ਸੰਦੌੜ, 5 ਫਰਵਰੀ (ਹਰਮਿੰਦਰ ਭੱਟ)-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਦੀ ਹਾਲਤ ਸੁਧਾਰ ਕੇ ਸੜਕੀ ਸਫਰ ਨੂੰ ਅਰਾਮ ਦਾਇਕ ਕਰਨ ਵਾਸਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਪਰ ਕਿਤੇ ਨਾ ਕਿਤੇ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਸਰਕਾਰੀ ਅਧਿਕਾਰੀਆਂ ਜਾਂ ਠੇਕੇਦਾਰਾਂ ਦੇ ਕੰਮ ਮੂੰਹ ਚਿੜ੍ਹਾ ਰਹੇ ਹਨ। ਇਸ ਦੀ ਤਾਜਾ ਮਿਸਾਲ ਪਿੰਡ ਧਲੇਰ ਕਲਾਂ ਤੋਂ ਪਿੰਡ ਜਿੱਤਵਾਲ ਕਲਾਂ ਜਾਂਦੀ ਸੜਕ ਤੋਂ ਸਾਫ ਨਜ਼ਰ ਆਉਂਦੀ ਹੈ। ਇਹ ਡੇਢ ਕਿਲੋਮੀਟਰ ਦੇ ਕਰੀਬ ਲੰਬਾ ਟੋਟਾ ਲੁੱਕ ਪਾ ਕੇ ਦੋ ਮਹੀਨੇ ਦੇ ਕਰੀਬ ਪਹਿਲਾਂ ਤਿਆਰ ਕੀਤਾ ਗਿਆ ਸੀ, ਪਰ ਅੱਜ ਇਸਦੀ ਹਾਲਤ ਵੇਖ ਇੰਜ ਲਗਦਾ ਹੈ ਕਿ ਇਸ ਸੜਕ ’ਤੇ ਪਾਈ ਲੁੱਕ ਜਾਂ ਬਜਰੀ ਕਿਸ ਤਰ੍ਹਾਂ ਦੀ ਸੀ ਜੋ ਸਾਲਾਂ ਦੀ ਬਜਾਏ ਦੋ ਮਹੀਨਿਆਂ ਵਿੱਚ ਆਪਣੀ ਹੋਣੀ ਬਿਆਨ
ਕਰਨ ਲੱਗ ਪਈ। ਇਸ ਸੜਕ ਦੀ ਹਾਲਤ ਨੇ ਆਮ ਲੋਕਾਂ ਨੂੰ ਸੋਚੀ ਪਾ ਦਿੱਤਾ ਕਿ ਅੱਜ ਦੇ ਤੇਜ਼ ਤਰਾਰ ਦੇ ਜ਼ਮਾਨੇ ਵਿੱਚ ਕਿੱਥੇ ਇਹ ਘਾਟ ਰਹਿ ਗਈ, ਜਿਸ ਨੇ ਸਰਕਾਰ ਦੇ ਇਸ ਯਤਨ ਨੂੰ ਉਦਘਾਦਨ ਕਰਨ ਤੋਂ ਪਹਿਲਾਂ ਹੀ ਸੰਕਟ ਵਿੱਚ ਪਾ ਦਿੱਤਾ ਹੈ।
ਪਿਛਲੇ ਹਫਤੇ ਦੋ ਹਾਦਸੇ ਹੋਏ
ਪ੍ਰਤੱਖ ਦਰਸੀਆਂ ਅਨੁਸਾਰ ਇਸ ਸੜਕ ’ਤੇ ਲੁੱਕ ਤੋਂ ਵੱਖ ਹੋਈ ਬਜਰੀ ਕਾਰਨ ਸਵਿਫਟ ਅਤੇ ਇੰਡੀਕਾ ਗੱਡੀਆਂ ਗਲਾਈ ਦਾਰ ਮੋੜ ’ਤੇ ਬਜਰੀ ਤੋਂ ਤਿਲਕ ਕੇ ਉਲਟ ਗਈਆਂ ਸਨ ਪਰ ਇਨ੍ਹਾਂ ਹਾਦਸਿਆਂ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ, ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ।
ਇਲਾਕੇ ਦੇ ਲੋਕਾਂ ਦੀ ਸ਼ਿਕਾਇਤ
ਦਸੰਬਰ ਮਹੀਨੇ ਦੇ ਅਖਰੀਲੇ ਹਫਤੇ ਪਿੰਡ ਸੇਰਗੜ੍ਹ ਚੀਮਾ ਵਿਖੇ ਹੋਏ ਸੰਗਤ ਦਰਸ਼ਨ ਸਮਾਗਮ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੂੰ ਨੇੜਲੇ ਪਿੰਡ ਮਾਣਕਵਾਲ, ਧਲੇਰ ਕਲਾਂ, ਬਾਠਾਂ ਆਦਿ ਪਿੰਡਾ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਕੰਮ ਲਈ ਅਣਗਹਿਲੀ ਵਰਤਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਦੁਬਾਰਾ ਬਣਾਇਆ ਜਾਵੇ। ਇਸ ਸੰਬਧੀੇ ਮੌਕੇ ’ਤੇ ਸ. ਢੀਂਡਸਾ ਨੇ ਸੰਬਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੀ ਹਾਲਤ ਸੁਧਾਰੀ ਜਾਵੇ।
ਕੀ ਕਹਿੰਦੇ ਹਨ ਐੱਸ.ਡੀ.ਓ ਪੀ.ਡਲਬਯੂ.ਡੀ.?
ਜਦੋਂ ਇਸ ਸੰਬਧੀ ਸ. ਦਵਿੰਦਰ ਸਿੰਘ ਐੱਸ.ਡੀ.ਓ. ਮਾਲੇਰਕੋਟਲਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਮੌਸਮ ਦੇ ਖਰਾਬ ਰਹਿਣ ਕਾਰਨ ਲੁੱਕ ਦੀ ਪਕੜ ਘੱਟ ਰਹਿ ਜਾਂਦੀ ਹੈ ਜਿਸ ਕਾਰਨ ਸੜਕ ਜਲਦੀ ਟੁੱਟ ਗਈ। ਉਨ੍ਹਾਂ ਕਿਹਾ ਠੇਕੇਦਾਰ ਤੋਂ ਮਾਰਚ ਮਹੀਨੇ ਵਿੱਚ ਇਸ ਸੜਕ ’ਤੇ ਲੁੱਕ ਤੇ ਬਜਰੀ ਦੁਬਾਰਾ ਪਵਾਈ ਜਾਵੇਗੀ ਕਿਉਂਕਿ ਮਾਰਚ ਮਹੀਨੇ ਵਿੱਚ ਮੌਸਮ ਸਾਫ ਰਹਿੰਦਾ ਹੈ।



