May 21, 2026 8:41 am

ਜੁਆਇੰਟ ਫੋਰਮ ਅਤੇ ਟੀ.ਐਸ.ਯੂ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਫੂਕੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਅਰਥੀ

ਮੋਰਿੰਡਾ, 1 ਮਾਰਚ (ਹਰਜਿੰਦਰ ਸਿੰਘ ਛਿੱਬਰ)-ਜੁਆਇੰਟ ਫੋਰਮ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਦੇ ਸੱਦੇ ’ਤੇ ਸਥਾਨਕ ਬਿਜਲੀ ਕਾਮਿਆਂ ਨੇ ਸੁਰਿੰਦਰ ਸਿੰਘ ਪ੍ਰਧਾਨ ਟੀ.ਐਸ.ਯੂ (ਭੰਗਲ ਗਰੁੱਪ) ਅਤੇ ਸੋਹਣ ਸਿੰਘ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਵਿੱਚ ਅਪਣੀਆਂ ਤਨਖ਼ਾਹਾਂ ਨਾ ਮਿਲਣ ’ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕ ਰੋਸ ਮੁਜਾਹਰਾ ਕੀਤਾ। ਅਪਣੀਆਂ ਹੱਕੀਂ ਮੰਗਾਂ ਅਤੇ ਤਨਖ਼ਾਹਾਂ ਨੂੰ ਲੈ ਕੇ ਕੀਤੇ ਇਸ ਅਰਥੀ ਫੂਕ ਰੋਸ ਮੁਜਾਹਿਰੇ ਵਿੱਚ ਵੱਖ ਵੱਖ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜਮ੍ਹ ਕੇ ਭੜ੍ਹਾਸ ਕੱਢੀ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਰਵਕਾਮ ਦੇ ਮੁਲਾਜਮਾਂ ਦੀਆਂ ਤਨਖ਼ਾਹਾਂ ਤੁਰੰਤ ਰਿਲੀਜ਼ ਨਾ ਕੀਤੀਆਂ ਤਾਂ ਪਾਵਰਕਾਮ ਮੁਲਾਜਮ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਹੋਰ ਤਿੱਖਾ ਸੰਘਰਸ਼ ਕਰਦੇ ਹੋਏ ਸੜ੍ਹਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਅਰਥੀ ਫੂਕ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਦੁੱਮਣਾ ਸਟੇਟ ਆਗੂ ਐਮ.ਐਸ.ਯੂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜਮ ਵਿਰੋਧੀ ਰਵੱਈਏ ਕਾਰਨ ਬਿਜਲੀ ਕਾਮਿਆਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਮੁਲਾਜਮਾਂ ਨੇ ਅਪਣੇ ਬੱਚਿਆਂ ਦੀਆਂ ਫ਼ੀਸਾਂ ਭਰਨੀਆਂ ਹਨ ਜੋ ਉਹ ਤਨਖ਼ਾਹਾਂ ਨਾ ਮਿਲਣ ਕਾਰਨ ਨਹੀਂ ਭਰ ਸਕੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਮੁਲਾਜਮਾਂ ਦੀਆਂ ਤਨਖਾਹਾ ਪਹਿਲ ਦੇ ਅਧਾਰ ’ਤੇ ਜਾਰੀ ਕਰਨ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨਹੀਂ ਤਾਂ ਮੁਲਾਜਮਾਂ ਨੂੰ ਮਜਬੂਰਨ ਸੜ੍ਹਕਾਂ ’ਤੇ ਬੈਠਣਾ ਪਵੇਗਾ। ਇਸ ਮੌਕੇ ਰਾਮ ਪ੍ਰਸ਼ਾਦ ਸਕੱਤਰ ਮੰਡਲ (ਟੀ.ਐਸ.ਯੂ ਭੰਗਲ) ਖਰੜ, ਪ੍ਰਮਜੀਤ ਸਿੰਘ ਕੈਂਥ ਸਕੱਤਰ ਟੈਕਨੀਕਲ ਸਰਵਿਸ ਯੂਨੀਅਨ, ਧਲਵੰਤ ਸਿੰਘ, ਸਤੀਸ਼ ਕੁਮਾਰ, ਜੰਗ ਸਿੰਘ, ਪ੍ਰਮਜੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਕਲ੍ਹਾਰਾਂ ਅਤੇ ਹਰਪ੍ਰੀਤ ਸਿੰਘ ਬਾਜ਼ਵਾ ਆਦਿ ਬਿਜਲੀ ਕਾਮੇ ਹਾਜ਼ਰ ਸਨ।

Send this to a friend