May 21, 2026 6:40 am

ਬੱਚਿਆਂ ਤੋਂ ਲੈ ਕੇ ਅਫਸਰ ਅਵਾਰਾ ਕੁੱਤਿਆਂ ਦੇ ਸ਼ਿਕਾਰ

ਪੰਜਾਬ ਵਾਸੀਆਂ ਨੂੰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿਤਾਂ ਲਈ ਬਣੇ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਵਾਰਾ ਕੁੱਤਿਆਂ ਦੀ ਇੱਕ ਨਵੀਂ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ ’ਤੇ ਕਈ ਮਨੁੱਖੀ ਜਾਨਾਂ ਨੂੰ ਵੀ ਇੰਨ੍ਹਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਹਰ ਸਹਿਰ,ਕਸਬੇ ਅਤੇ ਪਿੰਡਾਂ ਅੰਦਰ ਅਵਾਰਾ ਕੁੱਤਿਆਂ ਦੇ ਵੱਡੇ ਵੱਡੇ ਝੁੰਡ ਅਕਸਰ ਹੀ ਨਜ਼ਰ ਆੳਂੁਦੇ ਹਨ,ਰਾਹਗੀਰ ਇੰਨ੍ਹਾਂ ਨੂੰ ਵੇਖ ਕੇ ਭੈਭੀਤ ਹੋ ਜਾਂਦਾ ਹੈ। ਪੰਜਾਬ ਵਿੱਚ ਆਵਾਰਾ ਕੁੱਤਿਆਂ ਦੇ ਟੋਲੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਏ ਹਨ। ਪਿਛਲੇ ਅੱਧ ਦਹਾਕੇ ’ਚ ਲੋਕਾਂ ਨੇ ਘਰਾਂ ਵਿੱਚ ਵੱਖ-ਵੱਖ ਨਸ਼ਲਾਂ ਦੇ ਲੜਾਕੂ ਕੁੱਤੇ ਰੱਖਣ ਦਾ ਰੁਝਾਨ ਵੀ ਕਾਫੀ ਪਾਇਆ ਜਾ ਰਿਹਾ ਸੀ ਅਤੇ ਸਰਦੇ-ਪੁੱਜਦੇ ਘਰਾਂ ਦੇ ਕਾਕਿਆਂ ਵਿੱਚ ਤਾਂ ਕੁੱਤੇ ਲੜਾਉਣ ਦਾ ਸ਼ੌਕ ਵੀ ਪੈਦਾ ਹੋ ਗਿਆ ਸੀ। ਇਹ ਲੜਾਕੂ ਕੁੱਤੇ ਇੰਨ੍ਹੇ ਹੰਕਾਰ ਗਏ ਕੇ ਘਰਾਂ ਵਿੱਚ ਹੀ ਪਰਿਵਾਰਿਕ ਮੈਂਬਰਾਂ ਅਤੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਸਮਝਣ ਲਗ ਪਏ। ਇਹ ਸਭ ਕੁਝ ਵਾਪਰਨ ਤੇ ਇੰਨ੍ਹਾਂ ਖੰਖਾਰੂ ਕੁੱਤਿਆਂ ਨੂੰ ਬਹੁਤਿਆਂ ਨੇ ਤਾਂ ਔਰ-ਪੌਰ ਕਰਕੇ ਇਧਰ-ਓਧਰ ਕਰ ਦਿੱਤੇ ਅਤੇ ਕੁਝ ਲੋਕ ਇਹੋ ਜਿਹੇ ਵੀ ਹਨ ਜੋ ਰਾਤ ਬਰਾਤੇ ਆਪਣੇ ਪਿੰਡ ਤੋਂ ਕਾਫੀ ਦੂਰ ਸੁੰਨੀਆਂ ਥਾਵਾਂ ਤੇ ਛੱਡ ਆਏ। ਇਨ੍ਹਾਂ ਅਵਾਰਾ ਕੁੱਤਿਆਂ ਦੁਆਰਾ ਛੋਟੇ ਬੱਚਿਆਂ,ਬਜੁਰਗਾਂ ਅਤੇ ਆਮ ਨਾਗਰਿਕਾਂ ਨੂੰ ਨੋਚ ਕੇ ਖਾ ਜਾਣ ਦੀਆਂ ਦੁਖਦਾਈ ਘਟਨਾਵਾਂ ਪੜ੍ਹਨ ਸੁਣਨ ਨੂੰ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਮਾਸਖੋਰੇ ਇਹ ਕੁੱਤੇ ਹੱਡਾਂ ਰੋੜੀ,ਹੋਟਲ,ਢਾਬੇ ਅਤੇ ਮੈਰਿਜ ਪੈਲਸਾਂ ਨੇੜੇ ਰਹਿ ਕੇ ਵਧਦੇ ਫੁਲਦੇ ਖੂੰਖਾਰੂ ਬਣ ਗਏ ਹਨ। ਹਨੇਰੇ ਸਵੇਰੇ ਇੱਕਲਾ ਮਨੁੱਖ ਇਨ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਮੱਝਾਂ ਗਾਵਾਂ,ਪਾਲਤੂ ਬੱਕਰੀਆਂ ਭੇਡਾਂ ਵੀ ਇੰਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਮਾਸਖੋਰੇ ਕੁੱਤੇ ਮੌਕਾ ਭਾਂਪ ਕੇ ਮੁਰਗੀਆਂ ਦੇ ਪੋਲਟਰੀ ਫਾਰਮ ਉੱਪਰ ਹਮਲਾ ਕਰਕੇ ਪੋਲਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇੱਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਆਂਕੀ ਗਈ ਹੈ। ਇਹ ਘੱਟ ਵੱਧ ਵੀ ਹੋ ਸਕਦੀ ਹੈ। ਇਥੇ ਸਵਾਲ ਇੰਨ੍ਹਾਂ ਦੀ ਗਿਣਤੀ ਦਾ ਨਹੀਂ ਹੈ ਸਗੋਂ ਇੰਨ੍ਹਾਂ ਦੁਆਰਾ ਸਮਾਜ ਦੇ ਕੀਤੇ ਜਾ ਰਹੇ ਨੁਕਸਾਨ ਦਾ ਹੈ। ਪਿਛੇ ਜਿਹੇ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਇੰਨ੍ਹਾਂ ਦੀ ਨਸ਼ਬੰਦੀ ਕੀਤੇ ਜਾਣ ਦੀ ਯੋਜਨਾ ਬਣਾਈ ਸੀ,ਕੁਝ ਵੱਡੇ ਸਹਿਰਾਂ ਵਿੱਚ ਤਜਰਬੇ ਦੇ ਤੌਰ ਤੇ ਇਸ ਨੂੰ ਲਾਗੂ ਵੀ ਕੀਤਾ ਗਿਆ ਪਰ ਸਰਕਾਰ ਦੀ ਅਜਿਹੀ ਯੋਜਨਾ ਦੇ ਕੋਈ ਸਾਰਥਿਕ ਸਿੱਟੇ ਸਾਹਮਣੇ ਨਹੀਂ ਆ ਸਕੇ। ਅੱਜ ਤੋਂ ਕੋਈ ਤਿੰਨ/ਚਾਰ ਦਹਾਕੇ ਪਹਿਲਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਪਿੰਡਾਂ ਕਸਬਿਆਂ ਅੰਦਰ ਜਹਿਰਲੀ ਦਵਾਈ ਪਾ ਕੇ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਜਾਂਦੀ ਸੀ,ਜਿਸ ਵਿੱਚ ਪੰਚਾਇਤਾਂ ਅਤੇ ਆਮ ਲੋਕ ਵੀ ਸਹਿਯੋਗ ਦਿੰਦੇ ਸਨ। ਇਸ ਮੁਹਿੰਮ ਦੌਰਾਨ ਮਾਰੇ ਗਏ ਕੁੱਤਿਆਂ ਨੂੰ ਡੂੰਘੇ ਟੋਏ ਪੁੱਟ ਕੇ ਦੱਬ ਦਿੱਤਾ ਜਾਂਦਾ ਸੀ। ਉਦੋਂ ਸਿਰਫ ਪਟਾ ਪਾਏ ਕੁੱਤੇ ਨੂੰ ਹੀ ਪਾਲਤੂ ਮੰਨ ਕੇ ਬਚਾਇਆ ਜਾਂਦਾ ਸੀ। ਇਸ ਤਰ੍ਹਾਂ ਹੋਣ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਅੱਜ ਵਾਂਗ ਖਤਰੇ ਦੀ ਹੱਦ ਤੱਕ ਨਹੀਂ ਸੀ ਜਾਂਦੀ। ਪਿਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਅਵਾਰਾ ਕੁੱਤੇ ਨੇ ਬਠਿੰਡੇ ਜਿਲ੍ਹੇ ਦੇ ਇੱਕ ਪ੍ਰਮੁੱਖ ਅਧਿਕਾਰੀ ਨੂੰ ਉਸ ਵੇਲੇ ਵੱਢ ਖਾਧਾ ਜਦੋਂ ਉਹ ਆਪਣੇ ਸੁਰੱਖਿਆ ਕਰਮੀਆਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਿਹਾ ਸੀ।ਇਹ ਘਟਨਾ ਵਾਪਰ ਜਾਣ ਤੇ ਅਧਿਕਾਰੀ ਦੇ ਅੰਗ-ਰੱਖਿਅਕ ਨੂੰ ਵੀ ਨਿਮੋਸੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਜਿਲ੍ਹੇ ਦੇ ਮੇਅਰ ਨੇ ਦੂਸਰੇ ਦਿਨ ਹੀ ਐਲਾਨ ਕਰ ਦਿੱਤਾ ਕਿ ਅਵਾਰਾ ਕੁੱਤਿਆਂ ਲਈ ਨਗਰ ਨਿਗਮ ਇੱਕ ਵੱਖਰੀ ਬਿਲਡਿੰਗ ਬਣਾਏਗਾ,ਜਿਥੇ ਸਹਿਰ ਵਿੱਚੋਂ ਅਵਾਰਾ ਕੁੱਤੇ ਫੜ ਕੇ ਰੱਖੇ ਜਾਣਗੇ ਇਸ ਦਾ ਸਾਰਾ ਖਰਚ ਨਗਰ ਨਿਗਮ ਆਪ ਹੀ ਉਠਾਏਗਾ। ਇੱਥੋ ਤੱਕ ਕਿ ਅਵਾਰਾਂ ਕੁੱਤਿਆਂ ਨੂੰ ਫੜਨ ਲਈ ਨਾਗਾਲੈਂਡ ਤੋਂ ਮਾਹਿਰਾਂ ਨੂੰ ਵੀ ਬੁਲਾਉਣ ਦੀ ਗੱਲ ਚੱਲੀ ਸੀ। ਪਿੱਛੇ ਜਿਹੇ ਅਜਨਾਲਾ ਵਿੱਚ ਤਿੰਨ ਸਾਲ ਦੇ ਇੱਕ ਮਾਸ਼ੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ, ਇਸ ਤੋਂ ਇਲਾਵਾ ਕੈਰੋਵਾਲ ਵਿਖੇ ਵੀ ਇੱਕ ਹੋਰ ਬੱਚੇ ਨੂੰ ਇਨ੍ਹਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਤਾਂ ਉਸ ਸਮੇਂ ਦੀ ਮੌਜੂਦਾ ਸਰਕਾਰ ਜਾਂ ਪ੍ਰਸ਼ਾਸਨ ਨੇ ਇਹੋ ਜਿਹੇ ਕਦਮ ਚੁੱਕਣੇ ਮੁਨਾਸਿਫ ਕਿਉਂ ਨਹੀਂ ਸਮਝੇ ? ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਬਣ ਗਏ ਹਨ ਕਿ ਮਨੁੱਖ ਜਾਤੀ ਨੂੰ ਖੰਖਾਰੂ ਕੁੱਤੇ ਤਾਂ ਨੋਚ ਨੋਚ ਕੇ ਖਾ ਸਕਦੇ ਹਨ ਪਰ ਇੰਨ੍ਹਾਂ ਅਵਾਰਾ ਖੰਖਾਰੂ ਕੁੱਤਿਆਂ ਨੂੰ ਮਾਰਨ ਤੇ ਮਨੁੱਖ ਨੂੰ ਸਜਾ ਹੋ ਸਕਦੀ ਹੈ। ਇਹੋ ਜਿਹੇ ਕਾਨੂੰਨ ਬਨਾਉਣ ਸਮੇਂ ਇੰਨ੍ਹਾਂ ਦੀ ਆਬਾਦੀ ਵਧਣ ਤੋਂ ਰੋਕਣ ਲਈ ਕੋਈ ਠੋਸ ਬਦਲ ਨਹੀਂ ਲੱਭਿਆ ਗਿਆ ਜਾਂ ਫਿਰ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ। ਜਦ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੀਆਂ ਗੋਲੀਆਂ ਦੇ ਕੇ ਮਾਰਨ ਤੇ ਪਾਬੰਧੀ ਲਾਈ ਗਈ ਸੀ ਜੇਕਰ ਉਸ ਸਮੇਂ ਤੋਂ ਹੀ ਸਰਕਾਰਾਂ ਨੇ ਜਿਲ੍ਹਾ ਪੱਧਰ ਤੋਂ ਲੈ ਕੇ ਸਰਕਾਰੀ ਪਸ਼ੂ ਹਸਪਤਾਲਾਂ ਪਿੰਡ ਪੱਧਰ ਤੱਕ ਦੀਆਂ ਪਸ਼ੂਆਂ ਦੀਆਂ ਡਿਸ਼ਪੈਸ਼ਰੀਆਂ ਵਿੱਚ ਡਿਊਟੀ ਕਰ ਰਹੇ ਡਾਕਟਰਾਂ ਅਤੇ ਨਗਰ ਪਾਲਿਕਾ,ਨਗਰ ਪੰਚਾਇਤਾਂ ਅਤੇ ਪੰਚਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਉਨ੍ਹਾਂ ਦੇ ਖੇਤਰ ਅਧੀਨ ਆਊਂਦੇ ਇਲਾਕੇ ਵਿੱਚ ਕੋਈ ਅਵਾਰਾ ਕੁੱਤਾ ਨਜ਼ਰ ਆਵੇ ਤਾਂ ਉਸ ਦੀ ਨਸ਼ਬੰਦੀ ਕਰਨਾ ਜਾਂ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਕਿਉਂਕਿ ਉਸ ਸਮੇਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਨਾ-ਮਾਤਰ ਹੀ ਸੀ ਜੇਕਰ ਕੋਈ ਕੁੱਤਾ ਅਵਾਰਾ ਮਿਲਦਾ ਤਰੁੰਤ ਉਸਦੀ ਨਸ਼ਬੰਦੀ ਕਰ ਦਿੱਤੀ ਜਾਂਦੀ ਤਾਂ ਹੋ ਸਕਦਾ ਸੀ ਅਵਾਰਾ ਕੁੱਤਿਆਂ ਵਾਲੀ ਇਹ ਸਮੱਸਿਆ ਇੱਥੋਂ ਤੱਕ ਨਾ ਪੁੱਜਦੀ ਅਤੇ ਨਾ ਹੀ ਕਿਸੇ ਮਨੁੱਖੀ ਜਾਨ ਨੂੰ ਇੰਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਨਾ ਪੈਂਦਾ।

 

Send this to a friend