ਬੀਤੇ ਦਿਨੀਂ ਜਿਸਤਰ੍ਹਾਂ ਭਾਰਤੀ ਬੈਂਕਾਂ ਦੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ਦਾਰਾਂ ਵਲੋਂ ‘ਭਾਰਤ ਛੱਡੋ’ ਦੀ ਨੀਤੀ ਅਧੀਨ ਦੇਸ਼ ਛੱਡ ਵਿਦੇਸ਼ਾਂ ਵਲ ਭਜਣ ਦੀਆਂ ਖਬਰਾਂ ਮੋਟੀਆਂ ਸੁਰਖੀਆਂ ਨਾਲ ਮੀਡੀਆ ਦਾ ਸ਼ਿੰਘਾਰ ਬਣਦੀਆਂ ਰਹੀਆਂ, ਉਸ ਨਾਲ ਨਾ ਕੇਵਲ ਭਾਰਤੀ ਬੈਂਕ ਪ੍ਰਣਾਲੀ ਦੀ ਸਾਖ ਨੂੰ ਵੱਡਾ ਧੱਕਾ ਵਜਾ ਹੈ, ਸਗੋਂ ਲੋਕਾਂ ਦੀ ਉਨ੍ਹਾਂ ਪ੍ਰਤੀ ਭਰੋਸੇਯੋਗਤਾ ਵੀ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੀ। ਇਸ ਸਥਿਤੀ ਦਾ ਜਿਥੇ ਕਾਰਟੂਨਿਸਟਾਂ ਨੇ ਆਪਣੇ ਕਾਰਟੂਨਾਂ ਰਾਹੀਂ ਮੌਜੂ ਬਣਾਇਆ ਉਥੇ ਹੀ ਵਿਅੰਗਕਾਰਾਂ ਨੇ ਵੀ ਇਸ ਸਥਿਤੀ ਪੁਰ ਆਪਣੇ ਵਿਅੰਗ-ਬਾਣ ਚਲਾਣ ਪਖੋਂ ਕੋਈ ਕਸਰ ਨਹੀਂ ਛੱਡੀ। ਇੱਕ ਪ੍ਰਮੁਖ ਵਿਅੰਗਕਾਰ ਰਾਜੇਂਦਰ ਨੇ ‘ਮੈਂ, ਮੇਰੇ ਪੈਸੇ ਅਤੇ ਮੇਰਾ ਬੈਂਕ’ ਦੇ ਹੈਡਿੰਗ ਹੇਠ ਲਿਖਿਆ ਕਿ ਮੈਂ ਵੀ ਉਨ੍ਹਾਂ ਹੀ ਲੋਕਾਂ ਵਿਚੋਂ ਹਾਂ, ਜਿਨ੍ਹਾਂ ਨੂੰ ਬੈਂਕ ਵਿਚੋਂ ਆਪਣਾ ਪੈਸਾ ਕਢ ਲਿਆਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਪਹਿਲਾਂ ਤਾਂ ਬੈਂਕ ਵਿਚੋਂ ਆਪਣਾ ਹੀ ਪੈਸਾ ਕਢਵਾਉਣਾ ਉਂਜ ਹੀ ਬਹੁਤ ਮੁਸ਼ਕਲ ਕੰਮ ਹੁੰਦਾ ਸੀ। ਪਹਿਲਾ ਸੰਕਟ ਤਾਂ ਇਹ ਹੁੰਦਾ ਸੀ ਕਿ ਪਤਾ ਨਹੀਂ ਕਿਉਂ ਆਪਣੇ ਅਗੇ ਖਲੌਤੇ ਕੁਝ ਲੋਕੀ ਦੇਰ ਤਕ ਕਾਉਂਟਰ ਪੁਰ ਖੜੇ ਰਹਿੰਦੇ ਸਨ। ਬਾਅਦ ਵਿੱਚ ਮੈਂਨੂੰ ਕੁਝ ਲੋਕਾਂ ਦਸਿਆ ਕਿ ਅਜਿਹਾ ਹੁੰਦਾ ਨਹੀਂ, ਸਗੋਂ ਸਾਨੂੰ ਲਗਦਾ ਹੈ ਕਿ ਸਾਡੇ ਤੋਂ ਅਗੇ ਵਾਲੇ ਲੋਕੀ ਬਹੁਤ ਵਕਤ ਲਾ ਰਹੇ ਹਨ। ਪਰ ਮੈਂਨੂ ਸ਼ਕ ਹੈ ਕਿ ਬੈਂਕ ਵਾਲੇ ਮੇਰੇ ਆਉਣ ਤੋਂ ਪਹਿਲਾਂ ਹੀ ਜਾਣ-ਪਛਾਣ ਵਾਲਿਆਂ ਨੂੰ ਬੁਲਾ ਲੈਂਦੇ ਹੋਣਗੇ ਕਿ ‘ਉਹ’ ਆਉਣ ਵਾਲਾ ਹੈ, ਜਲਦੀ ਨਾਲ ਲਾਈਨ ਵਿੱਚ ਖੜੇ ਹੋ ਜਾਉ। ਆਮ ਤੋਰ ਤੇ ਇਸ ਤਰ੍ਹਾਂ ਵਾਰੀ ਆਉਣ ਤਕ ਜਾਂ ਤਾਂ ਲੰਚ ਹੋ ਜਾਂਦਾ ਸੀ ਜਾਂ ਫਿਰ ਮੇਰੇ ਦਸਤਖਤ ਮੇਰੇ ਆਪਣੇ ਹੀ ਦਸਤਖਤਾਂ ਨਾਲ ਮੇਲ ਨਹੀਂ ਸੀ ਖਾਂਦੇ। ਇਸਤਰ੍ਹਾਂ ਕਦੀ-ਕਦੀ ਤਾਂ ਇਉਂ ਲਗਦਾ ਕਿ ਕੋਈ ਜਾਅਲੀ ਦਸਤਖਤ ਕਰਨ ਵਾਲਾ ਮਿਲ ਜਾਏ, ਤਾਂ ਮੈਂ ਉਸ ਪਾਸੋਂ ਆਪਣੇ ਦਸਤਖਤ ਕਰਵਾ ਲਵਾਂ ਜਾਂ ਫਿਰ ਉੁਸ ਪਾਸੋਂ ਆਪਣੇ ਦਸਤਖਤ ਕਰਨੇ ਸਿਖ ਲਵਾਂ। ਹੁਣ ਤਾਂ ਏਟੀਐਮ ਦਾ ਜ਼ਮਾਨਾ ਆ ਗਿਐ, ਫਿਰ ਵੀ ਮੇਰਾ ਸੁਭਾਅ ਬਿਲਕੁਲ ਹੀ ਨਹੀਂ ਬਦਲਿਆ। ਹੁਣ ਵੀ ਮੈਂਨੂੰ ਲਗਦਾ ਹੈ ਕਿ ਏਟੀਐਮ ਮੈਂਨੂੰ ਕਿਥੋਂ-ਕਿਥੋਂ ਤੇ ਕਿਹੋ-ਕਿਹੋ ਜਿਹੇ ਲੋਕਾਂ ਵਾਲੀ ਨਜ਼ਰ ਨਾਲ ਵੇਖ ਰਹੀ ਹੈ। ਮੈਂ ਆਪਣੇ ਆਪਨੂੰ ਸਮਝਾਂਦਾ ਹਾਂ ਕਿ ਇਹ ਮਸ਼ੀਨ ਹੈ, ਇਸਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ। ਪਰ ਮੇਰਾ ਦਿਲ ਨਹੀਂ ਮੰਨਦਾ ਕਿ ਬੇਸ਼ਕ ਮਸ਼ੀਨ ਹੀ ਹੋਵੇ, ਇਹ ਮੈਂਨੂੰ ਅਤੇ ਨੀਰਵ ਮੋਦੀ ਨੂੰ ਇੱਕੋ ਹੀ ਨਜ਼ਰ ਨਾਲ ਵੇਖਦੀ ਹੋਵੇਗੀ? ਮੈਨੂੰ ਅੱਜ ਵੀ ਏਟੀਐਮ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਸਾਰੀਆਂ ਕੁੜੀਆਂ ਦੀਆਂ ਨਜ਼ਰਾਂ ਵਿਖਾਈ ਦਿੰਦੀਆਂ ਹਨ, ਜਿਨ੍ਹਾਂ ਨੂੰ ਮੈਂ ਕਾਫੀ ਹਸਰਤ ਨਾਲ ਤਾੜਦਾ ਸਾਂ ਪਰ ਜੋ ਮੇਰੀ ਹੋਂਦ ਨੂੰ ਕਦੀ ਸਵੀਕਾਰ ਹੀ ਨਹੀਂ ਸਨ ਕਰਦੀਆਂ।
ਮੈਂਨੂੰ ਨੀਰਵ ਮੋਦੀ, ਉਸ ਫਿਲਮ ਸਟਾਰ ਵਾਂਗ ਵਿਖਾਈ ਦਿੰਦੈ, ਜਿਸਦੇ ਪਿਛੇ ਲੜਕੀਆਂ ਫਿਦਾ ਹੋ, ਘੁੰਮਦੀਆਂ ਰਹਿੰਦੀਆਂ ਹਨ। ਇਥੇ ਅਸੀਂ ਆਪਣੇ ਦਸਤਖਤ ਆਪ ਕਰ, ਆਪਣੇ ਹੀ ਖਾਤੇ ਵਿੱਚ ਜਮ੍ਹਾ ਪੈਸਾ ਕਢਾਣ ਨੂੰ ਇਉਂ ਮੰਨਦੇ ਹਾਂ ਜਿਵੇਂ ਕੋਈ ਮੈਦਾਨ ਫਤਹ ਕਰ ਲਿਆ ਹੋਵੇ, ਉਧਰ ਇਹ ਸਜੱਣ ਬੈਂਕਾਂ ਦਾ ਹੀ ਪੈਸਾ ਲੈ ਚਲਦਾ ਬਣਿਐ। ਉਸ ਬਾਰੇ ਜਾਣ ਕੇ ਹੁਣ ਮੈਂਨੂੰ ਏਟੀਐਮ ਵਿਚੋਂ ਆਪਣਾ ਪੈਸਾ ਕਢਣ ਵਿੱਚ ਹੋਰ ਵੀ ਵਧੇਰੇ ਅਪਰਾਧ-ਬੋਧ ਹੋਣ ਲਗਾ ਹੈ।
ਬੈਂਕਾਂ ਨੇ 81,683 ਕਰੋੜ ਰੁਪਏ ਵੱਟੇ ਖਾਤੇ ਪਾਏ: ਸਰਕਾਰੀ ਬੈਂਕਾਂ ਨੇ ਵਿੱਤੀ ਵਰ੍ਹੇ 2016-2017 ਵਿੱਚ 81 ਹਜ਼ਾਰ 683 ਕਰੋੜ ਰੁਪਏ ਵੱਟੇ ਖਾਤੇ ਪਾਏ ਹਨ। ਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜਸਭਾ ਵਿੱਚ ਦਿੱਤੀ। ਅਰੁਣ ਜੇਤਲੀ ਨੇ ਇਹ ਜਾਣਕਾਰੀ ਦਿੰਦਿਆਂ ਇਹ ਦਾਅਵਾ ਵੀ ਕੀਤਾ ਕਿ ਇਸ ਨਾਲ ਬਕਾਏਦਾਰਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਕਿਉਂਕਿ ਉਨ੍ਹਾਂ ਪਾਸੋਂ ਕਰਜ਼ ਵਸੂਲੀ ਲਈ ਕਾਨੂੰਨੀ ਕਾਰਵਾਈ ਚਲਦੀ ਰਹੇਗੀ। ਦਸਿਆ ਗਿਐ ਕਿ ਵੱਟੇ ਖਾਤੇ ਪਾਈ ਗਈ ਇਸ ਰਕਮ ਵਿੱਚ ਐਸਬੀਆਈ ਵਲੋਂ ਦਿੱਤਾ ਗਿਆ ਹੋਇਆ 20 ਹਜ਼ਾਰ 339 ਕਰੋੜ ਰੁਪਏ ਦਾ ਕਰਜ਼ ਵੀ ਸ਼ਾਮਲ ਹੈ। ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਕਰਜ਼ ਵਸੂਲੀ ਦੇ ਸਾਰੇ ਢੰਗ-ਤਰੀਕੇ ਵਰਤੇ ਜਾਣ ਨਾਲ ਚਾਰ ਵਰ੍ਹਿਆਂ ਦੀ ਸਮੇਂ-ਸੀਮਾਂ ਬੀਤ ਜਾਣ ਤੋਂ ਬਾਅਦ ਅਜਿਹੇ, ਨਾ ਵਸੂਲੇ ਜਾ ਸਕਣ ਵਾਲੇ ਕਰਜ਼ਿਆਂ ਨੂੰ ਬੈਲੰਸ ਸ਼ੀਟ ਵਿਚੋਂ ਹਟਾ, ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈ। ਇਸਦੀ ਭਰਪਾਈ ਬੈਂਕਾਂ ਨੂੰ ਆਪ ਹੀ ਆਪਣੇ ਸਾਧਨਾਂ ਨਾਲ ਕਰਨੀ ਪੈਂਦੀ ਹੈ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਦਸਿਆ ਕਿ ਅਪ੍ਰੈਲ 2013 ਤੋਂ ਪੰਜ ਵਰ੍ਹਿਆਂ ਵਿੱਚ ਬੈਂਕਾਂ ਵਿੱਚ ਧੋਖਾਧੜੀ ਦੇ 13,643 ਮਾਮਲੇ ਸਾਹਮਣੇ ਆਏ, ਜਿਨ੍ਹਾਂ ਰਾਹੀਂ 52 ਹਜ਼ਾਰ 717 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
516 ਕਰੋੜ ਦਾ ਹੋਰ ਕਰਜ਼ ਵੱਟੇ ਖਾਤੇ : ਆਰਬੀਆਈ ਅਨੁਸਾਰ ਸਰਕਾਰੀ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ (2017-2018) ਦੀ ਪਹਿਲੀ ਛਿਮਾਹੀ ਵਿੱਚ ਜਾਣ-ਬੁਝ ਕੇ ਕਰਜ਼ਾ ਵਾਪਸ ਨਾ ਕਰਨ ਵਾਲਿਆਂ ਦਾ ਬਕਾਇਆ 516 ਕਰੋੜ ਰੁਪਏ ਦਾ ਕਰਜ਼ ਵੱਟੇ ਖਾਤੇ ਪਾ ਦਿੱਤਾ ਹੈ। ਆਰਬੀਆਈ ਅਨੁਸਾਰ ਜਾਣ-ਬੁਝ ਕੇ ਕਰਜ਼ਾ ਵਾਪਸ ਨਾ ਕਰਨ ਵਾਲੇ ਬੈਂਕਾਂ ਦੇ 8,915 ਦੇਣਦਾਰਾਂ ਪੁਰ 92,376 ਕਰੋੜ ਰੁਪਏ ਬਕਾਇਆ ਹਨ। 2017-2018 ਦੀ ਅਪ੍ਰੈਲ-ਸਤੰਬਰ ਦੀ ਛਿਮਾਹੀ ਵਿੱਚ ਅਜਿਹੇ 38 ਹੋਰ ਦੇਣਦਾਰਾਂ ਦੇ ਖਾਤਿਆਂ ਨੂੰ ਵੱਟੇ ਖਾਤੇ ਪਾਇਆ ਗਿਆ ਹੈ, ਜਿਨ੍ਹਾਂ ਵਿੱਚ 516 ਕਰੋੜ ਰੁਪਏ ਦੀ ਰਕਮ ਸੀ। ਇਸਦੀ ਭਰਪਾਈ ਇਨ੍ਹਾਂ ਬੈਂਕਾਂ ਨੇ ਆਪਣੇ ਸਾਧਨਾਂ ਰਾਹੀਂ ਕੀਤੀ ਹੈ।
79 ਹਜ਼ਾਰ ਕਰੋੜ ਦਾ ਚੂਨਾ : ਕਰਜ਼ਾ ਲੈ ਭਜਣ ਅਤੇ ਧੋਖਾਧੜੀ ਕਰਨ ਵਾਲਿਆਂ ਲਈ ਮੰਨੋ, ਦੇਸ ਦੇ ਬੈਂਕ ਜਿਵੇਂ ਸੋਨੇ ਦਾ ਅੰਡਾ ਦੇਯ ਵਾਲੀ ਮੁਰਗੀ ਬਣ ਗਏ ਹੋਏ ਹਨ। ਹਾਲ ਵਿੱਚ ਹੀ ਹੋਏ ਖੁਲਾਸੇ, ਕੁਝ ਇਸੇ ਪਾਸੇ ਹੀ ਇਸ਼ਾਰਾ ਕਰਦੇ ਹਨ। ਬੀਤੇ 6 ਵਰ੍ਹਿਆਂ ਵਿੱਚ ਬੈਂਕਾਂ ਨਾਲ 79,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਵਲੋਂ ਉਪਲਬੱਧ ਕਰਵਾਏ ਗਏ ਵੇਰਵਿਆਂ ਤੋਂ ਇਹ ਗਲ ਸਪਸ਼ਟ ਹੁੰਦੀ ਹੈ ਕਿ 2012-2013 ਦੇ ਵਰ੍ਹੇ ਤੋਂ 2017-2018 (ਦਸੰਬਰ-2017) ਤਕ ਵੱਖ-ਵੱਖ ਬੈਂਕਾਂ ਦੇ 27,246 ਮਾਮਲੇ ਸਾਹਮਣੇ ਆਏ ਹਨ, ਜੋ ਸਾਰੇ ਹੀ ਇੱਕ ਲੱਖ ਤੋਂ ਉਪਰ ਦੀ ਰਕਮ ਦੇ ਹਨ। ਇਨ੍ਹਾਂ ਮਾਮਲਿਆਂ ਵਿੱਚ ਬੈਂਕਾਂ ਨੂੰ ਕੁਲ 78,862 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਬੈਂਕਾਂ ਨੂੰ ਪ੍ਰਤੀ ਘੰਟੇ ਡੇਢ ਕਰੋੜ ਰੁਪਏ ਦਾ ਚੂਨਾ : ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਵੱਖ-ਵੱਖ ਬੈਂਕਾਂ ਨੂੰ ਚੂਨਾ ਲਾਉਣ ਵਾਲਿਆਂ ਦੀ ਸਥਿਤੀ ਦੀ ਘੋਖ ਕੀਤੀ ਜਾਏ ਤਾਂ, ਵਿਜੈ ਮਾਲਿਆ 9000 ਕਰੋੜ, ਨੀਰਵ ਮੋਦੀ 11,500 ਕਰੋੜ ਦਾ ਕਰਜ਼ ਲੈ ਵਿਦੇਸ਼ ਭਜ ਗਏ ਹਨ। ਉਧਰ ਬੀਤੇ ਪੰਜ ਵਰ੍ਹਿਆਂ ਵਿੱਚ ਬੈਂਕਾਂ ਨੇ 3,68,000 ਕਰੋੜ ਰੁਪਏ ਵੱਟੇ ਖਾਤੇ ਵਿੱਚ ਪਾ ਦਿੱਤੇ ਹਨ। ਅਰਥਾਤ ਇਹ ਰਕਮ ਨਾ ਵਸੂਲੇ ਜਾ ਸਕਣ ਵਾਲੇ ਖਾਤੇ ਵਿੱਚ ਚਲੀ ਗਈ ਹੈ। ਸੂਚਨਾ ਦੇ ਅਧਿਕਾਰ ਤਹਿਤ ਸਰਕਾਰੀ ਬੈਂਕਾਂ ਨੂੰ 78,882 ਕਰੋੜ ਰੁਪਏ ਦਾ ਚੂਨਾ ਲਾਏ ਜਾਣ ਦੀ ਮਿਲੀ ਜਾਣਕਾਰੀ ਹੈਰਾਨ ਕਰਨ ਵਾਲੀ ਹੈ। ਇਸਤਰ੍ਹਾਂ ਹਰ ਸਾਲ 13,137 ਕਰੋੜ ਰੁਪਏ ਤੋਂ ਕਿਤੇ ਵੱਧ ਦਾ ਚੂਨਾ ਲਗਾ ਹੈ। ਨਟਵਰਲਾਲਾਂ ਵਲੋਂ ਹਰ ਰੋਜ਼ ਲਗਭਗ 36 ਕਰੋੜ ਰੁਪਏ ਅਤੇ ਪ੍ਰਤੀ ਘੰਟਾ ਲਗਭਗ ਡੇਢ ਕਰੋੜ ਰੁਪਏ ਦਾ ਚੂਨਾ ਬੈਂਕਾਂ ਨੂੰ ਲਾਇਆ ਗਿਆ ਹੈ।
ਵਿਦੇਸ਼ੀ ਪੂੰਜੀ ਘਟੀ : ਮਿਲੀ ਜਾਣਕਾਰੀ ਅਨੁਸਾਰ ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ 2, ਮਾਰਚ ਨੂੰ ਖਤਮ ਹੋਏ ਹਫਤੇ ਵਿੱਚ 1.13 ਅਰਬ ਡਾਲਰ ਘਟ ਕੇ 420.59 ਅਰਬ ਡਾਲਰ ਹੋ ਗਿਆ ਹੈ, ਜੋ ਕਿ 27,234.2 ਅਰਬ ਰੁਪਏ ਦੇ ਬਰਾਬਰ ਹੈ। ਆਰਬੀਆਈ ਵਲੋਂ ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੂੰਜੀ ਦਾ ਸਭ ਤੋਂ ਵੱਡਾ ਘਟਕ, ਵਿਦੇਸ਼ੀ ਮੁਦਰਾ ਭੰਡਾਰ ਇਸ ਅਲੋਚਨਾਤਮਕ ਹਫਤੇ 1.1 ਅਰਬ ਡਾਲਰ ਘਟ ਕੇ 395.46 ਅਰਬ ਡਾਲਰ ਹੋ ਗਿਆ, ਜੋ 25,630.0 ਅਰਬ ਰੁਪਏ ਦੇ ਬਰਾਬਰ ਹੈ। ਬੈਂਕ ਦੇ ਸੂਤਰਾਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਨੂੰ ਡਾਲਰ ਵਿੱਚ ਵਿਖਾਇਆ ਜਾਂਦਾ ਹੈ ਅਤੇ ਇਸ ਪੁਰ ਭੰਡਰ ਵਿੱਚ ਮੌਜੂਦ ਪੌਂਡ, ਸਟਰਲਿੰਗ, ਯੇਨ ਵਰਗੀਆਂ ਅੰਤ੍ਰਰਾਸ਼ਟਰੀ ਮੁਦ੍ਰਾਵਾਂ ਦੇ ਮੁਲ ਵਿੱਚ ਹੋਣ ਵਾਲੇ ਉਤਾਰ-ਚੜ੍ਹਾਵਾਂ ਦਾ ਸਿੱਧਾ ਅਸਰ ਪੈਂਦਾ ਹੈ।
ਬੈਂਕਿੰਗ ਸਿਸਟਮ ਕਮਜ਼ੋਰ : ਬੈਂਕਿੰਗ ਮਾਮਲਿਆਂ ਦੇ ਮਾਹਿਰਾਂ ਅਨੁਸਾਰ ਸੰਸਾਰ ਦੀਆਂ ਚੋਟੀ ਦੀਆਂ ਵੀਹ ਅਰਥ-ਵਿਵਸਥਾਵਾਂ ਵਿੱਚ ਭਾਰਤ ਦਾ ਬੈਂਕਿੰਗ ਸਿਸਟਮ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਪੁਜ ਗਿਆ ਹੋਇਆ ਹੈ। ਖਰਾਬ ਕਰਜ਼ ਲੇਖਾ-ਜਾਂਚ ਮਾਪਦੰਡ, ਉਲਝੀ ਕਰ ਨਿਗਰਾਨੀ ਅਤੇ ਧੋਖਾਧੜੀ ਦੇ ਮਾਮਲਿਆਂ ਨੇ ਦੇਸ਼ ਦੀ ਆਰਥਕ ਵਿਵਸਥਾ ਪੁਰ ਡੂੰਘਾ ਅਸਰ ਪਾਇਆ ਹੈ। ਉਧਰ ਕਰਜ਼ ਦੇ ਮੁਕਾਬਲੇ ਜਮ੍ਹਾ ਰਾਸ਼ੀ ਦਾ ਅਨੁਪਾਤ ਵੀ ਬਹੁਤ ਘਟ, ਜੋਖਮ ਭਰੀਆਂ ਜਾਇਦਾਦਾਂ ਦੇ ਨੁਕਸਾਨ ਨੂੰ ਸਹਿਣ ਦੀ ਸਮਰਥਾ ਦਾ ਕਮਜ਼ੋਰ ਹੋਣਾ, ਬੈਂਕ ਅਜਿਹੀਆਂ, ਨੁਕਸਾਨੀਆਂ ਜਾਇਦਾਦਾਂ ਦੇ ਵੇਰਵੇ ਨਹੀਂ ਦੇ ਰਹੇ, ਬੈਂਕਾਂ ਵਿੱਚ ਸਰਕਾਰੀ ਹਿਸੇਦਾਰੀ 50 ਫੀਸਦੀ ਤੋਂ ਘਟ ਕਰਨ ਦੀ ਨੀਤੀ ਪੁਰ ਅਮਲ ਦਾ ਨਾ ਹੋਣਾ, ਬੈਂਕਾਂ ਵਲੋਂ ਵਰਤੀ ਜਾਂਦੀ ਲਾਪ੍ਰਵਾਹੀ ਦਰਸਾਂਦਾ ਹੈ।
ਬੈਂਕਾਂ ਦੀ ਸਾਖ ਬਹਾਲੀ ਵਲ ਕਦਮ : ਦਸਿਆ ਗਿਆ ਹੈ ਕਿ ਵਸੂਲੇ ਨਾ ਜਾ ਸਕਣ ਵਾਲੇ ਕਰਜ਼ਿਆਂ ਕਾਰਣ ਸੰਕਟ ਨਾਲ ਜੂਝ ਰਹੇ ਬੈਂਕਿੰਗ ਸਿਸਟਮ ਨੂੰ ਸੰਭਾਲਣ ਲਈ ਰੀਜ਼ਰਵ ਬੈਂਕ ਇੱਕ ਲੱਖ ਕਰੋੜ ਰੁਪਏ ਝੌਂਕ ਰਿਹਾ ਹੈ। ਇਹ ਰਕਮ ਇਸੇ ਆਰਥਕ ਵਰ੍ਹੇ ਵਿੱਚ ਬੈਂਕਾਂ ਨੂੰ ਦੇ ਦਿੱਤੀ ਜਾਇਗੀ। ਆਰਬੀਆਈ ਦੇ ਇਸ ਕਦਮ ਦਾ ਉਦੇਸ਼ ਪੂੰਜੀ ਦੀ ਤਰਲਤਾ ਨੂੰ ਬਣਾਈ ਰਖਦਿਆਂ ਹੋਇਆਂ ਘਟ ਸਮੇਂ ਦੇ ਕਰਜ਼ਿਆਂ ਦੀਆਂ ਦਰਾਂ ਨੂੰ ਨੀਵਿਆਂ ਬਣਾਈ ਰਖਣਾ ਹੈ। ਇਸ ਨਾਲ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਘਟ ਦਰਾਂ ਪੁਰ ਕਰਜ਼ੇ ਉਪਲਬੱਧ ਕਰਵਾਉਣ ਵਿੱਚ ਅਸਾਨੀ ਹੋਵੇਗੀ। ਆਰਬੀਆਈ ਨੇ ਇਸ ਸੰਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੂੰਜੀ ਦੀ ਘਾਟ ਅਤੇ ਕਰਜ਼ਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ।
ਅਤੇ ਅੰਤ ਵਿੱਚ : ਜਾਣਕਾਰ ਸੂਤਰਾਂ ਅਨੁਸਾਰ ਬੈਂਕਿੰਗ ਸਿਸਟਮ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਬੈਂਕਾਂ ਦੇ ਪੁਨਰ-ਪੂੰਜੀਕਰਣ ਨੂੰ ਬੈਂਕਿੰਗ ਸੁਧਾਰ ਨਾਲ ਜੋੜਿਆ ਗਿਆ ਹੈ, ਆਰਬੀਆਈ, ਸੇਬੀ ਅਤੇ ਹੋਰ ਏਜੰਸੀਆਂ ਵਲੋਂ ਆਪਣੀ ਨਿਗਰਾਨੀ ਵਧਾ ਦਿੱਤੀ ਗਈ ਹੈ। ਵੱਟੇ ਖਾਤੇ ਪਾਏ ਗਏ ਕਰਜ਼ ਦੀ ਭਰਪਾਈ ਬੈਂਕਾਂ ਨੂੰ ਆਪ ਹੀ ਕਰਨੀ ਹੋਵੇਗੀ ਅਤੇ ਇਸਦੇ ਨਾਲ ਹੀ ਆਰਬੀਆਈ ਨੇ ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਇੱਕ ਨਿਗਰਾਨ ਕਮੇਟੀ ਵੀ ਬਣਾ ਦਿੱਤੀ ਹੈ।