May 1, 2026 8:25 pm

ਬਾਦਲ ਵੱਲੋਂ ਪ੍ਰਗਤੀਸ਼ੀਲ ਪੰਜਾਬ ਕਿਸਾਨ ਸੰਮੇਲਨ ਬਾਰੇ ਚੱਪੜਚਿੜੀ ਵਿਖੇ ਪ੍ਰਬੰਧਾਂ ਦਾ ਜਾਇਜ਼ਾ

image ਚੱਪੜਚਿੜੀ (ਮੁਹਾਲੀ),  2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਾ ਦੌਰਾ ਕਰਕੇ 16 ਫਰਵਰੀ ਤੋਂ 19 ਫਰਵਰੀ ਤੱਕ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਕਿਸਾਨ ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੇਸ਼ ਵਿੱਚ ਆਪਣੇ ਕਿਸਮ ਦੇ ਕਰਵਾਏ ਜਾ ਰਹੇ ਇਸ ਪਹਿਲੇ ਕਿਸਾਨ ਸਮੇਲਨ ਵਿੱਚ ਦੇਸ਼-ਵਿਦੇਸ਼ ਤੋਂ 50 ਹਜ਼ਾਰ ਦੇ ਕਰੀਬ ਕਿਸਾਨਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਵੱਖ ਵੱਖ ਰਾਜਾਂ ਦੇ 10 ਮੁੱਖ ਮੰਤਰੀਆਂ, ਸੀਨੀਅਰ ਕੌਮੀ ਆਗੂਆਂ ਅਤੇ ਖੇਤੀਬਾੜੀ ਦੇ ਮਾਹਿਰਾਂ ਵੱਲੋਂ ਇਸ ਸੰਮੇਲਨ ਦੇ ਉਦਘਾਨ ਮੌਕੇ ਹਾਜ਼ਰ ਹੋਣ ਦੀ ਸੰਭਾਵਨਾ ਹੈ।ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ

ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਸੰਮੇਲਨ ਵਾਲੀ ਥਾਂ ’ਤੇ ਰਾਜ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਇਸ ਇਤਿਹਾਸਕ ਸੰਮੇਲਨ ਨੂੰ ਸਫਲਤਾ ਪੂਰਨ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ ਤੇ ਖੇਤੀ ਨਾਲ ਸਬੰਧਿਤ ਧੰਦਿਆਂ ਬਾਰੇ ਇਕ-ਦੂਜੇ ਦੇ ਤਜਰਬਿਆਂ ਦਾ ਲਾਭ ਪ੍ਰਾਪਤ ਹੋ ਸਕੇ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਖੇਤੀ ਵਿਭਿੰਨਤਾ ’ਤੇ ਜ਼ੋਰ ਦੇਣਾ ਵੀ ਹੈ।
ਮੁੱਖ ਮੰਤਰੀ ਨੂੰ ਦੱਸਿਆ ਗਿਆ ਸਮੁੱਚਾ ਸੰਮੇਲਨ 135 ਏਕੜ ਰਕਬੇ ’ਤੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨੁਮਾਇਸ਼ ਤੋਂ ਇਲਾਵਾ ਖੇਤੀਬਾੜੀ ਦੇ ਵੱਖ ਵੱਖ ਪੱਖਾਂ ’ਤੇ ਸੈਮੀਨਾਰ ਅਤੇ ਤਕਨੀਕਂ ਸੈਸ਼ਨ ਵੀ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਖੇਤੀਬਾੜੀ ਨਾਲ ਸਬੰਧਤ ਨਵੀਂ ਤਕਨਾਲੋਜੀ ਅਤੇ ਰਣਨੀਤੀਆਂ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਖੇਤੀ ਮਾਹਿਰਾਂ, ਟੈਕਨੋਕਰੇਟਾਂ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਵਿਸਤ੍ਰਤ ਵਿਚਾਰ ਵਟਾਂਦਰੇ ਰਾਹੀਂ ਆਧੁਨਿਕ ਕਿਸਾਨੀ ਅਮਲਾਂ ਅਤੇ ਨਵੀਂ ਤਕਨਾਲੋਜੀ ਦਾ ਕਿਸਾਨ ਭਾਈਚਾਰੇ ਨੂੰ ਗਿਆਨ ਪ੍ਰਪਾਤ ਹੋ ਸਕੇ ਅਤੇ ਉਹ ਇਨ੍ਹਾਂ ਨੂੰ ਅਪਣਾ ਸਕਣ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਵਿੱਚ ਮੋਹਰੀ ਰਾਜ ਹੋਣ ਦੇ ਨਾਤੇ ਦੇਸ਼ ਦੇ ਕਿਸਾਨਾਂ ਨੂੰ ਮਿਆਰੀ ਅਤੇ ਮਿਕਦਾਰੀ ਉਤਪਾਦਕਤਾ ਵਧਾਉਣ ਲਈ ਅਧੁਨਿਕ ਅਮਲਾਂ ਦੀ ਵਰਤੋ ਕਰਨ ਅਤੇ ਖੇਤੀ ਨਾਲ ਸਬੰਧਿਤ ਧੰਦੇ ਅਪਣਾ ਕੇ ਖੇਤੀ ਵਿਭਿੰਨਤਾ ਨੂੰ ਲਾਗੂ ਕਰਨ  ਲਈ ਉਤਸ਼ਾਹਿਤ ਕਰਨ ਵਾਸਤੇ  ਸਾਡੇ ਵਲੋਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ। ਇਸ ਮਕਸਦ ਲਈ ਅਜਿਹੇ ਖੇਤੀ ਸੰਮੇਲਨ ਨਿਯਮਤ ਤੌਰ ’ਤੇ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲਾ ਖੇਤੀ ਸੰਮੇਲਨ ਰਵਾਇਤੀ ਖੇਤੀ ਦੀ ਥਾਂ ਉਚ-ਤਕਨੀਕੀ ਖੇਤੀ ਅਪਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਸਾਡੇ ਕਿਸਾਨਾਂ ਅਤੇ ਖਾਸ ਕਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਕਿਸਮਤ ਬਦਲਣ ਲਈ ਸਹਾਈ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਵਿਸ਼ੇਸ਼ ਸਕੱਤਰ ਖੇਤੀਬਾੜੀ ਸ੍ਰੀ ਕਾਹਨ ਸਿੰਘ ਪਨੂੰ, ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰੀ ਰਵਿੰਦਰ ਪਾਲ ਸਿੰਘ ਚੀਮਾ, ਪੀ.ਐਚ.ਡੀ. ਚੈਂਬਰ ਆਫ ਕਮਰਸ ਦੇ ਕੋ-ਚੇਅਰਮੈਨ ਸ੍ਰੀ ਆਰ.ਐਸ. ਸਚਦੇਵਾ ਅਤੇ ਸ੍ਰੀ ਪਰਨਵ ਗੁਪਤਾ ਹਾਜ਼ਰ ਸਨ।

Send this to a friend