ਬੁਢਲਾਡਾ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਸਾਹਿਤ ਸਦਨ ਦੇ ਸਹਿਯੋਗ ਨਾਲ ਰੂ-ਬ-ਰੂ ਪ੍ਰੋਗਰਾਮਾਂ ਦੀ ਲੜੀ ਤਹਿਤ ਸ਼ਾਇਰ ਤਨਵੀਰ ਨਾਲ ਸੰਵਾਦ ਰਚਾਇਆ ਗਿਆ। ਜੀ ਆਇਆ ਆਖਦਿਆਂ ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਨੇ ਕਿ ਮਾਂ ਬੋਲੀ ਨੂੰ ਪਿਆਰਨ ਵਾਲੇ ਲੋਕ ਸਦਾ ਅਮਰ ਰਹਿੰਦੇ ਹਨ। ਉਨਾਂ ਕਿਹਾ ਕਿ ਪੰਜਾਬ ਇਸ ਸਥਿਤੀ ਵਿੱਚੋਂ ਲੰਘ ਰਿਹਾ ਹੈ ਕਿ ਇੱਥੋਂ ਦੇ ਸਕੂਲਾਂ ਵਿੱਚ ਬੱਚਿਆਂ ਦੇ ਪੰਜਾਬੀ ਬੋਲਣ ਤੇ ਜ਼ੁਰਮਾਨਾ ਲੱਗ ਰਿਹਾ ਹੈ। ਕਵਿਤਾ ਦੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਸ਼ਾਇਰ ਤਨਵੀਰ ਨੇ ਕਿ ਕਵੀ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਦੱਸਦਾ ਹੈ। ਰੁੱਸੇ ਹੋਇਆਂ ਦੇ ਬੇਦਾਵੇ ਪਾੜਦਾ ਹੈ। ਕੂੜ ਨੂੰ ਜ਼ਫਰਨਾਮਾ ਲਿਖਦਾ ਹੈ। ਕਵੀ ਸੱਚ ਦਾ ਦੂਤ, ਕੂੜ ਦਾ ਜਾਜੂਸ ਤੇ ਸੁੰਦਰਤਾ ਦਾ ਗਾਇਡ ਹੁੰਦਾ ਹੈ। ਕਵਿਤਾ ਸੂਬੇ ਦੀ ਕਚਿਹਰੀ ’ਚ ਮਲੇਰਕੋਟਲੇ ਦੇ ਨਵਾਬ ਦਾ ਮਾਰਿਆ ਹਾਅ ਦਾ ਨਾਅਰਾ ਹੁੰਦੀ ਹੈ। ਕਵਿਤਾ ’ਚ ਫ਼ਲਸਫ਼ਾ ਖ਼ੂਸ਼ਬੂ ਵਾਂਗ ਹੋਣਾ ਚਾਹੀਦਾ ਹੈ। ਕਵਿਤਾ ਛਪੀ ਖਬਰ ਦੇ ਪਿੱਛੇ ਛੁਪੀ ਖਬਰ ਦੀ ਕਬਰ ਫਰੋਲਦੀ ਹੈ। ਮੰਚ ਸੰਚਾਲਜ਼ ਕਰਦਿਆਂ ਗੁਰਦੀਪ ਸਿੰਘ ਨੇ ਕਿਹਾ ਕਿ ਤਨਵੀਰ ਦੀ ਕਵਿਤਾ ਦਾਬ ਨੇ ਪੂਰੀ ਕਿਤਾਬ ਕੋਈ ਸੁਣਦਾ ਹੈ ’ਤੇ ਦਾਬ ਦਿੱਤੀ ਹੈ। ਉਨਾਂ ਕਿਹਾ ਕਿ ਸ਼ਾਇਰ ਉਨਾਂ ਕੁ ਵੱਡਾ ਹੁੰਦਾ ਹੈ ਜਿਨਾਂ ਕੁ ਕੁਦਰਤ ਨੂੰ ਕਵਿਤਾ ਵਿੱਚ ਅਨੁਵਾਦ ਕਰ ਲੈਂਦਾ ਹੈ। ਤਨਵੀਰ ਅਣਦਿਸਦੇ ਨੂੰ ਦਿਸਦਾ ਕਰ ਲੈਂਦਾ ਹੈ। ਖਲਾਅ ਨੂੰ ਸਾਕਾਰ ਕਰ ਲੈਂਦਾ ਹੈ। ਜ਼ੀਰੀ ਦੀਆਂ ਗੁੱਟੀਆਂ ਵਿੱਚੋਂ ਡਿੱਗਦੇ ਹੰਝੂਆਂ ਨੂੰ ਦੇਖ ਲੈਂਦਾ ਹੈ। ਕਵਿਤਾ ਰਾਹੀਂ ਇੱਕੋ ਵੇਲੇ ਪੇਟਿੰਗ ਕਰ ਰਿਹਾ ਹੈ, ਫੋਟੋਗ੍ਰਾਫੀ ਕਰ ਰਿਹਾ ਹੈ, ਸੰਗੀਤ ਵਿੱਚ ਇੱਕਸੁਰ ਹੋ ਕਿ ਸ਼ਬਦਾਂ ਦੀਆਂ ਤੈਹਾਂ ਵਿੱਚ ਉਤਰਿਆ ਬੈਠਾ ਹੈ। ਜਦੋਂ ਉਹ ਵਿਕਦੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਬੈਂਕ ਦੀ ਕੰਧ ਤੇ ਗੂਠੇ ਘਸਾਉਂਦਾ ਵੇਖਦਾ ਹੈ ਤਾਂ ਉਨਾਂ ਦਾ ਸਾਰਾ ਦਰਦ ਦਾਬ ਕਵਿਤਾ ਵਿੱਚ ਅਨੁਵਾਦ ਕਰ ਲੈਂਦਾ ਹੈ। ਦਾਬ ਸਮਕਾਲੀ ਕਵਿਤਾ ਦਾ ਹਾਸਿਲ ਹੈ। ਪ੍ਰੋ. ਦੀਪਕ ਧਲੇਵਾਂ ਨੇ ਕਿਹਾ ਕਿ ਤਨਵੀਰ ਪੰਜਾਬੀ ਕਵਿਤਾ ਦਾ ਹਾਸਿਲ ਹੈ, ਉਸਨੇ ਨਵੀਂ ਕਵਿਤਾ ਨੂੰ ਨਵਾਂ ਮੁਹਾਵਰਾ ਦਿੱਤਾ ਹੈ। ਅੰਤ ਵਿਚ ਧੰਨਵਾਦੀ ਸ਼ਬਦ ਡਾ. ਰਾਜਨਦੀਪ ਕੌਰ ਨੇ ਕਹੇ।