ਕੀ ਵਿਆਹ ਕਰਵਾਕੇ ਖੁਸ਼ ਹੋ ਤੁਸੀਂ

ਪਿਛਲੇ ਕਈ ਮਹੀਨੇ ਤੋਂ ਮੈਂ ਗੈਰ ਰਸਮੀ ਤਰੀਕੇ ਨਾਲ ਇਕ ਸਰਵੇਖਣ ਕਰ ਰਿਹਾ ਹਾਂ। ਜਿਸ ਦੌਰਾਨ ਮੈਂ ਹਰ ਵਿਆਹੁਤੇ ਜੋੜੇ ਨੂੰ ਪੁਛਿਆ ਕਿ ਕਿਸ ਕਿਸਮ ਦੀ ਹੈ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ। ਮੁੰਡਾ-ਕੁੜੀ ਨੂੰ ਇਕੱਠਿਆਂ ਵੀ ਪੁਛਿਆ ਪਰ ਬਹੁਤੀ ਵਾਰ ਇਕੱਲੇ-ਇਕੱਲੇ ਨੂੰ। ਇਨ੍ਹਾਂ ਜੋੜਿਆਂ ਵਿੱਚ ਪ੍ਰੇਮ ਵਿਆਹ ਕਰਵਾਉਣ ਵਾਲੇ ਵੀ ਸਨ ਅਤੇ ਵਿਗਿਆਪਨਾਂ ਰਾਹੀਂ ਮਿਲੇ ਅਤੇ ਸ਼ਾਦੀ ਦੇ ਬੰਧਨ ਵਿੱਚ ਬੱਝ ਜਾਣ ਵਾਲੇ ਜੋੜੇ ਵੀ ਸਨ। ਵਿਚੋਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਕਰਵਾਏ ਰਿਸ਼ਤੇ ਵਾਲੇ ਜੋੜੇ ਵੀ ਸਨ। ਸਵਾਲ ਤਾਂ ਕਈ ਪੁੱਛੇ ਸਨ ਪਰ ਅੱਜ ਮੈਂ ਜਿਸ ਅਹਿਮ ਸਵਾਲ ਦੀ ਚਰਚਾ ਕਰ ਰਿਹਾ ਹਾਂ, ਉਹ ਸੀ ਕਿ ਕੀ ਉਹ ਵਿਆਹ ਕਰਵਾਕੇ ਖੁਸ਼ ਹਨ ਜਾਂ ਫਿਰ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਪੁਰਾਣੀ ਜ਼ਿੰਦਗੀ ਜਿਊਣ ਨੂੰ ਤਰਜੀਹ ਦੇਣਗੇ?
ਮੈਨੂੰ ਹੈਰਾਨੀ ਉਸ ਵਕਤ ਹੋਈ ਜਦੋਂ ਨਵੇਂ ਵਿਆਹੇ ਲੋਕਾਂ ਵਿੱਚੋਂ ਦਿਲੋਂ ਖੁਸ਼ੀ ਦੇ ਅਹਿਸਾਸ ਨੂੰ ਜ਼ਿੰਦਗੀ ਵਿੱਚੋਂ ਮਨਫੀ ਵੇਖਿਆ। ਕੈਨੇਡਾ ਦੀ ਇਕ ਕੁੜੀ ਦਾ ਕਹਿਣਾ ਸੀ ਕਿ ਮੇਰੀ ਮੱਤ ਮਾਰੀ ਗਈ ਸੀ ਕਿ ਮੈਂ ਵਿਆਹ ਕਰਵਾ ਲਿਆ। ਮੈਂ ਆਪਣੀ ਜ਼ਿੰਦਗੀ ਬੜੇ ਅਰਾਮ ਨਾਲ ਜਿਉ ਰਹੀ ਸੀ, ਚਾਰ ਪੈਸੇ ਵੀ ਆਪਣੇ ਮਾਪਿਆਂ ਨੂੰ ਭੇਜ ਰਹੀ ਸੀ। ਹੁਣ ਤਾਂ ਜ਼ਿੰਦਗੀ ਨਰਕ ਬਣੀ ਪਈ ਐ। ‘‘ਜਿੰਨਾਂ ਚਿਰ ਕੰਮ ’ਤੇ ਹੁੰਦੀ ਆਂ ਤਾਂ ਚੰਗੀ ਤਰ੍ਹਾਂ ਸਾਹ ਆਉਂਦੈ ਘਰ ਆ ਕੇ ਉਹੀ ਖਿੱਚ- ਖਿੱਚ। ਮੈਂ ਤਾਂ ਬੜੀ ਜਲਦੀ ਖਹਿੜਾ ਛੁਡਾ ਲੈਣਾ।’’ 32 ਵਰ੍ਹਿਆਂ ਦੀ ਇਸ ਬੀਬੀ ਦਾ ਵਿਆਹ ਹੋਏ ਨੂੰ ਅਜੇ ਛੇ ਮਹੀਨੇ ਹੀ ਬੀਤੇ ਹਨ। ਦੋ ਵਾਰ ਪੁਲਿਸ ਤੱਕ ਨੌਬਤ ਜਾ ਚੁੱਕੀ ਹੈ। ਇਹ ਇਕੱਲੀ ਕੁੜੀ ਨਹੀਂ ਮੁੰਡਾ ਵੀ ਫਸਿਆ ਮਹਿਸੂਸ ਕਰਦੈ। ‘‘ਡਰ-ਡਰ ਕੇ ਦਿਨ ਲੰਘਾ ਰਿਹੈ। ਏਨਾਂ ਸ਼ੁਕਰ ਐ ਅਜੇ ਬੱਚਾ ਨਹੀਂ ਹੋਇਆ। ਸੱਚ ਪੁਛਦੇ ਹੋ ਮੈਂ ਤਾਂ ਲੁੱਟਿਆ ਗਿਆ। ਮੇਰੇ ਦੁਖੋਂ ਮੇਰੀ ਬੁੱਢੀ ਮਾਂ ਮੰਜੇ ’ਤੇ ਪੈਗੀ।’’ ਅਜਿਹੇ ਕਿੰਨੇ ਹੀ ਕੇਸ ਮੈਨੂੰ ਕੈਨੇਡਾ ਦੀ ਧਰਤੀ ’ਤੇ ਮਿਲੇ ਜਿਥੇ ਸਾਡੇ ਪੰਜਾਬੀ ਨੌਜਵਾਨ ਵਿਆਹ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਨਿਕਲ ਰਹੇ ਹਨ। ਜ਼ਿਆਦਾ ਦੁਖ ਉਦੋਂ ਹੁੰਦਾ ਹੈ ਜਦੋਂ ਟੁੱਟ ਰਹੇ ਵਿਆਹਾਂ ਕਾਰਨ ਬੱਚੇ ਸੰਤਾਪ ਭੋਗ ਰਹੇ ਹਨ। ‘‘ਭਾਜੀ, ਮੈਨੂੰ ਉਕਾ ਹੀ ਨਹੀਂ ਪਤਾ ਸੀ ਕਿ ਇਹ ਅਜਿਹੀ ਨਿਕਲੂ। ਪੀ ਆਰ ਮਿਲੀ ਨੂੰ ਅਜੇ ਵਰ੍ਹਾ ਵੀ ਨਹੀਂ ਹੋਇਆ। ਪੂਰੇ ਰੰਗ ਵਿਖਾ ਰਹੀ ਹੈ। ਪਾਕਿਸਤਾਨੀ ਦੋਸਤਾਂ ਨਾਲ ਰਹਿ ਰਹੀ ਹੈ।’’ ਇਕ ਹੋਰ ਪ੍ਰਵਾਸੀ ਨੇ ਆਪਣਾ ਦੁੱਖ ਰੋਇਆ। ‘‘ਇਹਨੂੰ ਕਿੰਨੀ ਵਾਰ ਕਿਹਾ ਕਿ ਇਹ ਪੰਜਾਬ ਨਹੀਂ। ਇਹ ਕੈਨੇਡਾ ਐ, ਪਰ ਇਨ੍ਹਾਂ ਦੀ ਆਦਤ ਨਹੀਂ ਜਾਂਦੀ। ਹਾਰ ਕੇ ਮੈਨੂੰ ਸਬਕ ਸਿਖਾਉਣਾ ਪਿਆ। ਹੁਣ ਸਿੱਧਾ ਹੋ ਗਿਆ’’ ਮੈਂ ਕਹਿਣਾ ਚਾਹੁੰਦਾ ਸੀ ਸਿੱਧਾ ਤਾਂ ਕਰ ਲਿਆ ਪਰ ਪਿਆਰ ਕਿਥੇ ਐ।
ਇਕ ਚੰਗੇ ਰਾਜਸੀ ਪਹੁੰਚ ਰੱਖਣ ਵਾਲੇ ਪਰਿਵਾਰ ਦੀ ਮੇਰੀ ਵਿਦਿਆਰਥਣ ਇਕੱਲੀ ਆਪਣੇ ਦੋ ਬੱਚਿਆਂ ਨੂੰ ਪਾਲ ਰਹੀ ਹੈ। ਉਸ ਦਾ ਪਤੀ ਜੋ ਕਿ ਪੰਜਾਬ ਸਰਕਾਰ ਵਿੱਚ ਵੱਡਾ ਅਫਸਰ ਹੈ, ਤਲਾਕ ਦੀ ਉਡੀਕ ਕਰ ਰਿਹਾ ਹੈ। ਦੋਵੇਂ ਹੀ ਨਾ -ਖੁਸ਼ ਹਨ। ਇਕ ਚੰਗੀ ਲੇਖਿਕਾ ਅਤੇ ਸਰਕਾਰੀ ਨੌਕਰੀ ’ਤੇ ਲੱਗੀ ਹੋਈ ਸੁੰਦਰ ਕੁੜੀ ਨੂੰ ਅਦਾਲਤ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਹਨ ਕਿ ਉਹ ਛੇ ਮਹੀਨੇ ਇਕੱਠੇ ਰਹਿਕੇ ਆਪਣੇ ਪਤੀ ਨਾਲ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇ। ‘‘ਮੈਂ ਤਾਂ ਵੱਸਣ ਨੂੰ ਤਿਆਰ ਹਾਂ ਪਰ ਇਹਦੀ ਮਾਂ ਨੇ ਮੇਰਾ ਘਰ ਨਹੀਂ ਵੱਸਣ ਦੇਣਾ।’’ ਉਸ ਕੁੜੀ ਦਾ ਕਹਿਣਾ ਸੀ। ਇਹ ਨਾ ਮੇਰੀ ਇ¤ਜ਼ਤ ਕਰਦੀ ਐ ਅਤੇ ਨਾ ਹੀ ਮੇਰੀ ਮਾਂ ਦੀ। ਮੈਂ ਤਾਂ ਆਪਣੀ ਧੀ ਦੇ ਪਿਆਰ ਕਰਕੇ ਚੁੱਪ ਰਿਹਾ। ਤੁਹਾਨੂੰ ਕੀ ਦੱਸਾਂ ਸਰ, ਪਤਾ ਨਹੀਂ ਕਿਹਦੇ ਕਿਹਦੇ ਫੋਨ ਆਉਂਦੇ ਰਹਿੰਦੇ ਨੇ ਮੈਨੂੰ ਪਤਾ ਲੱਗਾ ਯੂਨੀਵਰਸਿਟੀ ’ਚ ਵੀ ਇਹਦੀ ਰੈਪੂਟੇਸ਼ਨ ਸਹੀ ਨਹੀਂ ਸੀ’’ ਉਸ ਦੇ ਪਤੀ ਦਾ ਬਿਆਨ ਸੀ। ‘‘ਵਿਆਹ ਤੋਂ ਪਹਿਲਾਂ ਅਸੀਂ ਮਿਲਕੇ ਖੁਸ਼ ਹੁੰਦੇ ਸਾਂ। ਸੋਚਦੇ ਸੀ ਕਿ ਜੇ ਸਾਡਾ ਵਿਆਹ ਹੋ ਜਾਵੇ ਤਾਂ ਸਾਡੇ ਵਰਗਾ ਕੋਈ ਖੁਸ਼ਨਸੀਬ ਨਹੀਂ ਹੋਵੇਗਾ। ਮੇਰੇ ਘਰ ਵਾਲੇ ਗੈਰ ਜਾਤ ਬਰਾਦਰੀ ਵਿੱਚ ਵਿਆਹ ਕਰਨ ਨੂੰ ਤਿਆਰ ਨਹੀਂ ਸਨ ਪਰ ਮੇਰੀ ਜ਼ਿੰਦ ਅੱਗੇ ਝੁੱਕ ਗਏ ਅਤੇ ਸਾਡਾ ਵਿਆਹ ਕਰ ਦਿੱਤਾ। ਹੁਣ ਤਾਂ ਮੈਂ ਸੋਚਦੀ ਹਾਂ ਕਿ ਇਹ ਗਲਤੀ ਮੈਂ ਕਿਉਂ ਕਰ ਬੈਠੀ। ਮਾਪਿਆਂ ਦੇ ਕੋਲ ਦੁੱਖ ਦਸ ਨਹੀਂ ਸਕਦੀ। ਆਪ ਸਹੇੜਿਆ ਦੁੱਖ ਹੈ। ਪਰ ਚਾਰਾ ਕੋਈ ਨਹੀਂ, ਸਬਰ ਕਰੀ ਬੈਠੀ ਆਂ। ਸ਼ਾਇਦ ਜ਼ਿੰਦਗੀ ਸੁਧਰ ਜਾਵੇ।’’ ਇਹ ਉਹ ਕੁੜੀ ਕਹਿ ਰਹੀ ਜਿਸ ਨੇ ਆਪਣੀ ਜ਼ਿੱਦ ਨਾਲ ਪ੍ਰੇਮ ਵਿਆਹ ਕਰਵਾਇਆ ਸੀ।
ਇਸ ਕਾਲਮ ਲਈ ਸਥਾਨ ਦੀ ਸੀਮਾ ਨੂੰ ਵੇਖਦੇ ਹੋਏ ਉਕਤ ਕੁਝ ਉਦਾਹਰਣਾਂ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਸਾਡੇ ਸਮਾਜ ਦੀ ਸਭ ਤੋਂ ਪਵਿੱਤਰ ਅਤੇ ਅਹਿਮ ਸੰਸਥਾ ਵਿਆਹ ਵੀ ਸੰਕਟ ਵਿੱਚ ਹੈ। ਇਹ ਨਹੀਂ ਕਿ ਪਹਿਲਾਂ ਤਲਾਕ ਨਹੀਂ ਹੁੰਦੇ ਸਨ ਜਾਂ ਅਜਿਹੀ ਸਮੱਸਿਆ ਨਹੀਂ ਹੁੰਦੀ ਸੀ। ਪਹਿਲਾਂ ਵੀ ਤਲਾਕ ਹੁੰਦੇ ਸਨ ਅਤੇ ਅਜਿਹੇ ਕੇਸ ਵੀ ਵੇਖਣ ਨੂੰ ਮਿਲ ਜਾਂਦੇ ਸਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ। ਹੁਣ ਵਿਆਹ ਤੋਂ ਬਾਅਦ ਦਿਲੋਂ ਖੁਸ਼ੀ ਨਾਲ ਜ਼ਿੰਦਗੀ ਬਿਤਾਉਣ ਵਾਲੇ ਜੋੜੇ ਘੱਟ ਰਹੇ ਹਨ। ਸੰਯੁਕਤ ਪਰਿਵਾਰਾਂ ਵਿੱਚ ਤਾਂ ਇਹ ਸਮੱਸਿਆ ਵੱਡੀ ਪੱਧਰ ’ਤੇ ਹੈ। ਆਧੁਨਿਕ ਪੜ੍ਹੀ ਲਿਖੀ ਕੰਮਕਾਜੀ ਔਰਤ ਸੰਯੁਕਤ ਪਰਿਵਾਰ ਵਿੱਚ ਨਹੀਂ ਰਹਿਣਾ ਚਾਹੁੰਦੀ। ਪਤੀ-ਪਤਨੀ ਦੇ ਸਬੰਧਾਂ ਵਿੱਚ ਤਣਾਓ ਅਤੇ ਤਰੇੜਾਂ ਦਾ ਕਾਰਨ ਕੁੜੀ ਜਾਂ ਮੁੰਡੇ ਦੇ ਮਾਪਿਆਂ ਦੀ ਦਖਲਅੰਦਾਜ਼ੀ ਵੀ ਹੋ ਸਕਦੀ ਹੈ। ਪਤੀ-ਪਤਨੀ ਦੀ ਹਾਊਮੈ ਵੀ ਇਹ ਕਾਰਨ ਬਣ ਸਕਦੀ ਹੈ। ਦਾਜ ਅਤੇ ਹੋਰ ਆਰਥਿਕ ਕਾਰਨ ਵੀ ਹੋ ਸਕਦੇ ਹਨ। ਇਕ ਦੂਜੇ ਉ¤ਤੇ ਵਿਸ਼ਵਾਸ ਦੀ ਕਮੀ ਵੀ ਹੋ ਸਕਦੀ ਹੈ। ਸ਼ੱਕ ਦਾ ਕੀੜਾ ਵੀ ਸਬੰਧਾਂ ਨੂੰ ਖਾ ਸਕਦਾ ਹੈ। ਦੋਵਾਂ ਜੀਆਂ ਦੀ ਅਕਾਂਖਿਆ ਵੀ ਸਬੰਧਾਂ ਵਿੱਚ ਤਣਾਉ ਪੈਦਾ ਕਰ ਸਕਦੀ ਹੈ।
ਪਤੀ-ਪਤਨੀ ਸਬੰਧਾਂ ਬਾਰੇ ਗੰਭੀਰ ਵਿਚਾਰ ਚਰਚਾ ਕਰਕੇ ਨਵੀਂ ਪੀੜ੍ਹੀ ਨੂੰ ਅਗਵਾਈ ਦੇਣ ਦੀ ਲੋੜ ਹੈ। ਵਿਆਹੁਤਾ ਜ਼ਿੰਦਗੀ ਦੀ ਗੋਲਡਨ ਅਤੇ ਸਿਲਵਰ ਜੁਬਲੀ ਮਨਾਉਣ ਵਾਲਿਆਂ ਨੂੰ ਸਮਾਜ ਵੱਲੋਂ ਸਨਮਾਨਿਤ ਕਰਨ ਦੀ ਪਿਰਤ ਪੈਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਉਨ੍ਹਾਂ ਤੋਂ ਪ੍ਰੇਰਿਤ ਹੋ ਸਕਣ।

Send this to a friend