May 26, 2026 5:22 pm

ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਪੰਜਾਬ ‘ਆਪ’ ’ਚ ਉਠਿਆ ਤੁਫਾਨ

ਭਗਵੰਤ ਮਾਨ ਅਤੇ ਅਮਨ ਅਰੋੜਾ ਵੱਲੋਂ ਅਸਤੀਫੇ

ਚੰਡੀਗੜ੍ਹ, 16 ਮਾਰਚ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਸਟੇਟ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੋਂ ਡਰਗ ਮਾਮਲੇ ’ਚ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਪੰਜਾਬ ‘ਆਪ’ ਵਿੱਚ ਵੱਡਾ ਸਿਆਸੀ ਤੁਫਾਨ ਉਠ ਖੜਾ ਹੋਇਆ ਹੈ। ਕੇਜਰੀਵਾਲ ਦੇ ਮੁਆਫੀਨਾਮੇ ਤੋਂ ਨਾਰਾਜ਼ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਮੀਤ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਭਗਵੰਤ ਮਾਨ ਨੇ ਨਸ਼ਾ ਮਾਫੀਆ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ। ‘ਆਪ’ ਦੇ ਇੱਕ ਹੋਰ ਵੱਡੇ ਆਗੂ ਅਤੇ ਵਿਰੋਧੀ ਧਿਰ ਦੇ ਮੁਖੀ ਸ. ਸੁਖਪਾਲ ਸਿੰਘ ਖਹਿਰਾ ਅਤੇ ਪਾਰਟੀ ਦੇ ਲਗਭਗ ਸਾਰੇ ਵਿਧਾਇਕ ਕੇਜਰੀਵਾਲ ਨਾਲ ਨਾਰਾਜ਼ ਹਨ। ਉਨ੍ਹਾਂ ਵੱਲੋਂ ਇਹ ਨਾਰਾਜ਼ਗੀ ਜਨਤਕ ਤੌਰ ’ਤੇ ਜਾਹਿਰ ਕੀਤੀ ਗਈ ਹੈ। ਭਾਵੇਂ ਸ੍ਰੀ ਖਹਿਰਾ ਨੇ ਇਹ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਸਾਰੇ ਵਿਧਾਇਕ ਕੇਜਰੀਵਾਲ ਨਾਲ ਹਨ, ਪ੍ਰੰਤੂ ਵਿਧਾਇਕਾਂ ਵਿੱਚ ਵੱਡੀ ਧੜੇਬੰਦੀ ਦੇਖਣ ਨੂੰ ਸਾਹਮਣੇ ਆ ਰਹੀ ਹੈ। ਹੋ ਸਕਦਾ ਹੈ ਪਾਰਟੀ ਦਾ ਵਿਧਾਇਕ ਦਲ ਦੋ ਧੜਿਆਂ ਵਿੱਚ ਵੰਡਿਆ ਜਾਵੇ। ਹਾਲੇ ਤੱਕ ਕੇਜਰੀਵਾਲ ਅਤੇ ਉਨ੍ਹਾਂ ਦਾ ਕੋਈ ਸਾਥੀ ਇਸ ਮਾਮਲੇ ’ਤੇ ਟਿੱਪਣੀ ਕਰਨ ਲਈ ਸਾਹਮਣੇ ਨਹੀਂ ਆਇਆ। ‘ਆਪ’ ਦੇ ਬਹੁਤੇ ਨੇਤਾ ਇਸ ਕਰਕੇ ਨਾਰਾਜ਼ ਹਨ ਕਿ ਕੇਜਰੀਵਾਲ ਨੇ ਮੁਆਫੀ ਮੰਗਣ ਤੋਂ ਪਹਿਲਾਂ ਕਿਸੇ ਵੀ ਆਗੂ ਜਾਂ ਵਿਧਾਇਕ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ।
ਭਗਵੰਤ ਮਾਨ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਆਪਣੇ ਫੇਸਬੁਕ ਪੇਜ਼ ’ਤੇ ਦਿਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਡਰਗ ਮਾਫੀਆ ਅਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧਕੇਸ਼ਾਹੀ ਖਿਲਾਫ ਉਨ੍ਹਾਂ ਦੀ ਜੰਗ ਜਾਰੀ ਰਹੇਗੀ ਅਤੇ ਉਨ੍ਹਾਂ ਨੇ ਇਕ ਸਚਾ ਪੰਜਾਬੀ ਹੋਣ ਦੇ ਨਾਤੇ ਅਸਤੀਫਾ ਦਿਤਾ ਹੈ। ਕੇਜਰੀਵਾਲ ਦੀ ਮੁਆਫੀ ਤੋਂ ਬਾਅਦ ਪੰਜਾਬ ਦੇ ਆਪ ਆਗੂਆਂ ’ਚ ਬਗਾਵਤ ਹੋ ਗਈ ਹੈ। ਭਗਵੰਤ ਮਾਨ ਦੇ ਨਾਲ-ਨਾਲ ਅਮਨ ਅਰੋੜਾ, ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੇ ਵੀ ਬਗਾਵਤ ਕਰ ਦਿਤੀ ਹੈ। ਇਸ ਦੌਰਾਨ ਸ੍ਰੀ ਕੇਜਰੀਵਾਲ ਕਿਸੇ ਦਾ ਫੋਨ ਨਹੀਂ ਚੁਕ ਰਹੇ। ਭਗਵੰਤ ਮਾਨ ਵੱਲੋਂ ਪਾਰਟੀ ਦੀ ਵਾਗਡੋਰ ਛੱਡਣ ਨਾਲ ਪਾਰਟੀ ਅੰਦਰ ਵੀ ਉਥਲ-ਪੁਥਲ ਮਚੀ ਹੋਈ ਹੈ। ਪੂਰੇ ਘਟਨਾਕ੍ਰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਕੋਰ ਕਮੇਟੀ ਨੂੰ ਭੰਗ ਕਰ ਦਿਤਾ ਗਿਆ ਹੈ।ਮੁਆਫੀਨਾਮਾ ਭੇਜਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਸੇ ਦਾ ਫੋਨ ਨਹੀਂ ਚੁਕਿਆ ਅਤੇ ਬਾਅਦ ਵਿਚ ਉਨ੍ਹਾਂ ਦਾ ਫੋਨ ਬੰਦ ਆਉਣ ਲਗਿਆ। ਪਾਰਟੀ ਆਗੂਆਂ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿਤੀ ਕਿ ਪਾਰਟੀ ਦੇ 15 ਵਿਧਾਇਕ ਦਿਲੀ ਇਕਾਈ ਨਾਲੋਂ ਨਾਤਾ ਤੋੜ ਕੇ ਵਖ ਹੋਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਪਾਰਟੀ ਦੀਆਂ ਹਾਲੇ ਕਈ ਬੈਠਕਾਂ ਹੋਰ ਹੋਣਗੀਆਂ, ਜਿਨ੍ਹਾਂ ਵਿਚ ਇਸ ਗੰਭੀਰ ਮੁਦੇ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ।ਸੁਖਪਾਲ ਖਹਿਰਾ ਦਾ ਕਹਿਣਾ ਹੈ ਉਨ੍ਹਾਂ ਵਲੋਂ ਫਿਲਹਾਲ ਚਰਚਾ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਬਾਗੀਆਂ ਨਾਲ ਮਿਲ ਕੇ ਵਖਰਾ ਫਰੰਟ ਬਣਾਉਣ ਦੀਆਂ ਸਲਾਹਾਂ ਕੀਤੀਆਂ ਜਾ ਰਹੀਆਂ ਹਨ, ਪਰ ਫਿਲਹਾਲ ਇਸ ਉਤੇ ਪਾਰਟੀ ਦੇ ਸਾਰੇ ਆਗੂਆਂ ਦੀ ਮੋਹਰ ਨਹੀਂ ਲਗੀ ਹੈ। ਇਨ੍ਹਾਂ ਬਾਗੀ ਆਗੂਆਂ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਚਾ ਸਿੰਘ ਛੋਟੇਪੁਰ ਅਤੇ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਸ਼ਾਮਿਲ ਹਨ।

Send this to a friend