ਪੰਜਾਬੀ ਦੇ ਪ੍ਰਮੁੱਖ ਟੀਵੀ ਚੈਨਲ ਪੀਟੀਸੀ ਦੇ ਪ੍ਰਬੰਧ ’ਚ ਵੱਡਾ ਫੇਰਬਦਲ

ਚੈਨਲ ਦੀ ਸੀਈਓ ਰਾਜੀ ਐਮ ਸ਼ਿੰਦੇ ਅਤੇ 5 ਹੋਰ ਮੁਲਾਜ਼ਮਾਂ ਦੀ ਛੁੱਟੀ

ਚੰਡੀਗੜ੍ਹ, 24- ਪੰਜਾਬੀ ਦੇ ਪ੍ਰਮੁੱਖ ਟੀਵੀ ਚੈਨਲ ਪੀਟੀਸੀ ਨੈਟਵਰਕ ਦੇ ਪ੍ਰਬੰਧ ਵਿੱਚ ਵੱਡਾ ਫੇਰਬਦਲ ਹੋਣ ਦੀ ਸੂਚਨਾ ਹੈ। ਮੈਨੇਜਮੈਂਟ ਨੇ ਪੀਟੀਸੀ ਨੈਟਵਰਕ ਦੀ ਡਾਇਰੈਕਟਰ ਅਤੇ ਸੀਈਓ ਰਾਜੀ ਐਮ ਸ਼ਿੰਦੇ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੈਡਮ ਸ਼ਿੰਦੇ ਖਿਲਾਫ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਤੋਂ ਮਜਬੂਰ ਹੋ ਕੇ ਮੈਨੇਜਮੈਂਟ ਨੇ ਉਨ੍ਹਾਂ ਨੂੰ ਚੈਨਲ ਵਿੱਚੋਂ ਕੱਢ ਦਿੱਤਾ ਹੈ। ਇਸੇ ਨਾਲ 5 ਹੋਰ ਮੁਲਾਜ਼ਮਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਕੱਢੇ ਗਏ ਮੁਲਾਜ਼ਮਾਂ ਉਪਰ ਲੱਗੇ ਇਲਜ਼ਾਮਾਂ ਦਾ ਵੇਰਵਾ ਨਹੀਂ ਮਿਲ ਸਕਿਆ। ਮੈਡਮ ਸ਼ਿੰਦੇ ਪੀਟੀਸੀ ਨੈਟਵਰਕ ਦੇ ਬਾਨੀਆਂ ਵਿੱਚੋਂ ਇੱਕ ਸਨ। ਉਹ ਇਸ ਤੋਂ ਪਹਿਲਾਂ ਈਟੀਸੀ ਪੰਜਾਬੀ ਅਤੇ ਜੀਟੀਵੀ ਨਾਲ ਜੁੜੇ ਰਹੇ ਹਨ। ਸੰਨ 2008 ਤੋਂ ਪੀਟੀਸੀ ਨੈਟਵਰਕ ਨੂੰ ਚਲਾ ਰਹੀ ‘ਜੀ ਨੈਸਟ ਮੀਡੀਆ ਪਰਾਈਵੇਟ ਲਿਮਟਿਡ’ ਕੰਪਨੀ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ 95 ਫੀਸਦੀ ਸ਼ੇਅਰ ਹਨ।
ਪੀਟੀਸੀ ਨੈਟਵਰਕ ਦੇ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਵਿੰਦਰ ਨਰਾਇਨਣ ਨਾਲ ਚੈਨਲ ਦੇ ਪ੍ਰਬੰਧ ’ਚ ਹੋਈਆਂ ਤਬਦੀਲੀਆਂ ਦੀ ਪੁਸ਼ਟੀ ਕੀਤੀ ਹੈ। ਪੀਟੀਸੀ ਨੈਟਵਰਕ ਹੇਠ ਇਸ ਸਮੇਂ 3 ਚੈਨਲ ਚੱਲ ਰਹੇ ਹਨ ਜਿਨ੍ਹਾਂ ਵਿੱਚ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ ਸ਼ਾਮਿਲ ਹਨ। ਪੀਟੀਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰ ਰੋਜ਼ ਸਵੇਰ-ਸ਼ਾਮ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਦਾ ਹੈ। ਪੰਜਾਬੀ ਟੀਵੀ ਉਦਯੋਗ ’ਚ ਪੀਟੀਸੀ ਨੈਟਵਰਕ ਦਾ 80 ਫੀਸਦੀ ਮਾਰਕਿਟ ਸ਼ੇਅਰ ਹੈ। ਕੰਪਨੀ ਕੋਲ ਇਸ ਸਮੇਂ 350 ਤੋਂ ਵਧ ਮੁਲਾਜ਼ਮ ਕੰਮ ਕਰ ਰਹੇ ਹਨ।

Send this to a friend