‘‘ਮੇਰੇ ਮਨ ਦੀ ਕਬਰ ਵਿੱਚੋਂ ਇਕ ਹੂਕ ਉਠ ਰਹੀ ਹੈ, ਬੀਤ ਗਏ ਚੰਗੇ ਦਿਨਾਂ ਦੀ ਯਾਦ ਦੀ ਹੂਕ। ਮੇਰਾ ਵਜੂਦ ਰਾਖ ਦੀ ਢੇਰੀ ਹੈ ਜਿਸ ਵਿੱਚੋਂ ਕੋਈ ਵੀ ਅੰਗਿਆਰ ਨਹੀਂ ਮੱਘ ਰਿਹਾ। ਮੈਂ ਤਾਂ ਸਮਝਦੀ ਸਾਂ ਕਿ ਮੈਂ ਉਹ ਅੰਗਿਆਰ ਹਾਂ, ਜਿਸ ਦੀ ਅਗਨੀ ਉਮਰ ਭਰ ਨਹੀਂ ਬੁਝਣੀ ਪਰ ਮੈਂ ਤਾਂ ਗਲਤ ਸੋਚਦੀ ਰਹੀ। ਮੈਂ ਤਾਂ ਕੁਝ ਵੀ ਨਹੀਂ। ਮੈਨੂੰ ਕੋਈ ਪਿਆਰ ਨਹੀਂ ਕਰਦਾ। ਮੈਂ ਬਹੁਤ ਉਦਾਸ ਹਾਂ। ਉਦਾਸੀ ਦੇ ਕਾਲੇ ਖੂਹ ਵਿੱਚ ਗਰਕ ਰਹੀ ਹਾਂ’’ ਮੇਰੀ ਦੋਸਤ ਵੱਲੋਂ ਅਜਿਹੀ ਭਾਵਨਾ ਫੋਨ ’ਤੇ ਦੱਸੀ ਜਾ ਰਹੀ ਹੈ। ਉਸ ਦੇ ਮਨ ਉਤੇ ਉਦਾਸੀ ਦਾ ਆਲਮ ਭਾਰੂ ਹੋ ਚੁੱਕਿਆ ਹੈ। ਦੂਜੇ ਪਾਸੇ ਉਸ ਦਾ ਵਸਤਾ ਰਸਦਾ ਪਰਿਵਾਰ ਹੈ। ਉਸ ਦਾ ਪਤੀ ਹੈ, ਬੱਚੇ ਹਨ, ਰਿਸ਼ਤੇਦਾਰ ਹਨ, ਦੋਸਤ ਹਨ ਪਰ ਫਿਰ ਵੀ ਉਹ ਖੁਸ਼ੀ ਦੇ ਅਹਿਸਾਸ ਤੋਂ ਵਾਂਝੀ ਹੋ ਰਹੀ ਹੈ। ਕਈ ਵਾਰ ਅਜਿਹਾ ਹੋ ਜਾਂਦਾ ਹੈ ਤੁਹਾਡਾ ਆਲੇ-ਦੁਆਲੇ ਅਤੇ ਪਰਿਵਾਰ ਵਿੱਚ ਸਭ ਕੁੱਝ ਠੀਕ ਹੋਣ ਦੇ ਬਾਵਜੂਦ ਤੁਸੀਂ ਉਦਾਸ ਹੋ ਜਾਂਦੇ ਹੋ। ਸਾਡੇ ਮਨ ਮਸਤਕ ਉਪਰ ਨਕਾਰਤਮਕਤਾ ਭਾਰੂ ਹੋ ਜਾਂਦੀ ਹੈ। ਖਾਲੀਪਨ ਜਿਹਾ ਮਹਿਸੂਸ ਹੁੰਦਾ ਹੈ। ਭੁੱਖ ਲਗਣੋ ਹਟ ਜਾਂਦੀ ਹੈ। ਕਿਸੇ ਵੀ ਕੰਮ ਵਿੱਚ ਮਨ ਨਹੀਂ ਲਗਦਾ। ਕਿਸੇ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ। ਭੁੱਖ ਅਤੇ ਪਿਆਸ ਜਾਂ ਤਾਂ ਜ਼ਿਆਦਾ ਲੱਗਦੀ ਹੈ ਅਤੇ ਬਿਲਕੁੱਲ ਭੁੱਖ ਮਰ ਜਾਂਦੀ ਹੈ। ਬੇਚੈਨੀ ਅਤੇ ਚਿੜਚਿੜਾਪਣ ਆ ਜਾਂਦਾ ਹੈ। ਨੀਂਦ ਵੀ ਉਡਾਰੀ ਮਾਰ ਜਾਂਦੀ ਹੈ। ਮਨੁੱਖ ਥਕਿਆ ਜਿਹਾ ਮਹਿਸੂਸ ਕਰਦਾ ਹੈ ਅਤੇ ਮਨੁੱਖ ਦੇ ਮਨ ’ਤੇ ਨਿਰਾਸ਼ਵਾਦ ਭਾਰੂ ਹੋ ਜਾਂਦਾ ਹੈ। ਇਸ ਕਿਸਮ ਦੇ ਉਦਾਸੀ ਦੇ ਆਲਮ ਨੂੰ ਆਪਣੇ ‘ਆਪ’ ਤੇ ਭਾਰੂ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਸ ਤਰ੍ਹਾਂ ਦੇ ਲੱਛਣਾਂ ਵਾਲੇ ਮਨੁੱਖ ਦੇ ਉਲਟ ਆਪਣੇ ਦੋਸਤਾਂ ਦੇ ਘੇਰੇ ਵਿਚੋਂ ਉਸ ਦੋਸਤ ਦੀ ਕਲਪਨਾ ਕਰੋ ਜੋ ਹਮੇਸ਼ਾਂ ਖੁਸ਼ ਰਹਿੰਦਾ ਹੈ। ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਸ਼ਾਇਦ ਇਸੇ ਕਾਰਨ ਗੁਰੂ ਸਾਹਿਬਾਨ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਸੁਨੇਹਾ ਦਿੰਦੇ ਹੋਏ ਦਿਨ ਵਿੱਚ ਅਨੇਕਾਂ ਵਾਰ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਬੋਲ ਦਿੱਤੇ ਹਨ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਮੇਸ਼ਾਂ ਅੱਛਾ ਮਹਿਸੂਸ ਕਰਨਾ ਅਤੇ ਖੁਸ਼ ਰਹਿਣਾ ਇਕ ਕਲਾ ਹੈ। ਇਹ ਕਲਾ ਦੇ ਮਾਹਿਰ ਸਦਾ ਸਕਾਰਤਮਕ ਸੋਚ ਦੇ ਲੋਕ ਹੁੰਦੇ ਹਨ। ਸਕਾਰਤਮਕ ਸੋਚ ਨੂੰ ਅਪਨਾਉਣ ਵਾਲੇ ਲੋਕ ਦੂਜੇ ਵਿਅਕਤੀਆਂ ਦੇ ਗੁਣਾਂ ’ਤੇ ਨਿਗਾਹ ਰੱਖਦੇ ਹਨ। ਛੋਟੀਆਂ-ਛੋਟੀਆਂ ਗੱਲਾਂ ’ਤੇ ਨਾ ਤਾਂ ਉਹ ਨਰਾਜ਼ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਹਾਉਮੈ ਜ਼ਖਮੀ ਹੁੰਦੀ ਹੈ। ਅਜਿਹੀ ਸਖਸ਼ੀਅਤ ਦੇ ਮਾਲਕ ਆਪਣੇ ਇਕ ਮਿੱਤਰ ਨੂੰ ਮੈਂ ਪੁੱਛਦਾ ਹਾਂ ਕਿ ‘‘ਤੂੰ ਹਮੇਸ਼ਾਂ ਖੁਸ਼ ਕਿਵੇਂ ਰਹਿੰਦਾ ਹੈਂ।’’ ਲੋਕ ਤੈਨੂੰ ਕਿਉਂ ਪਸੰਦ ਕਰਦੇ ਹਨ। ਇਸ ਉਮਰ ਵਿੱਚ ਵੀ ਔਰਤਾਂ ਤੇਰੀ ਦੋਸਤੀ ਨੂੰ ਤਰਸਦੀਆਂ ਹਨ?’’
‘‘ਮੈਨੂੰ ਜਦੋਂ ਕੋਈ ਪਰਸਨੈਲਟੀ ਆਪਣੇ ਵੱਲ ਆਕਰਸ਼ਤ ਕਰਦੀ ਹੈ ਤਾਂ ਮੈਂ ਇਹ ਸੋਚਦਾ ਹਾਂ ਕਿ ਉਸ ਦਾ ਕਿਹੜਾ ਗੁਣ ਮੈਨੂੰ ਚੰਗਾ ਲਗਦਾ ਹੈ। ਮੈਂ ਕਿਉਂ ਉਸ ਵੱਲ ਖਿਚਿਆ ਗਿਆ।’’ ਜਦੋਂ ਮੈਂ ਇਹ ਸੋਚਦਾ ਹਾਂ ਤਾਂ ਮੈਨੂੰ ਮੇਰੇ ਸਵਾਲ ਦੇ ਜਵਾਬ ਵਿੱਚ ਉਹ ਗੱਲਾਂ ਪਤਾ ਲੱਗ ਜਾਂਦੀਆਂ ਹਨ ਜੋ ਲੋਕਾਂ ਨੂੰ ਪਸੰਦ ਹੁੰਦੀਆਂ ਹਨ ਅਤੇ ਮੈਂ ਆਪਣੀ ਸਖਸ਼ੀਅਤ ਵਿੱਚ ਉਹੋ ਜਿਹੇ ਗੁਣ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੀ ਇਸ ਆਦਤ ਨੇ ਮੈਨੂੰ ਲੋਕਾਂ ਦੇ ਗੁਣਾਂ ਨੂੰ ਗਹਿਰਾਈ ਨਾਲ ਸਮਝਣ ਦੀ ਲਗਨ ਲੱਗਾ ਦਿੱਤੀ ਅਤੇ ਨਤੀਜੇ ਵਜੋਂ ਮੈਂ ਸਕਾਰਾਤਮਕ ਸੋਚ ਦਾ ਵਿਅਕਤੀ ਬਣ ਗਿਆ ਹਾਂ। ਸਕਾਰਾਤਮਕ ਸੋਚ ਵਾਲਾ ਵਿਅਕਤੀ ਹਰ ਖੇਤਰ ਵਿੱਚ ਸਫ਼ਲਤਾ ਦਾ ਪਰਚਮ ਗੱਡਣ ਦੇ ਸਮਰੱਥ ਹੁੰਦਾ ਹੈ।’’ ਮੇਰੇ ਦੋਸਤ ਦਾ ਇਹ ਫਾਰਮੂਲਾ ਤੁਸੀਂ ਵੀ ਅਪਣਾ ਸਕਦੇ ਹੋ।
ਇਕ ਗੱਲ ਹੋਰ ਵੀ ਸਮਝਣੀ ਜ਼ਰੂਰੀ ਹੈ ਕਿ ਜੇ ਤੁਸੀਂ ਸਦਾ ‘ਅੱਛਾ ਮਹਿਸੂਸ’ ਕਰਨ ਵਾਲੀ ਕਲਾ ਵਿੱਚ ਮਾਹਿਰ ਹੋਣਾ ਚਾਹੁੰਦੇ ਹੋ ਤਾਂ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਅਤੇ ਮੁਆਫ਼ ਕਰਨ ਦਾ ਮਾਦਾ ਆਪਣੀ ਸਖਸ਼ੀਅਤ ਵਿੱਚ ਪੈਦਾ ਕਰੋ। ਜੋ ਛੋਟੀਆਂ-ਵੱਡੀਆਂ ਗਲਤੀਆਂ ਮੁਆਫ਼ ਕਰ ਸਕਦਾ ਹੈ ਉਹ ਖੁਸ਼ ਰਹਿਣ ਵਾਲਾ ਮਾਹੌਲ ਸਿਰਜਣ ਵਿੱਚ ਕਾਮਯਾਬ ਹੁੰਦਾ ਹੈ। ਉਦਾਸੀ ਤੋਂ ਬੱਚਣ ਦਾ ਦੂਜਾ ਵੱਡਾ ਤਰੀਕਾ ਹੈ ਕਿ ਆਪਣੇ ਆਪ ਨੂੰ ਹਮੇਸ਼ਾਂ ਇਕ ਵੱਡੇ ਮਕਸਦ ਨਾਲ ਜੋੜ ਕੇ ਰੱਖੋ। ਜਦੋਂ ਤੁਹਾਡੇ ਕੋਲ ਵੱਡਾ ਮਨੋਰਥ ਹੋਵੇਗਾ ਤਾਂ ਤੁਸੀਂ ਉਸ ਦੀ ਪੂਰਤੀ ਹਿੱਤ ਰੁਝੇ ਰਹੋਗੇ ਅਤੇ ਰੁਝਿਆ ਹੋਇਆ ਇਨਸਾਨ ਕਦੇ ਵੀ ਉਦਾਸ ਨਹੀਂ ਹੁੰਦਾ। ਇਕ ਵਾਰ ਇਕ ਰਾਹਗੀਰ ਨੇ ਤਿੰਨ ਮਜ਼ਦੂਰਾਂ ਨੂੰ ਇਕੋ ਸਵਾਲ ਕੀਤਾ। ਉਸ ਨੇ ਪਹਿਲੇ ਮਜ਼ਦੂਰ ਨੂੰ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈਂ?’’
‘‘ਦੇਖ ਨਹੀਂ ਰਹੇ ਮੈਂ ਇੱਟਾਂ ਢੋਅ ਰਿਹਾ। ਇੱਟਾਂ ਢੋਣਾ ਹੀ ਮੇਰੀ ਕਿਸਮਤ ਹੈ।’’
ਦੂਜੇ ਮਜ਼ਦੂਰ ਨੂੰ ਇਹ ਸਵਾਲ ਕੀਤਾ ਉਸ ਦਾ ਜਵਾਬ ਸੀ, ‘‘ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਇਹ ਕੰਮ ਕਰਨਾ ਪੈ ਰਿਹਾ ਹੈ।’’
ਜਦੋਂ ਤੀਜੇ ਮਜ਼ਦੂਰ ਨੂੰ ਇਹੀ ਸਵਾਲ ਕੀਤਾ ਤਾਂ ਉਸ ਦਾ ਜਵਾਬ ਸੀ ‘‘ਮੈਂ ਬਹੁਤ ਪਵਿੱਤਰ ਕੰਮ ਕਰ ਰਿਹਾ ਹਾਂ। ਇਹ ਮੰਦਰ ਬਣ ਰਿਹਾ ਹੈ ਅਤੇ ਪ੍ਰਮਾਤਮਾ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ।’’
ਬਸ ਇਹੀ ਸੂਤਰ ਹੈ ਜਦੋਂ ਤੁਸੀਂ ਆਪਣੇ ਜੀਵਨ ਮਨੋਰਥ ਨੂੰ ਕਿਸੇ ਵੱਡੇ ਕੰਮ ਨਾਲ ਜੋੜਕੇ ਕਰੋਗੇ ਤਾਂ ‘ਅੱਛਾ ਮਹਿਸੂਸ ਕਰਨ ਵਾਲੀ ਕਲਾ’ ਦੇ ਮਾਹਿਰ ਬਣ ਜਾਓਗੇ ਅਤੇ ਉਦਾਸੀ ਤੋਂ ਹਮੇਸ਼ਾਂ ਦੂਰ ਰਹੋਗੇ।