May 22, 2026 10:43 am

ਸ਼੍ਰੋਮਣੀ ਕਮੇਟੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖੋਲ੍ਹਿਆ ਸਬ ਆਫਿਸ

ਤਲਵੰਡੀ ਸਾਬੋ, 11 ਮਾਰਚ (ਰਾਮ ਰੇਸ਼ਮ ਨਥੇਹਾ)- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਸਮੇਂ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤੀ ਮਾਲਵਾ ਜੋਨ ਦੀ ਗੁਰਮਤਿ ਪ੍ਰਚਾਰ ਲਹਿਰ ਦੇ ਆਰੰਭਤਾ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦਾ ਸਬ ਆਫਿਸ ਖੋਲਣ ਸਬੰਧੀ ਕੀਤੇ ਐਲਾਨ ਦੇ ਤਹਿਤ ਅੱਜ ਸਬ ਦਫਤਰ ਦਾ ਰਸਮੀ ਉਦਘਾਟਨ ਪ੍ਰਧਾਨ ਭਾਈ ਲੌਂਗੋਵਾਲ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬੀਤੀ ਦੇਰ ਸ਼ਾਮ ਤੋਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਹੋਏ ਸਨ ਤੇ ਉਨਾਂ ਨੇ ਜਿੱਥੇ ਅੱਜ ਤਖਤ ਸਾਹਿਬ ਤੇ ਹੋਣ ਵਾਲੇ ਹਫਤਾਵਾਰੀ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਉਥੇ ਸ਼੍ਰੋਮਣੀ ਕਮੇਟੀ ਦੇ ਸਬ ਦਫਤਰ ਦਾ ਉਦਘਾਟਨ ਕੀਤਾ।
ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਹਿਰ ਨੂੰ ਹੋਰ ਗਤੀ ਪ੍ਰਦਾਨ ਕਰਨ ਜਾ ਰਹੀ ਹੈ ਤੇ ਇਸ ਸਬੰਧੀ ਕਈ ਯੋਜਨਾਵਾਂ ਵਿਚਾਰ ਅਧੀਨ ਹਨ।ਉਨਾ ਕਿਹਾ ਕਿ ਸਬ ਦਫਤਰ ਖੁੱਲਣ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਸਬੰਧੀ ਉਲੀਕੀਆਂ ਜਾਣ ਵਾਲੀਆਂ ਕਈਆਂ ਯੋਜਨਾਵਾਂ ਅਤੇ ਕਈ ਦਫਤਰੀ ਕੰਮਾਂ ਨੂੰ ਇੱਥੇ ਹੀ ਪ੍ਰਵਾਨਗੀ ਮਿਲ ਸਕਿਆ ਕਰੇਗੀ ਤੇ ਛੋਟੇ ਮੋਟੇ ਕੰਮਾਂ ਲਈ ਹੁਣ ਤਖਤ ਸਾਹਿਬ ਦੇ ਪ੍ਰਬੰਧਕਾਂ ਤੇ ਮੁਲਾਜਮਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚਲੇ ਮੁੱਖ ਦਫਤਰ ਜਾਣ ਦੀ ਲੋੜ ਨਹੀ ਪਿਆ ਕਰੇਗੀ।ਉਨਾ ਦੱਸਿਆ ਕਿ ਉਕਤ ਦਫਤਰ ਵਿੱਚ ਇੱਕ ਸਕੱਤਰ ਪੱਧਰ ਦਾ ਅਧਿਕਾਰੀ ਤੇ ਮੁਲਾਜਮਾਂ ਦੀ ਇੱਕ ਟੀਮ ਨਿਯੁਕਤ ਕਰ ਦਿੱਤੀ ਗਈ ਹੈ ਜੋ ਸਾਰੇ ਕੰਮਕਾਜ ਦੇਖੇਗੀ।ਪ੍ਰਧਾਨ ਨੇ ਦੱਸਿਆ ਕਿ ਭਾਈ ਕੇਵਲ ਸਿੰਘ ਭੂਰਾ ਕੋਹਨਾ ਨੂੰ ਉਕਤ ਸਬ ਦਫਤਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਹਾਜਿਰ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮਾ ਸਾਹਿਬ ਵਿਖੇ ਸਬ ਦਫਤਰ ਖੋਲਣ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਧਰਮ ਪ੍ਰਚਾਰ ਸਮੇਤ ਕਈ ਹੋਰ ਕਾਰਜਾਂ ਸਬੰਧੀ ਪ੍ਰਵਾਨਗੀ ਲੈਣੀ ਸੌਖਾਲੀ ਹੋ ਜਾਵੇਗੀ। ਇਸ ਮੌਕੇ ਪ੍ਰਧਾਨ ਲੌਂਗੋਵਾਲ ਨੇ ਤਖਤ ਸਾਹਿਬ ਤੇ ਹਰ ਐਤਵਾਰ ਹੋਣ ਵਾਲੇ ਹਫਤਾਵਾਰੀ ਗੁਰਮਤਿ ਸਮਾਗਮਾਂ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਹਲਕਿਆਂ ਵੱਲੋਂ ਹਫਤਾਵਾਰੀ ਲੰਗਰ ਲਗਾਏ ਜਾਣ ਦੀ ਪ੍ਰਕ੍ਰਿਆ ਦਾ ਵੀ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਹੁਣ ਜਿਸ ਹਲਕੇ ਦੀ ਡਿਊਟੀ ਲੱਗਿਆ ਕਰੇਗੀ ਉਥੋਂ ਦੀ ਸੰਗਤ ਆ ਕੇ ਲੰਗਰ ਤਿਆਰ ਕਰਕੇ ਵਰਤਾਇਆ ਕਰੇਗੀ ਤਾਂਕਿ ਸੰਗਤ ਲੰਗਰ ਪਰੰਪਰਾ ਨਾਲ ਹੋਰ ਨੇੜਿਉਂ ਜੁੜ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ,ਜਥੇ:ਗੁਰਤੇਜ ਸਿੰਘ ਢੱਡੇ ਤੇ ਭਾਈ ਨਵਤੇਜ ਸਿੰਘ ਕਾਉਣੀ ਦੋਵੇਂ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਅਮਰਜੀਤ ਸਿੰਘ ਚਾਵਲਾ ਸਾਬਕਾ ਅੰਤ੍ਰਿਗ ਮੈਂਬਰ, ਭਾਈ ਮੋਹਣ ਸਿੰਘ ਬੰਗੀ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਰਾਏਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਉਦੈ ਸਿੰਘ ਲੌਂਗੋਵਾਲ ਸਾਬਕਾ ਮੈਂਬਰ, ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ,ਭਾਈ ਦਰਬਾਰਾ ਸਿੰਘ, ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ, ਭਾਈ ਜਗਤਾਰ ਸਿੰਘ ਕੀਰਤਪੁਰੀ ਤੇ ਭਾਈ ਜਗਤਾਰ ਸਿੰਘ,ਭਾਈ ਭੋਲਾ ਸਿੰਘ ਧਰਮ ਪ੍ਰਚਾਰ ਦਫਤਰ,ਭਾਈ ਗੁਰਸੇਵਕ ਸਿੰਘ ਕਿੰਗਰਾ,ਭਾਈ ਭੁਪਿੰਦਰ ਸਿੰਘ ਲਹਿਰੀ ਤੇ ਭਾਈ ਕੁਲਵਿੰਦਰ ਸਿੰਘ ਬੰਗੀ ਆਦਿ ਹਾਜ਼ਰ ਸਨ।

Send this to a friend