May 19, 2026 6:01 am

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਿਗਰਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਕਮੇਟੀ ਦੇ ਕੰਮਕਾਜ ਨੂੰ ਦਰੁਸਤ ਲੀਹਾਂ ’ਤੇ ਤੋਰਨ ਲਈ ਦੂਰਦ੍ਰਿਸ਼ਟੀ ਅਤੇ ਬੇਹੱਦ ਵੱਡੇ ਜਿਗਰੇ ਨਾਲ ਫੈਸਲੇ ਲੈਣ ਦੀ ਜ਼ਰੂਰਤ ਹੈ। ਇਸ ਤੋਂ ਬਿਨਾਂ ਸਿੱਖ ਭਾਈਚਾਰੇ ਦੀ ਇਸ ਮਹਾਨ ਸੰਸਥਾ ਨੂੰ ਬਚਾਇਆ ਨਹੀਂ ਜਾ ਸਕਦਾ। ਇਹ ਚੰਗੀ ਗੱਲ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਰੂਪ ਵਿੱਚ ਇਕ ਬੇਹੱਦ ਸਮਰੱਥ ਅਤੇ ਸੂਝਵਾਨ ਪ੍ਰਧਾਨ ਇਸ ਸੰਸਥਾ ਨੂੰ ਮਿਲਿਆ ਹੈ। ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿੱਚ ਵੱਡੀਆਂ ਤਬਦੀਲੀਆਂ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ’ਚ ਧਰਮ ਪ੍ਰਚਾਰ ਦੇ ਖੇਤਰ ਵਿੱਚ ਵੀ ਸ਼੍ਰੋਮਣੀ ਕਮੇਟੀ ਨੇ ਨਵੇਂ ਸਿਰੇ ਤੋਂ ਵਿਸ਼ਾਲ ਸਰਗਰਮੀ ਆਰੰਭੀ ਹੈ। ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਅੰਦਰ ਸਿਆਸੀ ਦਬਾਅ ਹੇਠ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਭਰਤੀ ਕੀਤੀ ਗਈ। ਇਸ ਭਰਤੀ ਕਾਰਨ ਜਿੱਥੇ ਕਮੇਟੀ ਉਪਰ ਭਾਰੀ ਆਰਥਿਕ ਬੋਝ ਪਿਆ ਉਥੇ ਉਸ ਨੂੰ ਇਸ ਕਾਰਨ ਭਾਰੀ ਆਲੋਚਨਾ ਵੀ ਸਹਿਣੀ ਪੈ ਰਹੀ ਸੀ। ਸ਼੍ਰੋਮਣੀ ਕਮੇਟੀ ਦੇ ਪੁਰਾਣੇ ਮੁਲਾਜ਼ਮਾਂ ਵਿੱਚ ਵੀ ਇਸ ਕਾਰਨ ਨਿਰਾਸ਼ਾ ਅਤੇ ਰੋਸ ਸੀ। ਇਸ ਸਬੰਧ ਵਿੱਚ ਵੱਡਾ ਜਿਗਰਾ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਕ ਬਹੁਤ ਹੀ ਅਹਿਮ ਅਤੇ ਦਰੁਸਤ ਫੈਸਲਾ ਲਿਆ ਗਿਆ ਹੈ। ਪਿਛਲੇ ਸਮੇਂ ਵਿੱਚ ਗੈਰ ਕਾਨੂੰਨੀ ਪ੍ਰਕਿਰਿਆ ਰਾਹੀਂ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਕੀਤੇ ਗਏ 525 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਮੂਹ ਕਾਰਜਕਾਰਨੀ ਅਤੇ ਦੂਸਰੇ ਮੈਂਬਰ ਸਾਹਿਬਾਨ ਇਸ ਫੈਸਲੇ ਲਈ ਬੇਹਦ ਸ਼ਲਾਘਾ ਦੇ ਪਾਤਰ ਹਨ। ਬੇਸ਼ਕ ਇਸ ਫੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਪ੍ਰੰਤੂ ਅਸੂਲ ਦੇ ਪੱਖ ਤੋਂ ਇਹ ਫੈਸਲਾ ਬਿਲਕੁਲ ਸਹੀ ਹੈ। ਸੰਗਤ ਇਸ ਫੈਸਲੇ ਨੂੰ ਸਮਰਥਨ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਕੰਮਕਾਜ ਨੂੰ ਦਰੁਸਤ ਕਰਨ ਲਈ ਇਸ ਫੈਸਲੇ ਦੀ ਵੱਡੀ ਜ਼ਰੂਰਤ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਕ ਵੱਡੇ ਫੈਸਲੇ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਹੈ। ਲਾਜ਼ਮੀ ਤੌਰ ’ਤੇ ਅਜਿਹਾ ਫੈਸਲਾ ਲੈਣ ਲਈ ਉਨ੍ਹਾਂ ਨੂੰ ਇਕ ਕਠਿਨ ਪ੍ਰੀਖਿਆ ਵਿੱਚੋਂ ਵੀ ਗੁਜ਼ਰਨਾ ਪਿਆ ਹੋਵੇਗਾ। ਕਈ ਤਰ੍ਹਾਂ ਦੇ ਸਿਆਸੀ ਦਬਾਅ ਵੀ ਦਰਕਿਨਾਰ ਕੀਤੇ ਹੋਣਗੇ, ਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਇਸ ਪ੍ਰੀਖਿਆ ਵਿੱਚ ਪਾਸ ਹੋ ਕੇ ਨਿਕਲੇ ਹਨ। ਲਾਜ਼ਮੀ ਤੌਰ ’ਤੇ ਉਨ੍ਹਾਂ ਵੱਲੋਂ ਲਏ ਗਏ ਇਸ ਅਹਿਮ ਅਤੇ ਵੱਡੇ ਫੈਸਲੇ ਦਾ ਕਮੇਟੀ ਦੇ ਕੰਮਕਾਜ ਉਪਰ ਬਹੁਤ ਹਾਂ ਪੱਖੀ ਅਸਰ ਪਵੇਗਾ। ਸ਼੍ਰੋਮਣੀ ਕਮੇਟੀ ਇਕ ਧਾਰਮਿਕ ਸੰਸਥਾ ਹੈ। ਇਸ ਸੰਸਥਾ ਦੇ ਕੰਮਕਾਜ ਨੂੰ ਚਲਾਉਣ ਲਈ ਅਸੂਲਾਂ ਨੂੰ ਦਰਕਿਨਾਰ ਕਰਨਾ ਸਹੀ ਨਹੀਂ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸੇ ਤਰ੍ਹਾਂ ਕੁਝ ਹੋਰ ਅਹਿਮ ਮੁੱਦਿਆਂ ’ਤੇ ਸਖਤ ਫੈਸਲੇ ਲੈ ਕੇ ਕੌਮ ਅਤੇ ਸ਼੍ਰੋਮਣੀ ਕਮੇਟੀ ਨੂੰ ਸਹੀ ਦਿਸ਼ਾ ਵੱਲ ਤੋਰਨਗੇ। ਸਿੱਖ ਪੰਥ ਨੂੰ ਇਸ ਮਾਮਲੇ ਵਿੱਚ ਕਮੇਟੀ ਪ੍ਰਧਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਕਮੇਟੀ ਦੇ ਕੰਮਕਾਜ ਨੂੰ ਹੋਰ ਦਰੁਸਤ ਲੀਹਾਂ ’ਤੇ ਤੋਰ ਸਕਣ।
– ਬਲਜੀਤ ਸਿੰਘ ਬਰਾੜ

Send this to a friend