ਲਹਿਰਾਗਾਗਾ, 11 ਮਾਰਚ (ਰਣਜੀਤ ਸਿੰਘ ਵਾਲੀਆ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਅੱਜ 12 ਮਾਰਚ ਨੂੰ ਲਹਿਰਾਗਾਗਾ ਵਿੱਚ ਕਰਵਾਈ ਜਾ ਰਹੀ ੂਪੋਲ ਖੋਲ ਰੈਲੀ ਇਤਿਹਾਸਕ ਹੋਵੇਗੀੂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਸੰਬੰਧੀ ਤਿਆਰੀ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਸ. ਢੀਂਡਸਾ ਨੇ ਕਿਹਾ ਕਿ ਇਸ ਰੈਲੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕ ਪੂਰੇ ਗੁੱਸੇ ਵਿੱਚ ਹਨ। ਕੈਪਟਨ ਸਰਕਾਰ ਨੇ ਜਿੱਥੇ ਲੋਕ ਭਲਾਈ ਸਕੀਮਾਂ ਉਤੇ ਰੋਕ ਲਾ ਦਿੱਤੀ ਹੈ ਉਥੇ ਸਿੱਖਿਆ ਸਿਹਤ ਅਤੇ ਲੋਕ ਪੱਖੀ ਕਾਰਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਲਿਆਣਕਾਰੀ ਸਕੀਮਾਂ ਦੀ ਬਜਾਏ ਲੋਕਾਂ ਤੋਂ ਧਨ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਲੋਕਾਂ ਵਿੱਚ ਹਾ-ਹਾ ਕਰ ਮੱਚੀ ਹੋਈ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕ ਕਿਸੇ ਸਰਕਾਰ ਤੋਂ ਇੱਕ ਸਾਲ ਦੇ ਅੰਦਰ-ਅੰਦਰ ਹੀ ਅੱਕ ਗਏ ਹੋਣ। ਉਨ੍ਹਾਂ ਲਹਿਰਾਗਾਗਾ ਤੇ ਹਲਕਾ ਨਿਵਾਸੀਆਂ ਨੂੰ ਇਸ ਰੈਲੀ ਵਿੱਚ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਹੈ। ਸ. ਢੀਂਡਸਾ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਰੈਲੀ ਅੰਦਰ ਪੁੱਜਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਸ਼ਵਨੀ ਜਿੰਦਲ ਆਸ਼ੂ ਕੌਮੀ ਸਕੱਤਰ, ਵਿਨੋਦ ਸਿੰਗਲਾ ਜ਼ਿਲ੍ਹਾ ਜਨਰਲ ਸਕੱਤਰ, ਅਨਿਲ ਗਰਗ ਐਡਵੋਕੇਟ, ਭਾਜਪਾ ਆਗੂ ਕੇਵਲ ਕ੍ਰਿਸ਼ਨ ਸਿੰਗਲਾ, ਅਸ਼ਵਨੀ ਸਿੰਗਲਾ ਅਤੇ ਜਸਵੰਤ ਹੈਪੀ ਆਦਿ ਹਾਜ਼ਰ ਸਨ।