ਫੂਲ ਟਾਊਨ, 11 ਮਾਰਚ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਫੂਲ ਅੰਦਰ ਟਰੈਕਟਰ ਟਰਾਲੀ ਅਤੇ ਮੋਟਰਸਾਇਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਜੋ ਕਿ ਪੰਜਾਬ ਹੋਮ ਗਾਰਡ ਦਾ ਜਵਾਨ ਸੀ ,ਆਪਣੇ ਮੋਟਰਸਾਇਕਲ ਤੇ ਹਫਤਵਾਰੀ ਛੁੱਟੀ ਕੱਟ ਕੇ ਘਰੋਂ ਅੱਜ ਥਾਣਾ ਸਦਰ ਗਿੱਲਾ ਕਲਾਂ ਵਿੱਖੇ ਡਿਊਟੀ ਤੇ ਜਾਣ ਲਈ ਘਰੋ ਨਿਕਲਿਆ ਸੀ ਕਿ ਪਾਰੋ ਬੀਬੀ ਮੰਦਰ ਦੇ ਬੱਸ ਅੱਡੇ ਨਜਦੀਕ ਆ ਰਹੇ ਟਰੈਕਟਰ ਟਰਾਲੀ ਨਾਲ ਉਸਦੇ ਮੋਟਰਸਾਇਕਲ ਨੰਬਰ ਪੀ.ਬੀ. 3 ਏ.ਕੇ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਉਕਤ ਹੋਮ ਗਾਰਡ ਦੇ ਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਅਤੇ ਇੱਕ ਲੜਕੀ ਛੱਡ ਗਿਆ ਹੈ। ਮ੍ਰਿਤਕ ਦੇ ਲੜਕੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਟਰੈਕਟਰ ਚਾਲਕ ਸੰਦੀਪ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਟਰੈਕਟਰ ਟਰਾਲੀ ਨੂੰ ਕਬਜੇ ਚ ਲੈ ਕੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।