ਕਾਹਨੂੰਵਾਨ, 18 ਮਾਰਚ (ਡਾ.ਜਸਪਾਲ ਸਿੰਘ ਭਿਟੇਵਡ)- ਰਾਜਨੀਤੀ ਵਿਚ ਨਾ ਤਾਂ ਕੋਈ ਕਿਸੇ ਦਾ ਪਕਾ ਦੁਸ਼ਮਣ ਹੈ ਅਤੇ ਨਾ ਹੀ ਪਕਾ ਦੋਸਤ ਹੁੰਦਾ ਹੈ। ਇਥੇ ਉਤਰ ਕਾਂਟੋ ਮੈਂ ਚੜਾਂ ਦਾ ਨਿਤ ਨਵਾਂ ਖੇਲ ਚਲਦਾ ਰਹਿੰਦਾ ਹੈ। ਜਿਸਦਾ ਰੌਲਾ ਵੀ ਆਪਣੇ ਵਖਰੇ ਅੰਦਾਜ਼ ਚ ਹੁੰਦਾ ਹੈ । ਪਰ ਹੁਣ ਸੋਸ਼ਲ ਮੀਡੀਏ ਦੇ ਯੁਗ ‘ਚ ਰਾਜਨੀਤਕ ਸਰਗਰਮੀਆਂ ਦਾ ਰੰਗ ਵੀ ਆਪਣੀ ਅਤ ਸੀਮਾ ਤਕ ਹੈ। ਪਰ ਕਈ ਵਾਰ ਬੇਬੁਨਿਆਦ ਸਰਗਰਮੀਆਂ ਵੀ ਆਮ ਲੋਕਾਂ ਅਤੇ ਸਿਆਸੀ ਲੋਕਾਂ ਲਈ ਅਵਾਜ਼ਾਰੀ ਦਾ ਸਬਬ ਬਣ ਜਾਂਦੀਆਂ ਹਨ। ਅਜ ਸੋਸ਼ਲ ਮੀਡੀਆ ਤੇ ਮੁਖ ਮੰਤਰੀ ਦਿਲੀ ਸਰਕਾਰ ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁਖ ਮੰਤਰੀ ਪੰਜਾਬ ਅਤੇ ਪਰਮਿੰਦਰ ਸਿੰਘ ਢੀਂਡਸਾ ਅਤੇ ਮਨੀਸ਼ ਸਿਸੋਦੀਆ ਦੀ ਤਸਵੀਰ ਹਨੇਰੀ ਵਾਂਗ ਵਾਇਰਲ ਹੋ ਰਹੀ ਇਹ ਤਸਵੀਰ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਗਰੁਪਾਂ ਤੋਂ ਇਲਾਵਾ ਮੀਡੀਆ ਦੀ ਚੇਟਕ ਰਖਣ ਵਾਲੇ ਗਰੁਪਾਂ ਚ ਵੀ ਪੂਰੀ ਤਰਾਂ ਵਾਇਰਲ ਹੋਈ। ਇਸ ਤਸਵੀਰ ਨੂੰ ਡੂੰਘਾਈ ਚ ਵਾਚਣ ਤੋਂ ਬਿਨ੍ਹਾਂ ਹੀ ਆਮ ਲੋਕ ਕਈ ਤਰਾਂ ਦੀਆਂ ਸਿਆਸੀ ਕਿਆਸ ਅਰਾਈਆਂ ਲਗਾਉਣ ਤੋਂ ਇਲਾਵਾ ਆਪਸ ਚ ਚੁੰਝ ਚਰਚਾ ਚ ਮਸਰੂਫ ਨਜ਼ਰ ਆਏ । ਦਰਅਸਲ ਇਹ ਤਸਵੀਰ ਅਕਾਲੀ ਸਰਕਾਰ ਵੇਲੇ ਉਪ ਮੁਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਅਤੇ ਕੇਜਰੀਵਾਲ ਦੀ ਦਿਲੀ ਚ ਕਈ ਸੂਬਿਆਂ ਦੀਆਂ ਵਜ਼ਾਰਤਾਂ ਦਰਮਿਆਨ ਹੋਈ ਰਸਮੀ ਮੀਟਿੰਗ ਦੀ ਹੈ।ਜਿਸ ਸਮੇਂ ਪਰਮਿੰਦਰ ਢੀਂਡਸਾ ਵਿਤ ਮੰਤਰੀ ਪੰਜਾਬ ਸਨ। ਇਸ ਤਸਵੀਰ ਚ ਨਜ਼ਰ ਆਉਣ ਵਾਲੇ ਆਗੂਆਂ ਦੀ ਉਸ ਸਮੇਂ ਦੇ ਸਰਕਾਰੀ ਰੁਤਬੇ ਦਰਸਾਉਂਦੀਆਂ ਪਲੇਟਾਂ ਵੀ ਅਗੇ ਰਖੀਆਂ ਹੋਈਆਂ ਹਨ।
ਕੇਜਰੀਵਾਲ ਵਲੋਂ ਹੁਣੇ ਹੁਣੇ ਮਜੀਠੀਆ ਨੂੰ ਨਿਰਦੋਸ਼ ਦਸਣ ਦੇ ਐਲਾਨ ਪਿਛੋਂ ਸਿਆਸੀ ਸਫ਼ਾਂ ਚ ਪਹਿਲਾਂ ਹੀ ਭੁਚਾਲ ਆਇਆ ਹੋਇਆ ਹੈ। ਪਰ ਆਮ ਜਨਤਾ ਇਸ ਸਚਾਈ ਨੂੰ ਵਾਚਣ ਤੋਂ ਬਿਨ੍ਹਾਂ ਹੀ ਇਹਨਾਂ ਸਿਆਸੀ ਲੀਡਰਾਂ ਨੂੰ ਕੋਸਣ ਤੋਂ ਇਲਾਵਾ ਸਿਆਸੀ ਚਟਖਰੇ ਵੀ ਲੈਂਦੀ ਨਜ਼ਰ ਆਈ।