ਹੱਥ ਪੈਰ ਬੰਨ੍ਹ ਕੇ ਮਾਰਿਆ ਜੋੜਾ ਅਤੇ ਜਵਾਨ ਪੁੱਤਰ
ਸਮਰਾਲਾ, 3 ਮਾਰਚ (ਕਮਲਜੀਤ)- ਬੀਤੀ 1 ਮਾਰਚ ਦੀ ਦੇਰ ਰਾਤ ਨੂੰ ਪਿੰਡ ਚਹਿਲਾਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ-ਪਤਨੀ ਸਮੇਤ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਸੁਖਦੇਵ ਸਿੰਘ (50), ਉਸਦੀ ਪਤਨੀ ਗੁਰਮੀਤ ਕੌਰ (48) ਅਤੇ ਉਸਦੇ ਲੜਕੇ ਹਰਜੋਤ ਸਿੰਘ (25) ਵਜੋਂ ਹੋਈ ਹੈ। ਪਤੀ-ਪਤਨੀ ਅਤੇ ਉਨ੍ਹਾਂ ਦੇ ਨੌਜਵਾਨ ਲੜਕੇ ਦੇ ਇਸ ਤੀਹਰੇ ਕਤਲ ਦਾ ਮਾਮਲਾ ਸਨਸਨੀਖੇਜ਼ ਹੀ ਨਹੀਂ ਸਗੋਂ ਗੁੱਝਾ ਭੇਤ ਵੀ ਬਣ ਚੁੱਕਿਆ ਹੈ। ਮ੍ਰਿਤਕ ਸੁਖਦੇਵ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਮੀਰਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਹਾਲ ਵਾਸੀ ਪਿੰਡ ਚਹਿਲਾਂ, ਤਹਿ: ਸਮਰਾਲਾ ਨੇ ਪੁਲੀਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਮੀਰਪੁਰ ’ਚ ਆਪਣੀ ਜ਼ਮੀਨ ਵੇਚ ਕੇ ਕਰੀਬ 8-9 ਮਹੀਨੇ ਪਹਿਲਾਂ ਤੋਂ ਪਿੰਡ ਚਹਿਲਾਂ ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਸਾਡੇ ਪਰਿਵਾਰ ਦਾ ਕਿਸੇ ਨਾਲ ਵੀ ਕੋਈ ਝਗੜਾ ਜਾਂ ਰੰਜਿਸ਼ ਨਹੀਂ ਹੈ। ਜਤਿੰਦਰ ਸਿੰਘ ਨੇ ਅੱਗੇ ਹੋਰ ਦੱਸਦਿਆਂ ਕਿਹਾ ਕਿ ਉਹ ਦੋਰਾਹਾ ਵਿਖੇ ਇੱਕ ਹੋਟਲ ’ਚ ਕੰਮ ਕਰਦਾ ਹੈ ਅਤੇ ਉਹ ਇੱਕ ਹਫ਼ਤੇ ਬਾਅਦ ਹੀ ਘਰ ਆਉਂਦਾ ਸੀ। ਹੁਣ ਵੀ ਉਹ 1 ਮਾਰਚ ਨੂੰ ਵੀ ਦੋ ਦਿਨ ਘਰ ਰਹਿ ਕੇ ਸਵੇਰੇ 9:30 ਵਜੇ ਆਪਣੀ ਡਿਊਟੀ ’ਤੇ ਦੋਰਾਹਾ ਚਲਾ ਗਿਆ ਸੀ। ਉਸਨੇ ਦੱਸਿਆ ਕਿ 2 ਮਾਰਚ ਨੂੰ ਉਸਦੇ ਮਕਾਨ ਮਾਲਕ ਦਾ ਫ਼ੋਨ ਆਇਆ ਕਿ ਤੁਹਾਡੇ ਘਰ ਦੇ ਦਰਵਾਜੇ ਖੁੱਲੇ ਪਏ ਹਨ। ਉਸਨੇ ਦੱਸਿਆ ਕਿ ਉਹ ਫੌਰਨ ਦੋਰਾਹਾ ਤੋਂ ਘਰ ਪਹੁੰਚਿਆ ਤੇ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਉਸਦੇ ਪਿਤਾ, ਮਾਤਾ ਅਤੇ ਭਰਾ ਦਾ ਕਤਲ ਕੀਤਾ ਹੋਇਆ ਸੀ। ਸਾਰਿਆਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਦੇ ਮੂੰਹਾਂ ਵਿੱਚ ਰੂੰ ਤੁੰਨੀ ਹੋਈ ਸੀ ਅਤੇ ਸਾਰਿਆਂ ਦੇ ਗਲੇ ’ਤੇ ਕੁਹਾੜੀ ਜਾ ਕਿਸੇ ਹੋਰ ਤਿੱਖੇ ਹਥਿਆਰ ਨਾਲ ਵਾਰ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀਆਂ ਲਾਸ਼ਾਂ ਖ਼ੂਨ ਨਾਲ ਲੱਥ-ਪੱਥ ਹੋਈਆਂ ਪਈਆਂ ਸਨ ਤੇ ਉਨ੍ਹਾਂ ਉੱਪਰ ਕੰਬਲ ਦਿੱਤੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਖੰਨਾ ਨਵਜੋਤ ਸਿੰਘ ਮਾਹਲ, ਐਸ.ਪੀ. ਜਸਵੀਰ ਸਿੰਘ, ਡੀ.ਐਸ.ਪੀ. (ਡੀ) ਰਣਜੀਤ ਸਿੰਘ ਬਦੇਸ਼ਾ, ਡੀ.ਐਸ.ਪੀ. ਸਮਰਾਲਾ ਹਰਸਿਮਰਤ ਸਿੰਘ ਛੇਤਰਾ, ਥਾਣਾ ਮੁਖੀ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਪੁਲੀਸ ਨੇ ਫ਼ਾਰਂੈਸਿੰਕ ਮਾਹਿਰਾਂ ਦੀ ਟੀਮ ਤੋਂ ਇਲਾਵਾ ਡਾਗ ਸਕੁਐਡ ਵੀ ਮੌਕੇ ਤੇ ਬੁਲਾਇਆ, ਜਿਨ੍ਹਾਂ ਵੱਲੋਂ ਛਾਣਬੀਣ ਸ਼ੁਰੂ ਕਰ ਦਿੱਤੀ ਗਈ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਜ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।