ਰਾਤ ਸਮੇਂ ਦੁਕਾਨਾਂ ’ਚੋਂ ਚੋਰੀ ਕਰਨ ਵਾਲੇ ਚੋਰ ਗਿਰੋਹ ਨੂੰ ਬਟਾਲਾ ਪੁਲਿਸ ਨੇ ਕੀਤਾ ਕਾਬੂ

ਬਟਾਲਾ, 9 ਮਾਰਚ (ਸੁਖਬੀਰ ਸਿੰਘ ਅੱਤੇਪੁਰ)- ਦੁਕਾਨਾਂ ਵਿੱਚ ਰਾਤ ਸਮੇਂ ਸੰਨ੍ਹ ਲਗਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਆਖਰਕਾਰ ਬਟਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁਮੰਣ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 16-17 ਜਨਵਰੀ 2018 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ ਬਟਾਲਾ ਦੇ ਏਰੀਏ ਵਿੱਚ ਪੈਂਦੇ ਸੀਤਲਾ ਮੰਦਰ ਬਟਾਲਾ ਦੇ ਪਿਛਲੇ ਪਾਸੇ ਸਥਿਤ ਅਰੁਣ ਨਾਮਕ ਕੰਪਿਊਟਰ ਸਿਸਟਮ ਦੀ ਦੁਕਾਨ ’ਤੇ ਕੁਝ ਅਣਪਛਾਤੇ ਵਿਅਕਤੀ ਦੁਕਾਨ ਨੂੰ ਪਾੜ ਲਗਾ ਕੇ 17 ਲੈਪਟਾਪ, 8 ਐਲ.ਈ.ਡੀ., 3 ਸਕੈਨਰ, 2 ਸਪੀਕਰ ਅਤੇ 10 ਬੈਗ, ਕੁੱਲ ਕੀਮਤ 5,25,000 ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਸਨ। ਇਸ ਚੋਰੀ ਦੀ ਵਾਰਦਾਤ ਦਾ ਮੁਕੱਦਮਾ ਮਿਤੀ 17 ਜਨਵਰੀ 2018 ਨੂੰ ਥਾਣਾ ਸਿਟੀ ਵਿੱਚ ਧਾਰਾ 457,380 ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸ.ਐਸ.ਪੀ. ਬਟਾਲਾ ਸ. ਘੁੰਮਣ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸਿਟੀ ਸ. ਸੁੱਚਾ ਸਿੰਘ ਬੱਲ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਐਸ.ਐਚ.ਓ. ਵਿਸ਼ਵਾ ਮਿੱਤਰ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਪਰੋਕਤ ਚੋਰੀ ਦੀ ਵਾਰਦਾਤ ਨੂੰ ਇੰਜ਼ਾਮ ਦੇਣ ਵਾਲੇ ਦੋਸ਼ੀ ਸੁਦੇਸ਼ ਕੁਮਾਰ ਉਰਫ ਤੋਤੀ ਪੁੱਤਰ ਬਲਦੇਵ ਰਾਜ, ਵਾਸੀ ਭੱਠਾ ਇੰਦਰਜੀਤ, ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਲਾਵੇ ਦੀ ਕੋਠੀ ਹਾਲ ਵਾਸੀ ਪਿੰਡ ਧੀਰ, ਗੁਰਮੇਜ ਸਿੰਘ ਉਰਫ ਗੇਜ਼ਾ ਵਾਸੀ ਬੇਰੀਆਵਾਲਾ, ਥਾਣਾ ਫਤਿਹਗੜ੍ਹ ਚੂੜੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਲੈਪਟਾਪ, 7 ਐਲ.ਈ.ਡੀ., 2 ਸਕੈਨਰ, 1 ਇੰਡੀਗੋ ਕਾਰ ਅਤੇ 1 ਰਿਕਸ਼ਾ ਬਰਾਮਦ ਕੀਤਾ ਗਿਆ। ਐਸ.ਐਸ.ਪੀ. ਬਟਾਲਾ ਨੇ ਦੱਸਿਆ ਕਿ ਦੋਸ਼ੀਆਂ ਦੇ ਮੁਕੱਦਮੇ ਦੇ ਜੁਰਮ ਵਿੱਚ ਧਾਰਾ 411 ਤੇ 413 ਦਾ ਵਾਧਾ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਦੋਸ਼ੀਆਂ ਨੇ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਕਾਦੀਆਂ ਚੁੰਗੀ ਨੇੜਿਓਂ ਇੱਕ ਛੋਟੀ ਗਲੀ ਵਿੱਚੋਂ ਕੰਧ ਟੱਪ ਕੇ ਸਿਲੰਡਰ ਅਤੇ ਕੱਪੜੇ ਚੋਰੀ ਕੀਤੇ ਸਨ। ਇਸ ਤੋਂ ਇਲਾਵਾ 2 ਮਹੀਨੇ ਪਹਿਲਾਂ ਅੱਡਾ ਤਾਰਾਗੜ੍ਹ ਤੋਂ 1 ਕਰਿਆਨੇ ਦੀ ਦੁਕਾਨ ਨੂੰ ਪਾੜ ਲਗਾ ਕੇ ਕਰਿਆਨੇ ਦਾ ਸਮਾਨ ਚੋਰੀ ਕੀਤਾ ਸੀ। ਮਹੀਨਾ ਕੁ ਪਹਿਲਾਂ ਇਨ੍ਹਾਂ ਵੱਲੋਂ ਹੀ ਕਾਦੀਆਂ ਚੁੰਗੀ ਤੋਂ ਸੈਨੇਟਰੀ ਦੀ ਦੁਕਾਨ ਤੋਂ ਟੂਟੀਆਂ, 1 ਐਲ.ਸੀ.ਡੀ., 15 ਗੀਜ਼ਰ ਅਤੇ ਪੈਸੇ ਆਦਿ ਚੋਰੀ ਕੀਤੇ ਗਏ ਸਨ। 10/12 ਦਿਨ ਪਹਿਲਾਂ ਅਲੀਵਾਲ ਬਜ਼ਾਰ ਤੋਂ ਸੁਨਿਆਰੇ ਦੀ ਦੁਕਾਨ ਨੂੰ ਪਾੜ ਲਗਾ ਕੇ 7 ਡੱਬੇ ਚਾਂਦੀ ਦੇ ਗਹਿਣੇ ਅਤੇ ਆਰਟੀਫਿਸ਼ਲ ਗਹਿਣੇ ਚੋਰੀ ਕੀਤੇ ਸਨ। ਐਸ.ਐਸ.ਪੀ. ਬਟਾਲਾ ਨੇ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਇਨ੍ਹਾਂ ਵਾਰਦਾਤਾਂ ਨੂੰ ਰਾਤ ਸਮੇਂ ਰਿਕਸ਼ੇ ’ਤੇ ਸਵਾਰ ਹੋ ਕੇ ਅੰਜ਼ਾਮ ਦਿੰਦੇ ਸਨ ਅਤੇ ਚੋਰੀ ਕੀਤਾ ਸਮਾਨ ਇੰਡੀਗੋ ਕਾਰ ਰਾਹੀਂ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਵੇਚ ਦਿੰਦੇ ਸਨ। ਸ. ਘੁੰਮਣ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਅਜਿਹੀਆਂ ਵਾਰਦਾਤਾਂ ਦੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਹ ਸਜ਼ਾ ਵੀ ਕੱਟ ਚੁੱਕੇ ਹਨ। ਦੋਸ਼ੀਆਂ ਪਾਸੋਂ ਮਜੀਦ ਪੁੱਛ-ਗਿੱਛ ਜਾਰੀ ਹੈ, ਜਿਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Send this to a friend