੰਦਾ ਹੈ ਜਦੋਂ ਉਹ ਜਨੂੰਨ ਦੇ ਪੱਧਰ ’ਤੇ ਆਪਣੇ ਮਕਸਦ ਲਈ ਪ੍ਰਤੀਬੱਧ ਹੁੰਦਾ ਹੈ। ਸ਼੍ਰੀ ਖੋਸਾ ਨੇ ਦੱਸਿਆ ਕਿ 80 ਫੀਸਦੀ ਕੰਪਨੀਆਂ ਭਾਰੀ ਖਰਚ ਦੇ ਬਾਵਜੂਦ ਆਪਣੀ ਸ਼ੁਰੂਆਤ ਦੇ ਇਕ ਸਾਲ ਦੇ ਅੰਦਰ-ਅੰਦਰ ਬੰਦ ਹੋ ਜਾਂਦੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਸਫਲ ਹੋਣ ਲਈ ਸਿਰਫ ਪੈਸਾ ਹੀ ਜ਼ਰੂਰੀ ਨਹੀਂ ਹੈ। ਇਸੇ ਲਈ ਮੈਂ ਕੇਵਲ ਆਪਣਾ ਪੈਸਾ ਹੀ ਨਹੀਂ ਦੇਣਾ ਚਾਹੁੰਦਾ, ਬਲਕਿ ਆਪਣੇ ਜੀਵਨ ਦੇ ਅਨੁਭਵ ਵੀ ਨਵੇਂ ਉਦਮੀਆਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਸੋ ਸ਼੍ਰੀ ਖੋਸਾ ਨੇ ਆਪਣੇ ਜੀਵਨ ਤਜ਼ਰਬੇ ਵਿੱਚੋਂ ਵਿਦਿਆਰਥੀਆਂ ਨੂੰ ਕਈ ਅਹਿਮ ਸੂਤਰ ਸਾਂਝੇ ਕਰਦੇ ਹੋਏ ਕਾਮਯਾਬੀ ਦੇ ਰਾਹ ਤੁਰਨ ਲਈ ਪ੍ਰੇਰਤ ਕੀਤਾ। ਸ਼੍ਰੀ ਬੋਬ ਢਿੱਲੋਂ ਅਤੇ ਸ਼੍ਰੀ ਖੋਸਾ ਨੇ ਜਿਥੇ ਹਿੰਦੋਸਤਾਨੀਆਂ ਦੇ ਮਾਨ ਸਨਮਾਨ ਵਿੱਚ ਵਾਧਾ ਕੀਤਾ ਹੈ ਉਥੇ ਪ੍ਰਵਾਸੀ ਹਿੰਦੋਸਤਾਨੀਆਂ ਅਤੇ ਖਾਸ ਤੌਰ ’ਤੇ ਸ਼੍ਰੀ ਬੋਬ ਢਿੱਲੋਂ ਵਰਗਿਆਂ ਨੇ ਪ੍ਰਵਾਸੀ ਪੰਜਾਬੀਆਂ ਦੇ ਮਾਣ ਵਿੱਚ ਵਾਧਾ ਕੀਤਾ ਹੈ। ਦੂਜੇ ਪਾਸੇ ਅਜਿਹੇ ਦਾਨੀਆਂ ਨੇ ਵਿੱਤੀ ਸੰਕਟ ਕਾਰਨ ਬੁਰੇ ਦੌਰ ’ਚੋਂ ਗੁਜ਼ਰ ਰਹੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਇਹ ਰਾਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਸਾਬਕਾ ਵਿਦਿਆਰਥੀਆਂ ਨਾਲ ਰਾਬਤਾ ਬਣਾਉਣ ਅਤੇ ਉਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਯੂਨੀਵਰਸਿਟੀਆਂ ਨੂੰ ਮਾਲੀ ਸੰਕਟ ਵਿੱਚੋਂ ਬਾਹਰ ਕੱਢਣ ਲਈ ਮਾਲੀ ਮੱਦਦ ਕਰਨ ਲਈ ਪ੍ਰੇਰਣਾ ਦੇਣ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਪੰਜਾਬੀ ਪ੍ਰਵਾਸੀ ਆਪਣੇ ਹੱਕ ਦੀ ਕਮਾਈ ਵਿੱਚੋਂ ਦਸਵੰਧ ਕੱਢਕੇ ਪੰਜਾਬ ਦੇ ਉਚ ਵਿਦਿਆ ਦੇ ਮੰਦਰਾਂ ਨੂੰ ਦੇਣਗੇ ਅਤੇ ਸ਼੍ਰੀ ਬੋਬ ਢਿੱਲੋਂ ਅਤੇ ਸ਼੍ਰੀ ਖੋਸਾ ਦੇ ਪਦ ਚਿੰਨ੍ਹਾਂ ’ਤੇ ਚੱਲਣਗੇ।

 

Send this to a friend