ਤੁਰ ਗਿਆ ਭੌਤਿਕ ਵਿਗਿਆਨ ਦੀ ਦੁਨੀਆਂ ਦਾ ਹਸਤਾਖ਼ਰ ਸਟੀਫਨ ਹਾਕਿੰਗ

ਪੂਰੀ ਦੁਨੀਆਂ ਨੂੰ ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਸਮਝਾਉਣ ਵਾਲਾ ਅਤੇ ਰੱਬ ਦਾ ਭੇਤ ਖੋਲਣ ਵਾਲਾ ਵਿਗਿਆਨ ਦੀ ਦੁਨੀਆਂ ਦਾ ਸੈਲੀਬ੍ਰਿਟੀ ਮਹਾਨ ਸਿਧਾਂਤਕ ਭੌਤਿਕ ਵਿਗਿਆਨੀ ਰੱਬ ਨੂੰ ਪਿਆਰਾ ਹੋ ਗਿਆ। ਸਟੀਫਨ ਦਾ ਪੂਰਾ ਨਾਮ ਸਟੀਫਨ ਵਿਲੀਅਮ ਹਾਕਿੰਗ ਸੀ। ਉਸਦਾ ਜਨਮ ਮਹਾਨ ਵਿਗਿਆਨੀ ਗਲੀਲੀਓ ਦੀ 300 ਵੀਂ ਬਰਸੀ ਵਾਲੇ ਦਿਨ 8 ਜਨਵਰੀ 1942 ਨੂੰ ਬਰਤਾਨੀਆ ਦੇ ਆਕਸਫੋਡ ’ਚ ਫ੍ਰੇਂਕ ਅਤੇ ਈਸਾਬੇਲ ਦੇ ਘਰ ਹੋਇਆ। ਵਿਗਿਆਨ ਦੀ ਦੁਨੀਆਂ ਦੇ ਇਸ ਮਹਾਨ ਸਿਧਾਂਤਕ ਭੌਤਿਕ ਵਿਗਿਆਨੀ ਨੇ ਬ੍ਰਹਿਮੰਡ ਦੇ ਅਨੇਕ ਰਹੱਸਾਂ ਦੇ ਭੇਤ ਖੋਲ੍ਹੇ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸਟੀਫਨ ਹਾਕਿੰਗ ਵਿਗਿਆਨ ਦੀ ਦੁਨੀਆਂ ਦਾ ਸੈਲੀਬ੍ਰਿਟੀ ਸੀ।
1963 ਵਿਚ ਸਿਰਫ 21 ਸਾਲਾਂ ਦੀ ਉਮਰ ਵਿਚ ਹੀ ਹਾਕਿੰਗ ਸਾਂਹ ਦੀ ਬਿਮਾਰੀ ਨੇ ਜਕੜ ਲਿਆ ਅਤੇ ਫਿਰ ਲਕਵੇ ਦਾ ਮਰੀਜ ਹੋਣ ਦੇ ਬਾਵਜੂਦ ਵੀ ਉਸਨੇ ਜਿੰਦਗੀ ਤੋਂ ਹਾਰ ਨਹੀਂ ਮੰਨੀ। ਦੁਨੀਆਂ ਤੇ ਸਭ ਤੋਂ ਅਨੋਖੀ ਘਟਨਾ ਇਹ ਘਟੀ ਕਿ ਡਾਕਟਰਾਂ ਨੇ ਵੀ ਉਸਦੇ ਜਿਉਂਦੇ ਰਹਿਣ ਦੀ ਉਮਰ ਵੀ ਕੁਝ ਕੁ ਸਾਲ ਹੀ ਦੱਸੀ ਪਰੰਤੂ ਇਹ ਸਖਸ ਜੀਵਨ ਦੇ 76 ਵਰੇ ਜਿਉਂਦਾ ਰਿਹਾ। ਭਾਵੇਂ ਹੌਲੀ-ਹੌਲੀ ਦਿਮਾਂਗ ਨੂੰ ਛੱਡ ਕੇ ਉਨ੍ਹਾਂ ਦੇ ਸਰੀਰ ਦਾ ਕੋਈ ਵੀ ਅੰਗ ਕੰਮ ਨਹੀਂ ਸੀ ਕਰਦਾ ਪਰੰਤੂ ਉਨ੍ਹਾਂ ਜਿੰਦਗੀ ਦੀ ਹਾਰ ਨਾ ਮੰਨਦੇ ਹੋਏ ਆਪਣੀ ਪੜਾਈ ਚਾਲੂ ਰੱਖੀ। ਮਹਾਨ ਵਿਗਿਆਨੀ ਆਈਸਟਾਈਨ ਦੇ ਬਾਅਦ ਉਹ ਹੀ ਸਭ ਤੋਂ ਵੱਡੇ ਸਿਧਾਂਤਕ ਉਚਕੋਟੀ ਦੇ ਵਿਗਿਆਨੀ ਸਨ। ਬਚਪਨ ਦੀ ਉਮਰੇ ਸੈਂਟਅਲਬੈਂਸ ਸਕੂਲ ਵਿਚ ਪੜਾਈ ਸ਼ੁਰੂ ਕਰਕੇ ਯੂਨੀਵਰਸਿਟੀ ਕਾਲਜ ਆਕਸਫੋਡ ਤੋਂ ਉਚ ਵਿੱਦਿਆ ਹਾਸਲ ਕਰਕੇ, ਗਣਿਤ ਵਿਚ ਵਿਚ ਰੁਚੀ ਹੋਣ ਦੇ ਬਾਵਜੂਦ ਵੀ, ਕਾਲਜ ਵਿਚ ਗਣਿਤ ਦਾ ਵਿਸ਼ਾ ਨਾ ਹੋਣ ਕਾਰਨ ਭੌਤਿਕ ਦੀ ਪੜਾਈ ਕੀਤੀ। ਉਨ੍ਹਾਂ ਕੋਲ 12 ਅਨਰੇਰੀ ਡਿਗਰੀਆਂ ਸਨ। ਉਨ੍ਹਾਂ ਪੂਰੀ ਦੁਨੀਆਂ ਨੂੰ ਹੈਰਾਨ ਕਰਦਿਆਂ ਇਹ ਸਾਬਿਤ ਕਰ ਦਿੱਤਾ ਕਿ ਸਰੀਰ ਭਾਵੇਂ ਤੰਦਰੁਸਤ ਨਾ ਹੀ ਹੋਵੇ ਪਰੰਤੂ ਜੇਕਰ ਇੱਛਾ ਸ਼ਕਤੀ ਮਜਬੂਤ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ। ਉਨ੍ਹਾਂ ਦੇ ਧੀਰਜ ਅਤੇ ਦ੍ਰਿੜਤਾ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਵਿਚ ਅਨੋਖਾ ਯੋਗਦਾਨ ਪਾਇਆ ਜੋ ਵਿਗਿਆਨ ਦੀ ਦੁਨੀਆਂ ਨਾਲ ਸਬੰਧ ਰੱਖਣ ਵਾਲੇ ਹਰ ਇਕ ਸਖਸ ਨੂੰ ਰਹਿੰਦੀ ਦੁਨੀਆਂ ਤੱਕ ਚੇਤੇ ਰਹੇਗਾ। ਕਈ ਪੁਰਸਕਾਰਾਂ ਨਾਲ ਸਨਮਾਨਿਤ ਹਾਂਕਿੰਗ ਨੂੰ ਭਾਵੇਂ ਨੋਬਲ ਪੁਰਸਕਾਰ ਮਿਲਿਆ ਜਾਂ ਨਾ ਮਿਲਿਆ ਪਰ ਅਮਰੀਕੀ ਨਾਗਰਿਕ ਨਾ ਹੋਣ ਤੇ ਵੀ ਉਨ੍ਹਾਂ ਦੁਆਰਾ ਕੀਤੇ ਕੰਮਾਂ ਨੂੰ ਦੇਖਦਿਆਂ 2009 ਵਿਚ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਅਮਰੀਕਾ ਦਾ ਸਰਬਉਚ ਨਾਗਰਿਕ ‘‘ਪ੍ਰੈਜੀਡੈਂਸੀਅਲ ਮੈਡਲ ਆਫ ਫਰੀਡਮ’’ ਨਾਲ ਸਨਮਾਨਿਤ ਕੀਤਾ। ਦੁਨੀਆਂ ਭਰ ਨੂੰ ਹੈਰਾਨ ਕਰਨ ਵਾਲੇ ਇਸ ਵਿਗਿਆਨੀ ਨੇ ਬ੍ਰਹਿਮੰਡ ਦੇ ਵਿਕਾਸ ਬਾਰੇ ਬਿੱਗ ਬੈਂਗ ਸਿਧਾਂਤ, ਪ੍ਰਕਾਸ ਸ਼ੰਕੂ, ਬਲੈਕ ਹੋਲ ਬਾਰੇ ’ਚ ਖੋਜਾਂ ਕਰਨ ਦੇ ਨਾਲ ਨਾਲ ਆਪਣੇ ਖਾਸ ਸਿਧਾਂਤਾ ਹਾਕਿੰਗ, ਗਿਬਸਨ, ਹਾਕਿੰਗ ਸਪੇਸ ਤੇ ਗਿਬਸਨ, ਹਾਕਿਗ ਐਨੇਰਜੀ, ਸਪੇਸ ਸਿਧਾਂਤ, ਹਾਕਿੰਗ ਰੈਡੀਏਸ਼ਨ, ਪੇਨਰੋਜ ਹਾਕਿੰਗ ਥਿਓਰਮਸ, ਬੀਕੇਸਟਿਨ ਹਾਕਿੰਗ ਫਾਰਮੂਲਾ ਦਿੱਤਾ। ਕਈ ਕਿਤਾਬਾਂ ਲਿਖਣ ਵਾਲੇ ਪ੍ਰੋਫੈਸਰ ਸਟਿਫਨ ਹਾਕਿੰਗ ਇਕ ਮਹਾਨ ਵਿਗਿਆਨੀ ਦੇ ਨਾਲ ਨਾਲ ਲੇਖਕ ਵੀ ਸਨ।
ਉਨ੍ਹਾਂ ‘ਦ ਗਰੈਂਡ ਡਿਜਾਈਨ’ ਕਿਤਾਬ ਵਿਚ ਲਿਖਿਆ ਕਿ ਬ੍ਰਹਿਮੰਡ ਦੀ ਉਤਪਤੀ ਆਪਣੇ ਆਪ ਵਿਚ ਘਟੀ ਇਕ ਘਟਨਾ ਹੀ ਸੀ, ਇਸ ਵਿਚ ਕੋਈ ਰੱਬ ਦੀ ਭੂਮਿਕਾ ਨਹੀਂ ਹੈ। ਉਨ੍ਹਾਂ ਦੀ ਕਿਤਾਬ ‘ਏ ਬ੍ਰੀਫ ਹਿਸਟਰੀ ਆਫ ਟਾਈਮ’ ਹੁਣ ਤੱਕ ਇਕ ਕਰੋੜ ਦੀ ਗਿਣਤੀ ਵਿਚ ਵਿਕ ਚੁੱਕੀ ਹੈ। ਭਾਵੇਂ ਸਟਿਫਨ ਹਾਕਿੰਗ ਦੇ ਤੁਰ ਜਾਣ ਨਾਲ ਵਿਗਿਆਨ ਦੀ ਦੁਨੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਪਰੰਤੂ ਉਹ ਰਹਿੰਦੀ ਦੁਨੀਆਂ ਤੱਕ ਵਿਗਿਆਨ ਨਾਲ ਸਬੰਧ ਰੱਖਣ ਵਾਲੇ ਹਰ ਸਖਸ ਲਈ ਪ੍ਰੇਰਨਾ ਦਿੰਦਾ ਰਹੇਗਾ।

Send this to a friend