ਦੋਵੇਂ ਦੇਸ਼ ਇੱਕ-ਦੂਜੇ ਦੇ ਫੌਜੀ ਟਿਕਾਣਿਆਂ ਦੀ ਵਰਤੋਂ ਕਰਨਗੇ
ਨਵੀਂ ਦਿੱਲੀ, 10 ਮਾਰਚ- ਭਾਰਤ ਤੇ ਫਰਾਂਸ ਨੇ ਇਕ-ਦੂਜੇ ਦੇ ਫੌਜੀ ਟਿਕਾਣਿਆਂ ਦੀ ਵਰਤੋਂ ਤੇ ਫੌਜ ਦੇ ਸਾਜੋ-ਸਾਮਾਨ ਦੀ ਅਦਲਾ-ਬਦਲੀ ਤੇ ਗੁਪਤ ਸੂਚਨਾਵਾਂ ਦੀ ਸੁਰੱਖਿਆ ਸਮੇਤ 14 ਖੇਤਰਾਂ ’ਚ ਸਮਝੋਤਿਆਂ ’ਤੇ ਦਸਤਖਤ ਕੀਤੇ ਹਨ।ਭਾਰਤ ਦੀ ਯਾਤਰਾ ’ਤੇ ਆਏ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਵਫਦ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਦੋ-ਪਖੀ ਸਹਿਯੋਗ ਵਧਾਉਣ ਦੇ ਲਈ ਸਿਖਿਆ, ਨਸ਼ੀਲੇ ਪਦਾਰਥਾਂ ਦੀ ਰੋਕਥਾਨ, ਵਾਤਾਵਰਣ, ਰੇਲਵੇ, ਪੁਲਾੜ, ਸ਼ਹਿਰੀ ਵਿਕਾਸ ਤੇ ਕੁਝ ਹੇਰ ਖੇਤਰਾਂ ’ਚ ਵੀ ਸਮਝੋਤਿਆਂ ’ਤੇ ਦੋਵਾਂ ਨੇਤਾਵਾਂ ਦੀ ਮੌਜੂਦਗੀ ’ਚ ਦਸਤਖਤ ਕੀਤੇ।
ਸਭ ਤੋਂ ਮਹੱਤਵਪੂਰਨ ਕਰਾਰ ਰਖਿਆ ਦੇ ਖੇਤਰ ’ਚ ਕੀਤਾ ਗਿਆ ਹੈ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਇਕ-ਦੂਜੇ ਦੇ ਟਿਕਾਣਿਆਂ ਦੀ ਵਰਤੋਂ ਤੇ ਫੌਜੀ ਸਾਜੋ-ਸਾਮਾਨ ਦੀ ਅਦਲਾ-ਬਦਲੀ ਕਰ ਸਕਣਗੀਆਂ। ਰਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਫਰਾਂਸ ਦੇ ਰਖਿਆ ਮੰਤਰੀ ਫਲੋਰੇਂਸ ਪਾਰਲੇ ਨੇ ਇਸ ਸਮਝੋਤੇ ’ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਦੀਆਂ ਫੌਜਾਂ, ਸਾਜੋ-ਸਾਮਾਨ ਦੀ ਸਪਲਾਈ, ਜੰਗੀ ਅਭਿਆਸ, ਸਿਖਲਾਈ, ਮਨੁਖੀ ਸਹਾਇਤਾ ਤੇ ਆਪਦਾ ਕਾਰਜਾਂ ‘ਚ ਵੀ ਸਹਿਯੋਗ ਕਰਨਗੇ। ਅਮਰੀਕਾ ਤੋਂ ਬਾਅਦ ਫਰਾਂਸ ਅਜਿਹਾ ਦੂਜਾ ਦੇਸ਼ ਹੈ, ਜਿਸ ਦੇ ਨਾਲ ਭਾਰਤ ਨੇ ਇਸ ਤਰ੍ਹਾਂ ਦਾ ਸਮਝੋਤਾ ਕੀਤਾ ਹੈ। ਦੋਵੇਂ ਦੇਸ਼ਾਂ ਦਰਮਿਆਨ ਗੁਪਤ ਸੂਚਨਾਵਾਂ ਦੀ ਸੁਰੱਖਿਆ ’ਤੇ ਵੀ ਸਮਝੌਤਾ ਹੋਇਆ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ। ਫਰਾਂਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਰਤ ਨਾਲ ਮਜ਼ਬੂਤ ਇਤਿਹਾਸਿਕ ਸਬੰਧ ਹਨ। ਭਾਰਤ ਨੂੰ ਅਸੀਂ ਹੁਣ ਆਪਣਾ ਕੂਟਨੀਤਕ ਸਾਂਝੇਦਾਰ ਬਣਾ ਰਹੇ ਹਾਂ।