May 21, 2026 5:02 am

ਲਹਿੰਦੇ ਪੰਜਾਬ ’ਚ ਪੰਜਾਬੀ ਨੂੰ ਕੌਮੀ ਜ਼ੁਬਾਨ ਦਾ ਦਰਜਾ

ਗੁਆਂਢੀ ਦੇਸ਼ ਪਾਕਿਸਤਾਨ ਤੋਂ ਪੰਜਾਬੀਆਂ ਲਈ ਇਕ ਚੰਗੀ ਖ਼ਬਰ ਆਈ ਹੈ। ਪਾਕਿਸਤਾਨ ਦੀ ਕਾਨੂੰਨ ਤੇ ਨਿਆਂ ਸੈਨੇਟ ਸਟੈਂਡਿੰਗ ਕਮੇਟੀ ਵਲੋਂ ਸਿੰਧੀ, ਬਲੋਚੀ, ਪਸ਼ਤੋ ਸਮੇਤ ਪੰਜਾਬੀ ਨੂੰ ਕੌਮੀ ਜ਼ੁਬਾਨ ਕਰਾਰ ਦੇਣ ਲਈ ਬਿਲ ਪਾਸ ਕੀਤਾ ਗਿਆ ਹੈ। ਮਾਂ-ਬੋਲੀ ਪੰਜਾਬੀ ਨੂੰ ਕੌਮੀ ਜ਼ੁਬਾਨ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਸੂਬਾ ਲਹਿੰਦਾ ਪੰਜਾਬ ਦੇ ਸਕੂਲਾਂ ’ਚ ਨਰਸਰੀ ਜਮਾਤ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਤਕ ਪੰਜਾਬੀ ਨੂੰ ਮਾਧਿਅਮ ਦੇ ਤੌਰ ’ਤੇ ਲਾਗੂ ਕੀਤਾ ਜਾ ਸਕੇਗਾ। ਇਸ ਨਾਲ ਪੰਜਾਬ ਅਸੈਂਬਲੀ ’ਚ ਪੰਜਾਬੀ ਬੋਲਣ ’ਤੇ ਲਗਾਈ ਗਈ ਪਾਬੰਦੀ ਵੀ ਖ਼ਤਮ ਹੋਣ ਦੀ ਸੰਭਾਵਨਾ ਹੈ। ਲਹਿੰਦੇ ਪੰਜਾਬ ਵਿੱਚ ਸਕੂਲੀ ਪੰਜਾਬੀ ਪੁਸਤਕਾਂ ’ਚ ਬਾਬਾ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸ਼ੇਖ਼ ਫ਼ਰੀਦ, ਵਾਰਿਸ ਸ਼ਾਹ ਆਦਿ ਦੇ ਪੰਜਾਬੀ ਕਲਾਮ ਸ਼ਾਮਿਲ ਕਰਨ ਦੀ ਮੰਗ ਵੀ ਉਠ ਰਹੀ ਹੈ। ਬੇਸ਼ਕ ਇਸ ਸਮੇਂ ਪਾਕਿਸਤਾਨ ਵਿੱਚ ਪੰਜਾਬੀ ਦਾ ਭਾਰਤ ਵਰਗਾ ਹੀ ਹਾਲ ਹੈ। ਸਰਕਾਰੇ-ਦਰਬਾਰੇ ਪੰਜਾਬੀ ਨੂੰ ਕੋਈ ਮਾਣ ਨਹੀਂ ਮਿਲ ਰਿਹਾ। 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਫਾਰਸੀ ਉਰਦੂ ਨੂੰ ਕੌਮੀ ਜ਼ੁਬਾਨ ਬਣਾ ਦਿੱਤਾ ਗਿਆ। ਬੇਸ਼ਕ ਪਾਕਿਸਤਾਨ ਪੰਜਾਬ ਦੇ ਲੋਕ ਹਾਲੇ ਵੀ ਪੰਜਾਬੀ ਬੋਲਦੇ ਹਨ ਪ੍ਰੰਤੂ ਉਹ ਪੰਜਾਬੀ ਨੂੰ ਲਿਖਣ ਲਈ ਸ਼ਾਹਮੁਖੀ ਲਿਪੀ ਦੀ ਵਰਤੋਂ ਕਰਦੇ ਹਨ। ਭਾਰਤੀ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ। ਦੋਵੇਂ ਪਾਸੇ ਪੰਜਾਬੀ ਦੀ ਵੱਖ-ਵੱਖ ਲਿਪੀ ਹੋਣ ਕਾਰਨ ਦੋਨਾਂ ਖੇਤਰਾਂ ਦੇ ਪੰਜਾਬੀਆਂ ਦਰਮਿਆਨ ਇਕ ਲਕੀਰ ਖਿੱਚੀ ਗਈ ਹੈ। ਇਸ ਨਾਲ ਦੋਵੇਂ ਪਾਸੇ ਦੇ ਪੰਜਾਬੀਆਂ ਦਰਮਿਆਨ ਸੰਚਾਰ ਪ੍ਰਭਾਵਿਤ ਹੋਇਆ ਹੈ। ਸਥਾਨਕ ਭਾਸ਼ਾਵਾਂ ਬਾਰੇ ਇਕ ਸਰਕਾਰੀ ਰਿਪੋਰਟ ਮੁਤਾਬਿਕ ਪਾਕਿਸਤਾਨ ਦੀ ਕੁਲ ਆਬਾਦੀ ’ਚ 7.57 ਫ਼ੀਸਦੀ ਲੋਕ ਉਰਦੂ, 44.15 ਫ਼ੀਸਦੀ ਪੰਜਾਬੀ, 14.1 ਫ਼ੀਸਦੀ ਸਿੰਧੀ, 15.42 ਫ਼ੀਸਦੀ ਪਸ਼ਤੋ, 3.57 ਫ਼ੀਸਦੀ ਬਲੋਚੀ, 10.53 ਫ਼ੀਸਦੀ ਸਰਾਇਕੀ ਅਤੇ 4.66 ਫ਼ੀਸਦੀ ਲੋਕ ਹੋਰ ਸਥਾਨਕ ਭਾਸ਼ਾਵਾਂ ਬੋਲਦੇ ਹਨ। ਲਹਿੰਦੇ ਪੰਜਾਬ ’ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 75.23 ਫ਼ੀਸਦੀ ਹੈ। 4.51 ਫ਼ੀਸਦੀ ਪੰਜਾਬੀ ਉਰਦੂ, 0.13 ਫ਼ੀਸਦੀ ਪੰਜਾਬੀ ਸਿੰਧੀ, 1.16 ਫ਼ੀਸਦੀ ਪੰਜਾਬੀ ਪਸ਼ਤੋ, 0.66 ਫ਼ੀਸਦੀ ਪੰਜਾਬੀ ਬਲੋਚੀ, 17.36 ਫ਼ੀਸਦੀ ਪੰਜਾਬੀ ਸਰਾਇਕੀ ਤੇ 0.95 ਫ਼ੀਸਦੀ ਪੰਜਾਬੀ ਹੋਰ ਭਾਸ਼ਾਵਾਂ ਬੋਲਦੇ ਹਨ। ਪੰਜਾਬੀ ਬੋਲਣ ਵਾਲਿਆਂ ਦੀ ਦੋ ਤਿਹਾਈ ਆਬਾਦੀ ਦੇ ਬਾਵਜੂਦ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਅਜੇ ਤਕ ਪ੍ਰਮੁਖ ਭਾਸ਼ਾ ਦਾ ਸਥਾਨ ਨਹੀਂ ਦਿਤਾ ਜਾ ਸਕਿਆ। ਲਹਿੰਦੇ ਪੰਜਾਬ ’ਚ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਪ੍ਰਚਾਰ ਸੰਸਥਾ ਸਮੇਤ ਪੰਜਾਬੀ ਖੋਜਗੜ੍ਹ ਲਲਿਆਣੀ, ਲੁਕਾਈ ਪੰਜਾਬ, ਪੰਜਾਬੀ ਸਾਂਝ ਸੰਗਤ, ਪੰਜਾਬੀ ਅਦਬੀ ਸੰਗਤ, ਪੰਜਾਬੀ ਅਦਬੀ ਬੋਰਡ, ਦਿਲ ਦਰਿਆ ਪਾਕਿਸਤਾਨ, ਕੁਕਨਸ ਲਾਇਲਪੁਰ, ਪੰਜਾਬੀ ਗਰੁਪ, ਪੰਜਾਬ ਲੋਕ ਲਹਿਰ ਤੇ ਪੰਜਾਬ ਸੋਸ਼ਲ ਮੂਵਮੈਂਟ ਵਰਗੀਆਂ ਲੋਕ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਭਾਰਤੀ ਪੰਜਾਬ ਦੀ ਤਰ੍ਹਾਂ ਪਾਕਿਸਤਾਨੀ ਪੰਜਾਬ ਵਿੱਚ ਵੀ ਪੰਜਾਬੀ ਲਈ ਇਕ ਮੁਹਿੰਮ ਛਿੱੜੀ ਹੋਈ ਹੈ। ਇਸ ਮੁਹਿੰਮ ਦਾ ਹੀ ਅਸਰ ਹੈ ਕਿ ਪੰਜਾਬੀ ਨੂੰ ਹੁਣ ਕੌਮੀ ਜ਼ੁਬਾਨ ਵਜੋਂ ਮਾਨਤਾ ਮਿਲਣ ਜਾ ਰਹੀ ਹੈ। ਇਸ ਦਾ ਪੰਜਾਬੀ ਦੀ ਸਥਿਤੀ ਉਪਰ ਡੂੰਘਾ ਅਸਰ ਪਵੇਗਾ। ਸਾਰੇ ਸੰਸਾਰ ਵਿੱਚ ਵਸੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਪੰਜਾਬੀ ਨਾਲ ਹੋ ਰਹੀ ਬੇਇਨਸਾਫੀ ਨੂੰ ਦੂਰ ਕਰਵਾਉਣ ਲਈ ਪੰਜਾਬੀਆਂ ਦੀ ਏਕਤਾ ਹੀ ਇਕ ਜ਼ਰੀਆ ਹੈ।
– ਬਲਜੀਤ ਸਿੰਘ ਬਰਾੜ

Send this to a friend