May 26, 2026 1:30 am

ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ

ਸਿੱਖ ਕੌਮ ਨੇ ਵਡੇ ਵਡੇ ਯੋਧੇ ਸੂਰਬੀਰ ਤੇ ਮਹਾਂਬਲੀ ਪੈਦਾ ਕੀਤੇ ਹਨ। ਇਨਾਂ ਵਿਚੋਂ ਇਕ ਸਨ ਭਗਤੀ ਅਤੇ ਸ਼ਕਤੀ ਦੇ ਸੁਮੇਲ ਅਕਾਲੀ ਬਾਬਾ ਫੂਲਾ ਸਿੰਘ ਜੀ ਜਿੰਨਾ ਦਾ ਜਨਮ 14 ਜਨਵਰੀ 1761 ਈ: ਨੂੰ ਪਿਤਾ ਸਰਦਾਰ ਈਸਰ ਸਿੰਘ ਮਾਤਾ ਹਰਿ ਕੌਰ ਜੀ ਦੀ ਕੁਖੋਂ ਪਿੰਡ ਦੇਹਲਾ ਸੀਹਾਂ , ਤਹਿ ਮੂਨਕ, ਜਿਲ੍ਹਾ ਸੰਗਰੂਰ ਵਿਖੇ ਹੋਇਆ ਸੀ । ਫੂਲਾ ਵਰਗੇ ਸੁੰਦਰ ਬਾਲਕ ਨੂੰ ਵੇਖ ਕੇ ਪਿਤਾ ਜੀ ਨੇ ਬਾਲਕ ਦਾ ਨਾਮ ਫੂਲਾ ਸਿੰਘ ਰਖ ਦਿਤਾ। ਆਪ ਜੀ ਦੇ ਦਾਦਾ ਜੀ ਦਾ ਰਾਜਸਥਾਨ ਦੇ ਰਹਿਣ ਵਾਲਾ ਸਨ ਇਨ੍ਹਾਂ ਵਿਚੋਂ ਕੁਝ ਲੋਕ ਪਿੰਡ ਸੀਹਾਂ ਵਿਚ ਆ ਕੇ ਵਸ ਗਏ ਤੇ ਕੁਝ ਪਿੰਡ ਅਜਨੋਹਾ ਵਲ ਚਲੇ ਗਏ।
ਅਰਦਾਸ ਦੀ ਪਵਿਤ੍ਰਤਾ ਅਤੇ ਉਸ ਦੀ ਮਰਿਆਦਾ ਲਈ ਜਾਨ ਦੀ ਬਾਜੀ ਲਗਾ ਦੇਣ ਵਾਲੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਚੇ ਆਚਰਣ ਤੇ ਆਤਮਕ ਬਲ ਵਾਲੇ ਨਿਰਭੈ ਯੋਧੇ ਸਨ ਅਕਾਲ ਤਖਤ ਦੇ ਜਥੇਦਾਰ ਹੋਣ ਦੇ ਨਾਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਦੋ ਵਾਰ ਧਾਰਮਿਕ ਦੰਡ ਦੇ ਸਕਣਾ ਉਨ੍ਹਾਂ ਦੇ ਜੀਵਨ ਦਾ ਮਹਾਨ ਕਾਰਨਾਮਾ ਸੀ। ਉਨ੍ਹਾਂ ਦੇ ਇਕੋ ਇਸਾਰੇ ਤੇ ਹਜ਼ਾਰਾ ਸਿਰ ਲਥੇ ਸੂਰਮੇ ਰਣ-ਤਤੇ ਵਿਚ ਜੂਝ ਕੇ ਹਾਰੀਆ ਹੋਈਆ ਬਾਜੀਆ ਨੂੰ ਵੀ ਜਿਤ ਵਿਚ ਬਦਲ ਦਿੰਦੇ ਸਨ ਕਾਲ ਦੇ ਡਰ ਤੋਂ ਮੁਕਤ ਅਕਾਲੀ ਬਾਬਾ ਫੂਲਾ ਸਿੰਘ ਜੀ ਮੌਤ ਨੂੰ ਆਪਣੇ ਸਰਾਣੇ ਰਖ ਕੇ ਸੋਂਦੇ ਸਨ ਅਕਾਲੀ ਬਾਬਾ ਫੂਲਾ ਸਿੰਘ ਇਕ ਅਜਿਹਾ ਸੂਰਮਾ ਸੀ ਜਿਸ ਤੇ ਗੁਰਬਾਣੀ ਦੀ ਇਹ ਤੁਕ ਹੂ-ਬੂ-ਹੂ ਢੁਕਦੀ ਹੈ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ-ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ।
ਵਡੇ ਘਲੂਘਾਰੇ ਦੀ ਲੜਾਈ ਵਿਚ ਸ੍ਰ. ਜਸਾ ਸਿੰਘ ਆਹਲੂਵਾਲੀਆ, ਸ੍ਰ. ਚੜਤ ਸਿੰਘ ਸੁਕਰਚਕੀਆ ਤੇ ਨਿਸ਼ਾਨ ਵਾਲੀਆ ਮਿਸਲ ਦੇ ਸਿੰਘਾ ਨੇ ਵੈਰੀਆਂ ਨੂੰ ਤਕੜੇ ਹਥ ਵਿਖਾਏ । ਅਕਾਲੀ ਬਾਬਾ ਫੂਲਾ ਸਿੰਘ ਦੀ ਪਿਤਾ ਸ੍ਰ. ਈਸ਼ਰ ਸਿੰਘ ਦੇ ਸਰੀਰ ਤੇ ਕਈ ਗੰਭੀਰ ਚੋਟਾ ਆਈਆ। ਦਿਨ ਭਰ ਦੇ ਲੜਾਈ ਵਿਚ ਕਰੀਬ 30,000 ਸਿੰਘ ਸ਼ਹੀਦ ਹੋ ਗਏ ਇਹ ਘਟਨਾ 5 ਫਰਵਰੀ 1762 ਈ: ਨੂੰ ਵਾਪਰੀ ਸੀ। ਇਸ ਘਲੂਘਾਰੇ ਮਗਰੋਂ ਸ੍ਰ. ਈਸ਼ਰ ਸਿੰਘ ਜਖਮੀ ਹਾਲਾਤ ਵਿਚ ਆਪਣੇ ਪਿੰਡ ਸੀਹਾਂ ਵਾਪਿਸ ਪਰਤ ਆਏ ਕੁਝ ਸਮਾਂ ਅਸਵਸਥ ਰਹਿਣ ਮਗਰੋਂ ਸ੍ਰ. ਈਸ਼ਰ ਸਿੰਘ ਆਪਣੇ ਪਿੰਡ ਦੇਹਲਾਂ ਸੀਹਾਂ ਵਿਖੇ ਹੀ ਚੜਾਈ ਕਰ ਗਏ। ਅਕਾਲੀ ਬਾਬਾ ਫੂਲਾ ਸਿੰਘ ਅਜੇ ਦੋ ਸਾਲਾ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਈਸ਼ਰ ਸਿੰਘ ਨੇ ਸ਼ਹੀਦ ਮਿਸਲ ਦੇ ਜਥੇਦਾਰ ਬਾਬਾ ਨੈਣਾ ਸਿੰਘ ਨੇ ਆਪ ਜੀ ਦੀ ਬਾਂਹ ਸੋਪ ਦਿਤੀ ਛੋਟੀ ਉਮਰ ਵਿਚ ਆਪ ਜੀ ਨੂੰ ਗੁਰਮੁਖੀ ਅਖਰ ਤੇ ਨਿਤਨੇਮ ਦੀਆ ਬਾਣੀਆ ਕੰਠ ਹੋ ਗਈਆ ਸਿਦਕੀ ਮਾਤਾ ਨੇ ਆਪਣੇ ਪਤੀ ਦੀ ਮੌਤ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਆਪਣੇ ਦੋਹਾਂ ਪੁਤਰਾਂ ਦੀ ਪਰਵਰਿਸ਼ ਵਲ ਧਿਆਨ ਦੇਣਾ ਸੁਰੂ ਕਰ ਦਿਤਾ।
ਅਕਾਲੀ ਬਾਬਾ ਫੂਲਾ ਸਿੰਘ ਸਾਰੀ ਉਮਰ ਦੁਸ਼ਮਣਾ ਖਿਲਾਫ ਲੜਦੇ ਰਹੇ ਉਨ੍ਹਾਂ ਦੀ ਕਸੂਰ ਦੀ ਜਿਤ, ਮੁਲਤਾਨ ਦੀ ਜਿਤ, ਪਿਸ਼ਾਵਰ ਦੀ ਜਿਤ, ਕਸ਼ਮੀਰ ਦੀ ਜਿਤ, ਨੁਸ਼ਹਿਰੇ ਦੀ ਲੜਾਈ ਵਰਗੀਆਂ ਜਿਤਾਂ ਪ੍ਰਾਪਤ ਕੀਤੀਆ ਅਕਾਲੀ ਬਾਬਾ ਫੂਲਾ ਸਿੰਘ ਜੀ ਅਨੋਖੇ ਜਰਨੈਲ ਸਨ ਉਨ੍ਹਾਂ ਨੇ ਸਿਖਾਂ ਦੀ ਆਪਣੀ ਇਕ ਸੈਨਾ ਤਿਆਰ ਕੀਤੀ ਹੋਈ ਸੀ ਜੋ ਲੜਾਈ ਦੇ ਮੈਦਾਨ ਵਿਚ ਉਹਨਾਂ ਦਾ ਸਾਥ ਦਿੰਦੀ ਸੀ। ਖਾਲਸਾ ਫੋਜਾਂ ਦੇ ਨੁਸਿਹਰੇ ਦੇ ਮੈਦਾਨ ਵਿਚ ਪਹੁੰਚਣ ਦੀ ਦੇਰ ਸੀ ਕਿ ਅਫਗਾਨਾਂ ਨੇ ਉਪਰੋਂ ਤੋਪਾਂ ਦੇ ਗੋਲੇ ਵਰਸਾਣੇ ਸੁਰੂ ਕਰ ਦਿਤੇ ਵੇਖਦੇ ਹੀ ਵੇਖਦੇ ਕੁਝ ਹੀ ਸਮੇਂ ਵਿਚ ਸਿੰਘਾ ਦੀਆਂ ਲਾਸ਼ਾ ਦੇ ਢੇਰ ਲਗ ਗਏ ਮਹਾਰਾਜਾ ਰਣਜੀਤ ਸਿੰਘ ਦੇ ਚੇਹਰੇ ਤੇ ਕੁਝ ਮਾਯੂਸੀ ਜਹੀ ਛਾਂ ਗਈ ਹੁਣ ਆਮੋ ਸਾਹਮਣੇ ਹਥੋ-ਹਥ ਦੀ ਲੜਾਈ ਸੁਰੂ ਹੋ ਗਈ ਅਕਾਲੀ ਬਾਬਾ ਫੂਲਾ ਸਿੰਘ ਨੇ ਅਜਿਹੇ ਜੋਸ ਵਿਚ ਆ ਕੇ ਜੰਗ ਕੀਤੀ ਕਿ ਉਨ੍ਹਾਂ ਸੈਂਕੜੇ ਅਫਗਾਨਾਂ ਨੂੰ ਡਰਾ ਕੇ ਰਖ ਦਿਤਾ ਤੇ ਅਫਗਾਨਾਂ ਦੀ ਅਜਿਹੀ ਭਾਜੜ ਪਈ ਕਿ ਉਹ ਹਾਇ-ਹਾਇ ਕਰਦੇ ਕਹਿਣ ਲਗ ਗਏ ਕਿ ਲਗਦਾ ਹੈ ਇਨ੍ਹਾਂ ਅਕਾਲੀਆ ਵਿਚ ਆਪਣੇ ਗੁਰੂ ਦਾ ਜੋਰ ਆ ਗਿਆ ਹੈ ਇਤਿਹਾਸਕਾਰਾਂ ਦੇ ਅੰਦਾਜੇ ਨਾਲ ਮਰਨ ਵਾਲੇ ਸਿੰਘਾਂ ਦੀ ਗਿਣਤੀ 5000 ਦੇ ਕਰੀਬ ਸੀ ਤੇ ਅਫਗਾਨਾ ਦੀ ਗਿਣਤੀ 10,000 ਤੋਂ ਉਪਰ ਸੀ ਅਕਾਲੀ ਜੀ ਦੀਆਂ ਜੇਤੂ ਫੋਜਾਂ ਸਤਿ ਸ੍ਰੀ ਅਕਾਲ ਦੇ ਨਾਹਰਿਆ ਨਾਲ ਵਾਪਿਸ ਡੇਰੇ ਪਰਤ ਰਹੀਆ ਸਨ ਰਾਤ ਦੇ ਹਲਕਾ ਹਨੇਰਾ ਪੈ ਰਿਹਾ ਸੀ ਅਚਾਨਕ ਉਮਰਗੁਲ ਨਾਲ ਦਾ ਇਕ ਪਠਾਣ ਜਿਹੜਾ ਪਥਰ ਦੇ ਪਿਛੇ ਲੁਕ ਕੇ ਬੈਠਾ ਸੀ ਉਸ ਅਕਾਲੀ ਜੀ ਉਪਰ ਗੋਲੀ ਚਲਾ ਦਿਤੀ ਜਿਸ ਵਿਚ ਦੋ ਗੋਲੀਆ ਅਕਾਲੀ ਜੀ ਦੇ ਮਥੇ ਤੇ ਵਜੀਆ ਜਿਸ ਨਾਲ ਅਕਾਲੀ ਬਾਬਾ ਫੂਲਾ ਸਿੰਘ 14 ਮਾਰਚ 1823 ਈ: ਨੂੰ ਗੁਰਚਰਨ ਵਲ ਉਡਾਰੀ ਮਾਰ ਗਏ ਇਸ ਜੰਗ ਵਿਚ ਅਕਾਲੀ ਜੀ ਦਾ ਹਾਥੀ ਵੀ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਕਿਸੇ ਘੋਰ ਸਵਾਰ ਨੇ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦ ਹੋ ਜਾਣ ਦੀ ਖਬਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਜਾ ਕੇ ਦੇ ਦਿਤੀ ਇਹ ਖਬਰ ਸੁਣਦਿਆਂ ਹੀ ਮਹਾਰਾਜਾ ਰਣਜੀਤ ਦੀਆਂ ਹੀ ਮਹਾਰਾਜਾ ਰਣਜੀਤ ਦੀਆਂ ਅਖਾ ਵਿਚ ਅਥਰੂ ਭਰ ਗਏ। ਉਨ੍ਹਾਂ ਥਿਰਕਦੀ ਆਵਾਜ ਵਿਚ ਕਿਹਾ ਕਿ ਇਹ ਜਿਤ ਸਾਨੂੰ ਬਹੁਤ ਮਹਿੰਗੀ ਪੈ ਗਈ ਹੈ ਪਰ ਅਕਾਲੀ ਜੀ ਨੇ ਆਪਣਾ ਪ੍ਰਣ ਪਾਲ ਕੇ ਖਾਲਸਾ ਪੰਥ ਤੇ ਖਾਲਸਾ ਰਾਜ ਦੀ ਲਾਜ ਰਖ ਲਈ ਹੈ। ਜੇਤੂ ਫੋਜਾਂ 17 ਮਾਰਚ 1823 ਨੂੰ ਪਿਸ਼ਾਵਰ ਵਿਚ ਦਾਖਲ ਹੋਈਆ ਤਾਂ ਉਹ ਸਤਿ ਸ੍ਰੀ ਅਕਾਲ ਤੇ ਅਕਾਲੀ ਫੂਲਾ ਸਿੰਘ ਜੀ ਦੀ ਜੈ ਜੈ ਕਾਰ ਦੇ ਨਾਹਰੇ ਲਾ ਰਹੀਆ ਸਨ। ਦੇਸ਼ ਤੇ ਕੌਮ ਲਈ ਸ਼ਹੀਦ ਹੋਣ ਵਾਲਾ ਇਹ ਯੋਧਾ ਸਦਾ-ਸਦਾ ਲਈ ਸਿਖ ਇਤਿਹਾਸ ਵਿਚ ਅਮਰ ਹੋ ਚੁਕਾ ਹੈ।
ਇਸ ਮਹਾਨ ਯੋਧੇ ਦੀ ਸ਼ਹੀਦੀ ਨੂੰ ਯਾਦ ਰਖਦਿਆਂ ਹਰ ਸਾਲ 14 ਮਾਰਚ ਨੂੰ ਜੋੜ-ਮੇਲਾ ਕਰਵਾਇਆ ਜਾਦਾਂ ਹੈ। ਜਿਸ ਅਨੁਸਾਰ ਪਿੰਡ ਦੇਹਲਾ ਸੀਹਾਂ ਵਿਚ ਵਖ-ਵਖ ਰਾਗੀ, ਢਾਡੀ ਜਥੇ, ਸੰਤ ਆਪਣਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਤੇ ਇਕ ਦਿਨ ਪਹਿਲਾ ਨਗਰ ਕੀਰਤਨ ਵੀ ਕਰਵਾਇਆ ਜਾਦਾਂ ਹੈ ਅਤੇ 14 ਮਾਰਚ ਨੂੰ ਅਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਜਾਦਾਂ ਹੈ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਜਾਦਾਂ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਜੀ ਦਾ ਜੀਵਨ ਇਕ ਸਫਲ ਉਜਾਗਰ ਸੂਰਤ ਸੀ ਜੋ ਰਹਿੰਦੀ ਦੁਨੀਆਂ ਤਕ ਅਮਰ ਰਹੇਗਾ।

 

Send this to a friend