ਲਖਨਊ, 5 ਫਰਵਰੀ (ਪੀ.ਟੀ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਗੁਜਰਾਤ ‘ਚ ਗਰੀਬੀ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਗੁਜਰਾਤ ਦੇ ਵਿੱਤ ਮੰਤਰੀ ਨਿਤਿਨ ਪਟੇਲ ਦੇ ਬਿਆਨ ’ਤੇ ਕਰੜੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਅੱਜ ਕਿਹਾ ਕਿ ਅਸਲ ਵਿਚ ਇਨ੍ਹਾਂ ਦੋਨਾਂ ਸੂਬਿਆਂ ਦੇ ਲੋਕਾਂ ਦੀ ਵਜ੍ਹਾ ਕਰਕੇ ਹੀ ਪਟੇਲ ਦੇ ਰਾਜ ‘ਚ ਖੁਸ਼ਹਾਲੀ ਹੈ। ਮੁੱਖ ਮੰਤਰੀ ਨੇ ਰਾਜ ਮੰਤਰੀ ਪ੍ਰੀਸ਼ਦ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਟੇਲ ਦੇ ਬਿਆਨ ਸਬੰਧੀ ਸਵਾਲ ‘ਤੇ ਕਿਹਾ ਕਿ ਜੋ ਲੋਕ ਕਹਿ ਰਹੇ ਹਨ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਗਰੀਬੀ ਫੈਲਾ ਰਹੇ ਹਨ, ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਹੀ
ਗੁਜਰਾਤ ‘ਚ ਗਰੀਬੀ ਨਹੀਂ ਖੁਸ਼ਹਾਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਮੁੰਬਈ ਤੋਂ ਚਲੇ ਆਉਣ ਤਾਂ ਮੁੰਬਈ ਠੱਪ ਹੋ ਜਾਵੇਗੀ ਕਿਉਂਕਿ ਇਹ ਲੋਕ ਉਸ ਖੇਤਰ ਵਿਚ ਵੱਡੇ-ਵੱਡੇ ਕਾਰਖਾਨੇ ਚਲਾ ਰਹੇ ਹਨ।



