ਚੰਡੀਗੜ੍ਹ, 4 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ’ਚ 10 ਲੱਖ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਸਰਕਾਰ ਦੇ ਮਾੜੇ ਉਦਯੋਗਿਕ ਪ੍ਰਬੰਧਾਂ ਕਾਰਨ 7 ਸਾਲਾਂ ਦੌਰਾਨ ਕਰੀਬ 10 ਲੱਖ ਹੁਨਰਮੰਦ ਤੇ ਗੈਰ ਹੁਨਰਮੰਦ ਲੋਕ ਵਿਹਲੇ ਹੋ ਗਏ ਹਨ। ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਕਿ 18770 ਉਦਯੋਗਿਕ ਯੁਨਿਟ ਬੰਦ ਹੋ ਚੁੱਕੇ ਹਨ ਅਤੇ ਤਰਕਹੀਣ ਟੈਕਸ ਪ੍ਰਣਾਲੀ, ਪਾਵਰ ਕੱਟਾਂ ਤੇ ਗੈਰ ਜ਼ਿੰਮੇਵਾਰ ਉਦਯੋਗ ਨੀਤੀ ਕਾਰਨ ਕਈ ਉਦਯੋਗ ਬੰਦ ਹੋਣ ਕੰਢੇ ਹਨ, ਜਿਸਦਾ ਸੂਬੇ ਦੇ ਖਜ਼ਾਨੇ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਜੇ ਪ੍ਰਤੀ ਯੂਨਿਟ 50
ਮੁਲਾਜਮ ਮੰਨੇ ਜਾਣ, ਤਾਂ ਕਰੀਬ 10 ਲੱਖ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ, ਜਿਸਦਾ ਸਿੱਧਾ ਪ੍ਰਭਾਵ ਪੰਜਾਬ ਭਰ ’ਚ ਉਨ੍ਹਾਂ ਦੇ ਪਰਿਵਾਰਾਂ ਦੇ 40 ਲੱਖ ਪਰਿਵਾਰਾਂ ’ਤੇ ਪਿਆ ਹੈ। ਬਾਜਵਾ ਨੇ ਕਿਹਾ ਕਿ ਗਠਜੋੜ ਸਰਕਾਰ ਦੀ ਮੁੱਖ ਸਾਂਝੇਦਾਰ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ’ਚ ਸਾਲ 2007-12 ’ਚ 1.50 ਲੱਖ ਨੌਕਰੀਆਂ ਤੇ 2012 ਦੌਰਾਨ ਸੱਤਾ ’ਚ ਵਾਪਿਸ ਪਰਤਣ ’ਤੇ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਪਰ ਕਾਂਗਰਸ ਪਾਰਟੀ ਵੱਲੋਂ ਆਰ.ਟੀ.ਆਈ ਐਕਟ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਇਸ ਬਾਰੇ ਝੂਠਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।
ਮੁੱਖ ਮੰਤਰੀ ਤੇ ਉਨ੍ਹਾਂ ਦੇ ਡਿਪਟੀ ਬਿਆਨਾਂ ’ਚ ਸੱਭ ਕੁਝ ਠੀਕ ਹੋਣ ਦੀ ਗੱਲ ਕਹਿ ਕੇ ਸੂਬੇ ਦੀ ਬਨਾਵਟੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਪ੍ਰੋਗ੍ਰੇਸਿਵ ਪੰਜਾਬ ਇਨਵੈਸਟਮੇਂਟ ਸਮਿਟ ਤੇ ਹੁਣ 16 ਤੋਂ 19 ਫਰਵਰੀ ਦੌਰਾਨ ਹੋਣ ਵਾਲੀ ਐਗਰੀਕਲਚਰ ਸਮਿਟ ਬੇਰੁਜ਼ਗਾਰੀ, ਬਦਹਾਲ ਕਾਨੂੰਨ ਤੇ ਵਿਵਸਥਾ ਅਤੇ ਸੂਬੇ ਦੇ ਭੱਖਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਿਰਫ ਇਕ ਸਿਆਸੀ ਟੋਟਕਾ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ’ਤੇ ਐਨ.ਆਰ.ਆਈ ਨਿਵੇਸ਼ ਤੇ ਪੰਜਾਬ ’ਚ ਰੋਜ਼ਗਾਰ ਪੈਦਾ ਕਰਨ ਬਾਰੇ ਸੁਖਬੀਰ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੱਤਾ ਹੈ ਅਤੇ ਚੁਣੌਤੀ ਦਿੱਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਐਨ.ਆਰ.ਆਈ ਸੰਮੇਲਨਾਂ ਦੇ ਬਾਵਜੂਦ ਕੋਈ ਇਕ ਵੀ ਪ੍ਰੋਜੈਕਟ ਦਿਖਾਉਣ ਜਿਸ ’ਚ ਐਨ.ਆਰ.ਆਈ ਵੱਲੋਂ ਨਿਵੇਸ਼ ਕੀਤਾ ਗਿਆ ਹੋਵੇ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਤੇ ਉਨ੍ਹਾਂ ਦਾ ਸਾਲਾ ਬਿਕ੍ਰਮ ਸਿੰਘ ਮਜੀਠੀਆ ਸਰਕਾਰੀ ਖਜ਼ਾਨੇ ’ਤੇ ਬੋਝ ਪਾ ਕੇ ਆਪਣੇ ਐਨ.ਆਰ.ਆਈ ਦੋਸਤਾਂ ਨੂੰ ਮਜ਼ਾ ਲੁਟਾ ਰਹੇ ਹਨ, ਜਿਹੜੇ ਭਾਰਤ ’ਚ ਆਪਣੀਆਂ ਸਰਦੀ ਦੀਆਂ ਛੁਟੀਆਂ ਬਿਤਾਉਣ ਆਏ ਹਨ। ਇਹੋ ਐਨ.ਆਰ.ਆਈ ਗਰਮੀਆਂ ਦੌਰਾਨ ਵਿਦੇਸ਼ ਜਾਣ ਵਾਲੇ ਅਕਾਲੀ ਆਗੂਆਂ ਦੀ ਮਹਿਮਾਨਨਵਾਜੀ ਕਰਦੇ ਹਨ। ਇਹ ਸੱਭ ਇਕ ਪਰਿਵਾਰ ਮਿਲ ਵਰਤਣ ਪ੍ਰੋਗਰਾਮ ਹੈ, ਜਿਸ ਦਾ ਖਰਚਾ ਪੰਜਾਬ ਦੇ ਲੋਕਾਂ ਸਿਰ ਪੈ ਰਿਹਾ ਹੈ।
ਪ੍ਰਦੇਸ਼ ਕਾਂਗਰਸ ਦੇ ਆਰ.ਟੀ.ਆਈ ਸੈ¤ਲ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਨੇ ਅਕਾਲੀ ਭਾਜਪਾ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 7 ਸਾਲਾਂ ਦੌਰਾਨ ਸਿਰਫ 35034 ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ। ਜਦਕਿ 2007 ਤੋਂ ਅਕਾਲੀ ਭਾਜਪਾ ਸ਼ਾਸਨ ਦੀ ਸ਼ੁਰੂਆਤ ਤੋਂ ਅਗਸਤ 2013 ਤੱਕ 530724 ਲੋਕਾਂ ਨੇ ਖੁਦ ਨੂੰ ਇੰਪਲਾਇਮੇਂਟ ਐਕਸਚੇਂਜਾਂ ‘ਚ ਰਜਿਸਟਰ ਕਰਵਾਇਆ ਸੀ ਅਤੇ ਇਨ੍ਹਾਂ ’ਚੋਂ ਸਿਰਫ 6 ਪ੍ਰਤੀਸ਼ਤਾਂ ਨੂੰ ਨੌਕਰੀਆਂ ਮਿਲ ਸਕੀਆਂ ਹਨ।
ਬਾਜਵਾ ਨੇ ਕਿਹਾ ਕਿ ਨੌਕਰੀਆਂ ਪੈਦਾ ਕਰਨ ਦੇ ਮਾਮਲੇ ’ਚ ਬਾਦਲ ਦਾ ਘਰੇਲੂ ਇਲਾਕੇ ਮਾਲਵਾ ਦੀ ਸਥਿਤੀ ਗੰਭੀਰ ਹੈ। ਮੁਕਤਸਰ ਜ਼ਿਲ੍ਹੇ ’ਚ 10884 ਨੌਜਵਾਨ ਰਜਿਸਟਰ ਹੋਏ ਤੇ ਸਿਰਫ 41 (0.38 ਪ੍ਰਤੀਸ਼ਤ) ਨੂੰ ਨੌਕਰੀਆਂ ਮਿਲੀਆਂ। ਫਰੀਦਕੋਟ ਜ਼ਿਲ੍ਹੇ ’ਚ 10747 ਬੇਰੁਜ਼ਗਾਰਾਂ ’ਚੋਂ ਸਿਰਫ 43 ਨੌਕਰੀ ਹਾਸਲ ਕਰ ਸਕੇ, ਜਿਹੜਾ ਸਿਰਫ 0.3 ਪ੍ਰਤੀਸ਼ਤ ਬਣਦਾ ਹੈ। ਬਠਿੰਡਾ ਜਿਲ੍ਹੇ ’ਚ ਪ੍ਰਤੀਸ਼ਤ ਦਰ ਸਿਰਫ 1.01 ਪ੍ਰਤੀਸ਼ਤ ਹੈ, ਜਿਥੇ 255 ਬੇਰੁਜਗਾਰਾਂ ਨੂੰ ਨੌਕਰੀਆਂ ਮਿਲੀਆਂ ਹਨ ਤੇ 25172 ਵਿਭਾਗ ਕੋਲ ਰਜਿਸਟਰ ਹੋਏ ਹਨ। ਮਾਨਸਾ ਜਿਲ੍ਹੇ ’ਚ ਸਿਰਫ 0.6 ਪ੍ਰਤੀਸ਼ਤ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 4537 ਬੇਰੁਜ਼ਗਾਰ ਨੌਜਵਾਨਾਂ ’ਚੋਂ ਸਿਰਫ 59 ਨੂੰ ਨੌਕਰੀ ਮਿਲੀ ਹੈ।
ਬਾਜਵਾ ਨੇ ਕਿਹਾ ਕਿ ਬਾਰਡਰ ਜਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ’ਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪ੍ਰਤੀਸ਼ਤ ਦਰ ਕ੍ਰਮਵਾਰ ਸਿਰਫ 2 ਪ੍ਰਤੀਸ਼ਤ ਹੈ, ਜਿਥੇ 48661 ਤੇ 34383 ਨੌਜਵਾਨਾਂ ’ਚੋਂ ਕ੍ਰਮਵਾਰ 1228 ਤੇ 591 ਵਿਅਕਤੀਆਂ ਨੂੰ ਹੀ ਨੌਕਰੀਆਂ ਮਿਲੀਆਂ ਹਨ। ਗੁਰਦਾਸਪੁਰ ’ਚ ਸਿਰਫ 1.5 ਪ੍ਰਤੀਸ਼ਤ ਤੇ ਪਠਾਨਕੋਟ ’ਚ 0.4 ਪ੍ਰਤੀਸ਼ਤਾਂ ਨੂੰ ਨੌਕਰੀਆਂ ਮਿਲੀਆਂ ਹਨ। ਫਿਰੋਜ਼ਪੁਰ ’ਚ ਸਿਰਫ 1 ਪ੍ਰਤੀਸ਼ਤ ਅੰਕੜਾ ਹੈ, ਜਿਥੇ 20042 ਰਜਿਸਟਰ ਹੋਏ ਵਿਅਕਤੀਆਂ ’ਚੋਂ 223 ਨੂੰ ਨੌਕਰੀਆਂ ਮਿਲੀਆਂ ਹਨ। ਰੂਪਨਗਰ ਜ਼ਿਲ੍ਹੇ (4 ਪ੍ਰਤੀਸ਼ਤ), ਨਵਾਂ ਸ਼ਹਿਰ (3), ਪਟਿਆਲਾ ’ਚ (6), ਸੰਗਰੂਰ ’ਚ (2), ਬਰਨਾਲਾ (2.8), ਫਤਹਿਗੜ੍ਹ ਸਾਹਿਬ ’ਚ (2) ਅਤੇ ਹੁਸ਼ਿਆਰਪੁਰ ’ਚ (5.43) ਰੋਜ਼ਗਾਰ ਪ੍ਰਤੀਸ਼ਤ ਹੈ। ਸਿਰਫ ਮੋਹਾਲੀ, ਜ¦ਧਰ ਤੇ ਲੁਧਿਆਣਾ ਜਿਲ੍ਹਿਆਂ ਦੀ ਦਰ ਥੋੜ੍ਹੀ ਜ਼ਿਆਦਾ ਹੈ, ਜਿਥੇ 24.9 ਪ੍ਰਤੀਸ਼ਤ, 8.8 ਤੇ 18 ਪ੍ਰਤੀਸ਼ਤ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੋਬ ਜਨਰੇਸ਼ਨ ਵਿਭਾਗ ਕੋਲ ਅਗਸਤ 2013 ਤੱਕ ਰਜਿਸਟਰ ਹੋਣ ਵਾਲੇ ਅਨੁਸੂਚਿਤ ਜਾਤੀ ਦੇ 219784 ਵਿਅਕਤੀਆਂ ’ਚੋਂ ਸਿਰਫ 2680 ਨੂੰ ਨੌਕਰੀਆਂ ਮਿਲੀਆਂ ਹਨ, ਜੋ 1.21 ਪ੍ਰਤੀਸ਼ਤ ਬਣਦਾ ਹੈ। ਓ.ਬੀ.ਸੀ ਕੈਟਾਗਰੀ ’ਚ ਰਜਿਸਟਰ ਹੋਏ 19969 ਬੇਰੁਜ਼ਗਾਰਾਂ ’ਚੋਂ 553 ਨੂੰ ਨੌਕਰੀਆਂ ਮਿਲੀਆਂ ਹਨ, ਜੋ ਸਿਰਫ 2.50 ਪ੍ਰਤੀਸ਼ਤ ਬਣਦਾ ਹੈ। ਜਨਰਲ ਕੈਟਾਗਰੀ ਦੇ ਮਾਮਲੇ ’ਚ ਰਜਿਸਟਰਡ ਬੇਰੁਜ਼ਗਾਰਾਂ ’ਚੋਂ ਸਿਰਫ 8 ਪ੍ਰਤੀਸ਼ਤ ਨੂੰ ਨੌਕਰੀਆਂ ਮਿਲੀਆਂ ਹਨ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨਸ਼ਿਆਂ ਤੇ ਅਪਰਾਧ ਦੇ ਦਲਦਲ ’ਚ ਧਸ ਚੁੱਕੀ ਹੈ। ਉਨ੍ਹਾਂ ਨੇ ਅਕਾਲੀ ਭਾਜਪਾ ਗਠਜੋੜ ਨੂੰ ਚੇਤਾਵਨੀ ਦਿੱਤੀ ਹੈ, ਜਿਹੜੀ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਰਹੀ ਹੈ ਤੇ ਇਸਦਾ ਖਾਮਿਆਜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਏਗਾ।