ਸ੍ਰੀ ਅਨੰਦਪੁਰ ਸਾਹਿਬ, 8 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅਜ ਸਥਾਨਕ ਪਾਵਰਕਾਮ ਦੇ ਵਿਸ਼ਰਾਮ ਘਰ ਵਿਖੇ ਵਿਸ਼ੇਸ਼ ਗਲਬਾਤ ਦੌਰਾਨ ਕਿਹਾ ਕਿ ਬਜਟ ਸੈਸ਼ਨ ਸਬੰਧੀ ਖਬਰਾਂ ਬੇਸ਼ਕ ਮੈਂ ਅਖਬਾਰਾਂ ‘ਚ ਪੜ੍ਹੀਆਂ ਹਨ ਪਰ ਅਜੇ ਤਕ ਰਸਮੀ ਤੌਰ ਤੇ ਸਰਕਾਰ ਵਲੋਂ ਮੈਨੂੰ ਸੂਚਿਤ ਨਹੀਂ ਕੀਤਾ ਗਿਆ ਹੈ ਪਰ ਮੈਨੂੰ ਉਮੀਦ ਹੈ ਕਿ ਇਹ ਬਜਟ ਸੈਸ਼ਨ ਪੂਰੇ ਅਮਨ ਅਮਾਨ ਦੇ ਨਾਲ ਤੇ ਸ਼ਾਨਦਾਰ ਢੰਗ ਦੇ ਨਾਲ ਮੁਕੰਮਲ ਹੋਵੇਗਾ।ਰਾਣਾ ਨੇ ਸੂਬਾ ਸਰਕਾਰ ਵਲੋਂ ਨਜ਼ਾਇਜ਼ ਖਣਨ ਪ੍ਰਤੀ ਵਰਤੀ ਜਾ ਰਹੀ ਗੰਭੀਰਤਾ ‘ਤੇ ਟਿਪਣੀ ਦਿੰਦੇ ਹੋਏ ਕਿਹਾ ਕਿ ਖਣਨ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਜਾਇਜ਼ ਤੇ ਦੂਸਰਾ ਨਜ਼ਾਇਜ਼। ਇਸਲਈ ਜਿਥੇ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਨਜ਼ਾਇਜ਼ ਖਣਨ ਨੂੰ ਕਿਸੇ ਵੀ ਕਿਸਮ ਨਾਲ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਉਥੇ ਜਾਇਜ਼ ਖਣਨ ਵੀ ਨਿਯਮਾਂ ਅਨੁਸਾਰ ਕਰਨ ਦੇਣਾ ਚਾਹੀਦਾ ਹੈ। ਕਿਉਂਕਿ ਖਣਨ ਤੋਂ ਬਿਨਾਂ ਸੂਬੇ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਜੇਕਰ ਅਸੀਂ ਬੁਨਿਆਦੀ ਢਾਂਚੇ ਨੂੰ ਉਚਾ ਚੁਕਣਾ ਚਾਹੁੰਦੇ ਹਾਂ ਤਾਂ ਛੋਟੇ ਖਣਿਜਾਂ ਦੀ ਜਰੂਰਤ ਹੈ। ਇਸਲਈ ਨਿਯਮਾਂ ਅੰਦਰ ਰਹਿ ਕੇ ਜਾਇਜ਼ ਖਣਨ ਸਰਕਾਰ ਦੇ ਸਬੰਧਿਤ ਵਿਭਾਗ ਵਲੋਂ ਨਿਰਧਾਰਿਤ ਖਡਾਂ ‘ਚ ਕਰਨ ‘ਚ ਵੀ ਕੋਈ ਅੜਚਨ ਨਹੀਂ ਪਾਉਣੀ ਚਾਹੀਦੀ ਹੈ
।ਬੀਤੇ ਸਾਲਾਂ ਦੌਰਾਨ ਧੜਲੇ ਨਾਲ ਵਧੇਫੁਲੇ ਖਣਨ ਮਾਫੀਆ ਬਾਰੇ ਪੁਛਣ ਤੇ ਰਾਣਾ ਨੇ ਕਿਹਾ ਕਿ ਇਸ ਵਿਚ ਕੋਈ ਸ਼ਕ ਨਹੀਂ ਕਿ ਬੀਤੇ ਸਾਲਾਂ ਦੌਰਾਨ ਇਸ ਸਬੰਧੀ ਸੂਬੇ ਦਾ ਵਾਤਾਵਰਨ ਪੂਰੀ ਤਰ੍ਹਾਂ ਦੇ ਨਾਲ ਗੰਧਲਾ ਹੋਇਆ ਹੈ। ਪਰ ਮੌਜੂਦਾ ਸਰਕਾਰ ਨਜ਼ਾਇਜ਼ ਖਣਨ ਕਰਨ ਵਾਲਿਆਂ ਖਿਲਾਫ ਅਤੇ ਗੁੰਡਾ ਪਰਚੀ ਵਾਲਿਆਂ ਨੂੰ ਨਥ ਪਾਉਣ ‘ਚ ਲਗੀ ਹੋਈ ਹੈ ਜਦਕਿ ਇਸ ਪਾਸੇ ਬਸ 25 ਫੀਸਦੀ ਕੰਮ ਬਾਕੀ ਰਹਿ ਗਿਆ ਹੈ ਜਿਸ ‘ਤੇ ਵੀ ਆਉਂਦੇ ਦਿਨਾਂ ‘ਚ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਂਈ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਸਾਬਕਾ ਚੇਅਰਮੈਨ ਕਮਲ ਦੇਵ ਜੋਸ਼ੀ, ਸੰਜੀਵਨ ਰਾਣਾ, ਰਵਿੰਦਰ ਸਿੰਘ ਰਤਨ, ਅਮਨਦੀਪ ਮਿਨਹਾਸ, ਰਜੀਵ ਰਾਣਾ, ਜਸਵੀਰ ਸਿੰਘ (ਸਾਰੇ ਵਕੀਲ) ਆਦਿ ਵੀ ਹਾਜ਼ਰ ਸਨ।