ਨਵੀਂ ਦਿੱਲੀ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਵਿੱਚ ਵੱਧਦੇ ਹੋਏ ਸਰੀਰਕ ਸ਼ੋਸ਼ਣ ਦੇ ਮਾਮਲੇ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਸੁਪਰੀਮ ਕੋਰਟ ਦੀਆਂ ਮਹਿਲਾ ਵਕੀਲਾਂ ਨੇ ਆਪਣੀਆਂ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਪੁਰਸ਼ ਵਕੀਲ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਵਿਰੁੱਧ ਲਾਅ ਇੰਟਰਨਾਂ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਸਨ ਪਰ ਹੁਣ ਦੋ ਹੋਰ ਮਹਿਲਾ ਵਕੀਲਾਂ ਨੇ ਪੁਰਸ਼ ਵਕੀਲਾਂ ਵਿਰੁੱਧ ਸ਼ਿਕਾਇਤ ਦਰਜ ਕਰਾਈ ਹੈ। ਸੁਪਰੀਮ ਕੋਰਟ ਨੇ 26 ਨਵੰਬਰ, 2013 ਨੂੰ ਵਿਸ਼ਾਖਾ ਗਾਈਡਲਾਈਨ ਅਧੀਨ 10 ਵਿਅਕਤੀਆਂ ਦੀ ਸੁਪਰੀਮ ਕੋਰਟ ਲਿੰਗ ਸੰਵੇਦੀਕਰਨ ਤੇ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਸੀ। ਵਰਣਨਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਵਿਸ਼ਾਖਾ ਫੈਸਲੇ ਤੋਂ ਬਾਅਦ 1997 ਤੋਂ ਹੀ ਅਜਿਹੀ ਕਮੇਟੀ ਬਣਾਈ ਜਾਣੀ ਸੀ ਪਰ ਇਸ ਨੂੰ ਜੱਜ ਗਾਂਗੁਲੀ ਦੇ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ
ਬਾਅਦ ਬਣਾਇਆ ਗਿਆ ਹੈ। ਦੋ ਮਹਿਲਾ ਵਕੀਲਾਂ ਨੇ ਇਸ ਕਮੇਟੀ ਕੋਲ ਹੀ ਆਪਣੀਆਂ ਸ਼ਿਕਾਇਤਾਂ ਦਰਜ ਕਰਾਈਆਂ ਹਨ। ਕਮੇਟੀ ਦੀ ਸਾਲਾਨਾ ਰਿਪੋਰਟ ਅਨੁਸਾਰ ਇੱਕ ਮਹਿਲਾ ਵਕੀਲ ਨੇ 12 ਦਸੰਬਰ, 2013 ਨੂੰ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਈ ਸੀ। ਉਸ ਤੋਂ ਬਾਅਦ ਪੀੜਤਾ ਦੇ ਬਿਆਨ ਵੀ ਦਰਜ ਕੀਤੇ ਗਏ। ਦੂਸਰੀ ਸ਼ਿਕਾਇਤ ਕਮੇਟੀ ਦੇ ਸਾਹਮਣੇ 16 ਦਸੰਬਰ, 2013 ਨੂੰ ਦਰਜ ਕਰਾਈ ਗਈ ਪਰ ਪੀੜਤਾ ਦੀ ਬੇਨਤੀ ’ਤੇ ਬਿਆਨ ਦਰਜ ਨਹੀਂ ਕੀਤੇ ਗਏ। ਇਨ੍ਹਾਂ ਰਿਪੋਰਟਾਂ ਵਿੱਚ ਦੋਸ਼ੀ ਵਕੀਲਾਂ ਦਾ ਨਾਂਅ ਨਹੀਂ ਲਿਖਿਆ ਗਿਆ। ਅੰਦਰੂਨੀ ਕਮੇਟੀ ਦੇ ਫੈਸਲੇ ਅਨੁਸਾਰ ਜਦ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੋ ਜਾਂਦੇ ਉਦੋਂ ਤੱਕ ਉਨ੍ਹਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ। ਦੋਸ਼ ਸਾਬਿਤ ਹੋਣ ’ਤੇ ਉਨ੍ਹਾਂ ਦੇ ਸੁਪਰੀਮ ਕੋਰਟ ਵਿੱਚ ਦਾਖਲੇ ’ਤੇ ਇੱਕ ਸਾਲ ਦੀ ਰੋਕ ਲੱਗ ਸਕਦੀ ਹੈ ਤੇ ਕਮੇਟੀ ਉਨ੍ਹਾਂ ਵਿਰੁ¤ਧ ਅਪਰਾਧਿਕ ਮਾਮਲਾ ਵੀ ਦਰਜ ਕਰਾ ਸਕਦੀ ਹੈ। ਕਮੇਟੀ ਕੋਲ ਸੁਪਰੀਮ ਕੋਰਟ ਅੰਦਰ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਦੀ ਜਾਂਚ ਲਈ ਨਿਆਇਕ ਸ਼ਕਤੀਆਂ ਹਨ। ਕਮੇਟੀ ਮੈਂਬਰਾਂ ਵਿੱਚ ਸੁਪਰੀਮ ਕੋਰਟ ਦੇ ਦੋ ਜੱਜ ਰੰਜਨਾ ਪ੍ਰਕਾਸ਼ ਦੇਸਾਈ ਤੇ ਮਦਨ ਬੀ. ਲੋਕੁਰ ਵੀ ਸ਼ਾਮਿਲ ਹਨ। ਮਹਿਲਾ ਵਕੀਲਾਂ ਨੇ ਦੋ ਸਾਲ ਪਹਿਲਾਂ ਵੀ ਸੁਪਰੀਮ ਕੋਰਟ ਕੋਲ ਅਪੀਲ ਦਾਇਰ ਕਰਕੇ ਅਜਿਹੇ ਪੈਨਲ ਦੀ ਮੰਗ ਕਰਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਅੰਦਰ ਸਰੀਰਕ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ ਤੇ ਇਸ ਦੀ ਜਾਂਚ ਲਈ ਇੱਕ ਪੈਨਲ ਦੀ ਲੋੜ ਹੈ।