ਮੋਰਿੰਡਾ, 12 ਮਾਰਚ (ਹਰਜਿੰਦਰ ਸਿੰਘ ਛਿੱਬਰ)- ਨਜ਼ਦੀਕੀ ਪਿੰਡ ਸਲੇਮਪੁਰ ਦੇ ਨੇੜੇ ¦ਘਦੀ ਭਾਖੜਾ ਨਹਿਰ ਦੇ ਕੱਚੇ ਰਸਤੇ ’ਤੇ ਫੇਰੀ ਲਗਾ ਕੇ ਕੱਪੜੇ ਵੇਚਣ ਵਾਲੇ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਚੱਕਲਾ ਥਾਣਾ ਮੋਰਿੰਡਾ ਨਾਂਅ ਦੇ ਇੱਕ ਵਿਅਕਤੀ ਪਾਸੋਂ ਬੀਤੀ 9 ਮਾਰਚ ਨੂੰ ਦੋ ਅਣ-ਪਛਾਤੇ ਵਿਅਕਤੀਆਂ ਨੇ ਮੋਬਾਇਲ ਫੋਨ ਅਤੇ 2500/- ਰੁਪਏ ਖੋਹ ਲਏ ਸਨ। ਜਿਸ ਸਬੰਧੀ ਧਾਰਾ 382, 506,34 ਆਈ.ਪੀ.ਸੀ ਅਧੀਨ ਥਾਣਾ ਮੋਰਿੰਡਾ ਵਿੱਖੇ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਐਸ.ਆਈ. ਸ਼ਿੰਦਰਪਾਲ ਚੋਕੀ ਇੰਚਾਰਜ ਲੁਠੇੜੀ ਵੱਲੋਂ ਬੜ੍ਹੀ ਡੂੰਘਾਈ ਨਾਲ ਕੀਤੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਸਹਾਇਕ ਇੰਸਪੈਕਟਰ ਸ਼ਿੰਦਰਪਾਲ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ’ਚ ਲੌੜੀਂਦੇ ਦੋ ਵਿਅਕਤੀਆਂ ਗੁਰਦੀਪ ਸਿੰਘ ਦੀਪਾ ਪੁੱਤਰ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਭਿੰਦਾ ਪੁੱਤਰ ਮੇਵਾ ਸਿੰਘ ਵਾਸੀਆਨ ਬੋਂਦਲੀ ਥਾਣਾ ਸਮਰਾਲਾ ਜਿਲਾ ਲੁਧਿਆਣਾ ਨੂੰ 11 ਮਾਰਚ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁਛਗਿੱਛ ਵਿੱਚ ਉਕਤ ਫੜ੍ਹੇ ਗਏ ਵਿਅਕਤੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ 9 ਮਾਰਚ ਨੂੰ ਪਿੰਡ ਸ਼ਾਂਤਪੁਰ ਨਹਿਰ ਪੁੱਲ ਤੇ ਪਰਮਜੀਤ ਸਿੰਘ ਪੁੱਤਰ ਵਿਸ਼ੇਸਰ ਸਿੰਘ ਵਾਸੀ ਪਿੰਡ ਦੁੱਗਰੀ ਨੂੰ ਘੇਰ ਕੇ ਉਸ ਪਾਸੋਂ ਇੱਕ ਮੋਬਾਇਲ ਫੋਨ ਅਤੇ 1700/- ਰੁਪਏ ਦੀ ਖੋਹ ਕੀਤੀ ਸੀ, ਜਿਸ ਸਬੰਧੀ 10 ਮਾਰਚ ਨੂੰ ਪਰਚਾ ਨੰਬਰ 51 ਅਧੀਨ ਧਾਰਾ 382 ਹਿੰ.ਦੰ. ਥਾਣਾ ਸ਼੍ਰੀ ਚਮਕੋਰ ਸਾਹਿਬ ਦਰਜ਼ ਕੀਤਾ ਗਿਆ ਸੀ। ਡੀ.ਐਸ.ਪੀ. ਵਿਰਕ ਨੇ ਦੱਸਿਆ ਕਿ ਗੁਰਦੀਪ ਸਿੰਘ ਦੀਪਾ ਨੇ 10 ਮਾਰਚ ਨੂੰ ਅਪਣੇ ਪਿੰਡ ਬੋਂਦਲੀ ਦੇ ਸੁੱਖੀ ਪੁੱਤਰ ਪਿਆਰਾ ਸਿੰਘ ਨਾਲ ਮਿਲਕੇ ਪਿੰਡ ਅਲੋੜ ਥਾਣਾ ਸਦਰ ਖੰਨਾ ਦੇ ਲਾਗੇ ਇੱਕ ਵਿਅਕਤੀ ਪਾਸੋਂ ਪਲਸਰ ਮੋਟਰਸਾਇਕਲ ਨੰਬਰ ਸੀ.ਐਚ 01 ਏ ਐਮ 1538 ਖੋਹ ਲਿਆ ਸੀ ਇਸ ਸਬੰਧੀ ਥਾਣਾ ਸਦਰ ਖੰਨਾ ਵਿਖੇ ਮੁਕੱਦਮਾ ਦਰਜ਼ ਹੈ। ਡੀ.ਐਸ.ਪੀ. ਵਿਰਕ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਪਾਸੋਂ ਖੋਹੇ ਹੋਏ 2 ਮੋਬਾਇਲ ਫੋਨ, 2500/- ਰੁਪਏ, ਖੋਹਿਆ ਹੋਇਆ ਮੋਟਰ ਸਾਇਕਲ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਹੀਰੋ ਹੋਂਡਾ ਸਪਲੈਂਡਰ ਪੀ.ਬੀ 43 ਡੀ 2593 ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।