ਨਾਭਾ, 5 ਮਾਰਚ (ਕਰਮਜੀਤ ਸੋਮਲ)-ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਵਲੋਂ ਕਾਰਾਂ, ਰੇਲ ਗੱਡੀਆਂ, ਜਹਾਜਾਂ ਅਤੇ ਸਾਈਕਲਾਂ ਰਾਹੀਂ ਆਮ ਕੀਤੀ ਜਾਂਦੀ ਹੈ, ਪਰ ਹਰਮਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਦੋਰਾਹਾ ਉਮਰ 67 ਸਾਲ ਸੰਨ 2004 ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਪੈਦਲ ਕਰ ਰਹੇ ਨੇ। ਇਹ ਜਾਣਕਾਰੀ ਯਾਤਰਾ ਕਰ ਰਹੇ ਹਰਮਿੰਦਰ ਸਿੰਘ ਵਲੋਂ ਨਾਭਾ ਵਿਖੇ ਸੀਨੀ. ਕੌਂਸਲਰ ਅਮਰਦੀਪ ਖੰਨਾ ਦੇ ਪੈਟਰੋਲ ਪੰਪ ਉਪਰ ਰਾਤ ਬਿਤਾਉਣ ਸਮੇਂ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 2004 ਵਿਚ ਉਨ੍ਹਾਂ 12 ਜੋਤੀ ਲਿੰਗਾਂ ਦੀ ਯਾਤਰਾ ਸ਼ੁਰੂ ਕੀਤੀ ਸੀ ਜਿਸ ਸਮੇਂ ਉਹ ਪਾਉਸਾਹਿਬ ਅਤੇ ਨਾਨਕ ਝੀਰਾ ਪੈਦਲ ਗਏ ਸਨ। ਤਕਰੀਬਨ 456 ਦਿਨਾਂ ਵਿਚ ਯਾਤਰਾ ਪੂਰੀ ਹੋਈ।2007 ਵਿਚ ਦੂਜੀ, 2012 ਵਿਚ ਤੀਜੀ ਅਤੇ 2016 ਵਿਚ ਚੌਥੀ ਯਾਤਰਾ ਕਰ ਚੁੱਕੇ ਨੇ। ਜਿਨ੍ਹਾਂ ਯਾਤਰਾਵਾਂ ਵਿਚ ਉਹਨਾਂ ਪੰਜੇ ਤਖ਼ਤ ਸਾਹਿਬਾਨ, ਗੁ. ਹੇਮਕੁੰਟ ਸਾਹਿਬ ਅਤੇ ਪਾਉਂਟਾ ਸਾਹਿਬ, 2 ਵਾਰ ਅਮਰਨਾਕ ਵਿਖੇ ਨਤਮਸਤਕ ਹੋ ਹਾਜ਼ਰੀ ਲਗਵਾਈ ਸੀ। ਪੰਜਵੀਂ ਯਾਤਰਾ ਵਿਚ ਉਹ ਨਾਭਾ ਪੁੱਜੇ ਹਨ।ਜਿਸ ਯਾਤਰਾ ਦੌਰਾਨ ਅਕਾਲ ਤਖ਼ਤ ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ, ਹਰਮਿੰਦਰ ਸ਼੍ਰੀ ਪਟਨਾ ਸਾਹਿਬ ਬਿਹਾਰ, ਮੁੜ ਤਖ਼ਤ ਸ਼੍ਰੀ ਕੇਸਗੜ੍ਹ ਅਨੰਦਪੁਰ ਸਾਹਿਬ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਤੇ ਫਿਰ ਤਖ਼ਤ ਸ਼੍ਰੀ ਸਾਬੋ ਕੀ ਤਲਵੰਡੀ ਸਾਹਿਬ ਵਾਰੀ ਸਿਰ ਹਾਜ਼ਰੀ ਲਗਾਉਣਗੇ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਬਹੁਤ ਸੰਸਥਾਵਾਂ ਅਤੇ ਸੰਗਤਾਂ ਵਲੋਂ ਉਨ੍ਹਾਂ ਨੂੰ ਅਥਾਹ ਪਿਆਰ ਅਤੇ ਸਹਿਯੋਗ ਮਿਲਿਆ, ਪਰ ਸਿੱਖਾਂ ਦੀ ਸਰਬ ਉਚ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਨੂੰ ਸਹਿਯੋਗ,ਸਤਿਕਾਰ ਨਹੀਂ ਦਿੱਤਾ ਗਿਆ ਸਗੋਂ ਰਾਤ ਕੱਟਣ ਲਈ ਕਮਰਾ ਦੇਣ ਸਬੰਧੀ ਵੀ ਅਨੰਦਪੁਰ ਸਾਹਿਬ ਵਿਖੇ ਤੰਗ ਪ੍ਰੇਸ਼ਾਨ ਕੀਤਾ ਗਿਆ। ਨਾਭਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਭਾਈ ਅਮਨਦੀਪ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਵਿਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਦੀਪ ਖੰਨਾ, ਮਨਜੀਤ ਸਿੰਘ ਕਪੂਰ, ਹਰਬੰਸ ਸਿੰਘ ਰੇਖੀ, ਅੰਗਦਪਾਲ ਸਿੰਘ, ਹਰਜੀਤ ਸਿੰਘ ਮੌਂਟੀ, ਵਿਪਨ ਕਪੂਰ, ਸੁਖਲੀਨ ਸਿੰਘ, ਹਰਮਨਪ੍ਰੀਤ ਸਿੰਘ ਰਾਜਨ ਆਦਿ ਹਾਜ਼ਰ ਸਨ। ਸੰਗਤਾਂ ਵਲੋਂ ਸਾਂਝੇ ਤੌਰ ’ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਉਨ੍ਹਾਂ ਨੂੰ ਸਤਿਕਾਰ ਦੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਨ।