ਤਰਨਤਾਰਨ, 12 ਮਾਰਚ (ਜਰਮਨਜੀਤ ਰਟੋਲ)- ’ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ’ਬੇਟੀ ਬਚਾਉ-ਬੇਟੀ ਪੜਾਉ’ ਮੁਹਿੰਮ ਤਹਿਤ ਤਰਨਤਾਰਨ ਜਿਲ੍ਹੇ ਵਿਚ ਇਸ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਲਈ ਜੋ ਸਨਮਾਨ ਬਤੌਰ ਡਿਪਟੀ ਕਮਿਸ਼ਨਰ ਮੈਨੂੰ ਮਿਲਿਆ ਹੈ, ਉਹ ਤਰਨਤਾਰਨ ਜਿਲ੍ਹੇ ਦਾ ਸਨਮਾਨ ਹੈ, ਕਿਉਂਕਿ ਇਹ ਸਾਡੇ ਅਧਿਕਾਰੀਆਂ, ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਨਾਗਰਿਕਾਂ ਵੱਲੋਂ ਕੀਤਾ ਗਿਆ ਟੀਮ ਵਰਕ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਨਮਾਨ ਦੀ ਖੁਸ਼ੀ ਵਿਚ ਕੀਤੀ ਵਿਸ਼ੇਸ਼ ਪਾਰਟੀ ਨੂੰ ਸੰਬੋਧਨ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨੇ ਜਿੱਥੇ ਸਾਡਾ ਹੋਰ ਕੰਮ ਕਰਨ ਲਈ ਉਤਸ਼ਾਹ ਵਧਾਇਆ ਹੈ ਅਤੇ ਤਾਕਤ ਦਿੱਤੀ ਹੈ, ਉਥੇ ਸਾਡੀ ਜ਼ਿੰਮੇਵਾਰੀ ਵੀ ਹੋਰ ਵਧ ਗਈ ਹੈ। ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰਾਂ ਸ੍ਰੀ ਰਕੇਸ਼ ਕੁਮਾਰ ਤੇ ਸ੍ਰੀ ਸੰਦੀਪ ਰਿਸ਼ੀ, ਸਾਰੇ ਐਸ ਡੀ ਐਮ, ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ, ਜਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ, ਉਥੇ ਜਿਲ੍ਹਾ ਵਾਸੀਆਂ ਨੇ ਭਰਵਾਂ ਸਹਿਯੋਗ ਇਸ ਮੁਹਿੰਮ ਨੂੰ ਦਿੱਤਾ, ਜਿਸਦੇ ਚੰਗੇ ਸਿੱਟੇ ਸਾਹਮਣੇ ਆਏ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਵ-ਜੰਮੀਆਂ ਧੀਆਂ ਅਤੇ ਉਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਸਤਿਕਾਰ ਵਜੋਂ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ, ਹਲਕਾ ਪੱਟੀ ਦੇ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ ਅਤੇ ਹੋਰ ਪਤਵੰਤੇ ਡਿਪਟੀ ਕਮਿਸ਼ਨਰ ਨੂੰ ਵਧਾਈ ਦੇਣ ਲਈ ਵਿਸ਼ੇਸ ਤੌਰ ’ਤੇ ਪੁੱਜੇ।
ਇਸ ਮੌਕੇ ਹੋਰਨਾਂ ਤੋ- ਇਲਵਾ ਐਸ ਡੀ ਐਮ ਅਮਨਦੀਪ ਕੌਰ, ਐਸ ਡੀ ਐਮ ਸੁਰਿੰਦਰ ਸਿੰਘ, ਐਸ ਡੀ ਐਮ ਪਲਵੀ ਚੌਧਰੀ, ਸਿਵਲ ਸਰਜਨ ਡਾ. ਸਮਸ਼ੇਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਤਰਨਤਾਰਨ ਜਿਲ੍ਹੇ ਵਿਚ ਕੱਖ ਵਿਚ ਧੀਆਂ ਮਾਰਨ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਜਿੱਥੇ ਮਾਪਿਆਂ ਨੂੰ ਜਾਗਰੂਕ ਕੀਤਾ, ਉਥੇ ਧੀਆਂ ਦੇ ਜਨਮ ਦਿਨ ਵੱਡੇ ਪੱਧਰ ’ਤੇ ਮਨਾਏ। ਘਰਾਂ ਦੀਆਂ ਨੇਮ ਪਲੇਟਾਂ ਧੀਆਂ ਦੇ ਨਾਂਅ ’ਤੇ ਬਣਾ ਕੇ ਲਗਾਈਆਂ, ਬੱਚੀ ਦੇ ਜਨਮ ਦਿਨ ਮੌਕੇ ਰੁੱਖ ਲਗਾਉਣ ਦੀ ਪਿਰਤ ਪਾਈ, ਕੁੱਖ ਅਤੇ ਰੁੱਖ ਨੂੰ ਜੋੜ ਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ ’ਤੇ ਪੋਸਟਰ ਲਿਖਵਾਏ, ਸਕੈਨਿੰਗ ਸੈਂਟਰਾਂ ’ਤੇ ਛਾਪੇ ਮਾਰੇ ਅਤੇ ਅੰਮ੍ਰਿਤਸਰ ਤੱਕ ਦੇ ਸਕੈਨਿੰਗ ਸੈਂਟਰਾਂ ਤੱਕ ਪਿੱਛਾ ਕੀਤਾ।