ਮੇਰਠ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇੱਥੋਂ ਦੇ ਮਾਵਾਨਾ ਇਲਾਕੇ ਵਿੱਚ 5 ਲੜਕਿਆਂ ਵੱਲੋਂ 14 ਸਾਲ ਦੀ ਇੱਕ ਦਸਵੀਂ ਦੀ ਵਿਦਿਆਰਥਣ ਨੂੰ ਬੰਧਕ ਬਣਾ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਲੜਕੀ ਘਰ ਤੋਂ ਬਾਜ਼ਾਰ ਕਿਸੇ ਕੰਮ ਲਈ ਜਾ ਰਹੀ ਸੀ ਪਰ ਰਸਤੇ ਵਿੱਚ ਹੀ 5 ਲੜਕਿਆਂ ਨੇ ਉਸ ਨੂੰ ਬੰਦੀ ਬਣਾ ਕੇ ਇੰਚੌਲੀ ਦੇ ਜੰਗਲੀ ਇਲਾਕੇ ਵਿੱਚ ਇਕ ਟਿਊਬਵੈ¤ਲ ’ਤੇ ਲਿਜਾ ਕੇ ਬੰਨ੍ਹ ਦਿੱਤਾ। ਦੋਸ਼ੀਆਂ ਨੇ ਉਸ ਨੂੰ ਇੱਕ ਦਵਾਈ ਦਿੱਤੀ ਜਿਸ ਨਾਲ ਉਹ ਨੀਮ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਦੋਸ਼ੀਆਂ ਨੇ ਵਾਰੀ-ਵਾਰੀ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦੋਸ਼ੀਆਂ ਨੇ ਪੀੜਤਾ ਨੂੰ ਸ਼ੁੱਕਰਵਾਰ ਤੱਕ ਬੰਦੀ ਬਣਾ ਕੇ ਰੱਖਿਆ ਤੇ ਫਿਰ ਬੇਹੋਸ਼ੀ ਦੀ ਹਾਲਤ ਵਿੱਚ ਉਸ ਦੇ ਘਰ ਨਜ਼ਦੀਕ ਸੁੱਟ ਗਏ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ’ਤੇ ਦੋਸ਼ੀ ਅਹਿਮਦ ਤੇ 4 ਅਣਪਛਾਤੇ
ਲੜਕਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਦੀ ਸ਼ਿਕਾਇਤ ਅਨੁਸਾਰ ਅਹਿਮਦ ਨਾਂਅ ਦਾ ਲੜਕਾ ਅਕਸਰ ਉਸ ਨੂੰ ਰਸਤੇ ਵਿੱਚ ਰੋਕ ਕੇ ਅਸ਼ਲੀਲ ਟਿੱਪਣੀਆਂ ਕਰਦਾ ਸੀ। ਮੈਡੀਕਲ ਵਿੱਚ ਜਬਰ ਜਨਾਹ ਦੀ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਨੇ ਦੋਸ਼ੀਆਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।