ਫ਼ਤਹਿਗੜ੍ਹ ਸਾਹਿਬ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੇ ਸੰਗੀਤ ਵਿਭਾਗ ਵਲੋਂ ਪੰਜਾਬੀ ਲੋਕ ਸੰਗੀਤ ਉਪਰ ਇਕ ਰੋਜਾ ਵਰਕਸ਼ਾਪ ਲਗਵਾਈ ਗਈ। ਜਿਸ ਵਿੱਚ ਪ੍ਰਸਿੱਧ ਸੂਫੀ ਢਾਡੀ ਦੇਸ ਰਾਜ ਲਚਕਾਣੀ ਵਿਦਿਆਰਥੀਆਂ ਦੇ ਸਨਮੁੱਖ ਹੋਏ। ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਲੋਕ ਸੰਗੀਤ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਸੰਗੀਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀ ਵਰਗ ਨੂੰ ਲੋਕ ਸੰਗੀਤ ਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਵਿਦਿਆਰਥੀ ਆਪਣੇ ਵਿਰਸੇ ਤੇ ਸਭਿਆਚਾਰ ਨਾਲ ਜੁੜੇ ਰਹਿਣ। ਮੁੱਖ ਮਹਿਮਾਨ ਸੂਫੀ ਢਾਡੀ ਦੇਸ ਰਾਜ ਲਚਕਾਣੀ ਜੀ ਵਲੋਂ ਵਿਦਿਆਰਥੀਆਂ ਨੂੰ ਪੰਜਾਬ ਲੋਕ ਗਾਇਨ ਸ਼ੈਲੀਆਂ, ਕਵੀਸ਼ਰੀ ਅਤੇ ਕਲੀ ਗਾਇਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਵਿਸਰ ਰਹੇ ਵਿਰਾਸਤੀ ਸੰਗੀਤ ਤੋਂ ਵੀ ਵਿਦਿਆਰਥੀਆਂ ਨੂੰ ਮੁਖਾਤਿਬ ਕਰਵਾਇਆ। ਮੁਖ ਮਹਿਮਾਨ ਦੇਸ ਰਾਜ ਲਚਕਾਣੀ ਵਲੋਂ ਪੁਰਾਤਨ ਕਲੀਆਂ ਅਤੇ ਗਾਥਾਵਾਂ ਵੀ ਵਿਦਿਆਰਥੀਆਂ ਨੂੰ ਗਾ ਕੇ ਸੁਣਾਈਆਂ ਗਈਆਂ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੀਮਾ ਵਲੋਂ ਮੁਖ ਮਹਿਮਾਨ ਜੀ ਦਾ ਕਾਲਜ ਪਹੁੰਚਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਵਿਸ਼ੇਸ਼ ਭਾਸ਼ਣਾਂ ਨਾਲ ਵਿਦਿਆਰਥੀ ਸੰਗੀਤ ਦੇ ਮੂਲ ਜੁੜੇ ਰਹਿੰਦੇ ਹਨ ਤੇ ਸ਼ੁੱਧ ਸਵਰੂਪ ਤੋਂ ਜਾਣੂ ਹੁੰਦੇ ਹਨ। ਇਸ ਮੌਕੇ ਡੀਨ ਸਭਿਆਚਾਰਕ ਪ੍ਰੋ.ਅਨੁਪ੍ਰੀਤ ਸਿੰਘ ਟਿਵਾਣਾ, ਡਾ. ਰਾਏ ਬਹਾਦਰ ਸਿੰਘ, ਡਾ. ਕੁਲਵਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਅਤੇ ਵਿਦਿਆਰਥੀ ਹਾਜਰ ਸਨ।