May 10, 2026 11:04 am

ਸਾਦੇ ਵਿਆਹ ਸਾਦੇ ਭੋਗ

ਦਿੜਬਾ ਇਲਾਕੇ ਦੇ ਮਹਿਲਾਂ, ਚੱਠਾ ਨਨਹੇੜਾ, ਖੇੜੀ, ਈਸਵਾਲ, ਨਮੋਲ, ਲੋਂਗੋਵਾਲ, ਕਨੇਈ, ਤੁੰਗਾਂ, ਲਖਵੀਰ ਵਾਲਾ, ਕੁਲਾਰਾਂ, ਭਾਈ ਕੀ ਪਸ਼ੋਰ, ਸੇਖੂਵਾਲ, ਘੋੜੇਨਬ, ਰੋੜੇਵਾਲ, ਬਖਸ਼ੀਵਾਲਾ, ਨੀਲੋਵਾਲ, ਛਾਜਲਾ ਆਦਿ ਪਿੰਡਾਂ ਦੇ ਲੋਕ ਵਿਆਹਾਂ ਅਤੇ ਮਰਗ ਦੇ ਭੋਗਾਂ ’ਤੇ ਕੀਤੇ ਜਾ ਰਹੇ ਵਾਧੂ ਖਰਚ ਵਿਰੁੱਧ ਲਾਮਬੰਦ ਹੋ ਗਏ ਹਨ। ਇਨ੍ਹਾਂ ਪਿੰਡਾਂ ਨੇ ਕੁੱਝ ਫਜ਼ੂਲ ਕਿਸਮ ਦੀਆਂ ਰਸਮਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਾਜ ਲੈਣਾ ਤੇ ਦੇਣਾ ਬਿਲਕੁਲ ਬੰਦ ਕਰ ਦਿੱਤਾ ਜਾਵੇ। ਰਿੰਗ ਸੈਰੇਮਨੀ ਸਾਡੀ ਰਸਮ ਨਹੀਂ, ਇਹ ਨਹੀਂ ਹੋਣੀ ਚਾਹੀਦੀ। ਪਿੰਡਾਂ ਨੇ ਵਿਆਹਾਂ ਵਿੱਚ ਸ਼ਰਾਬ ਅਤੇ ਮੀਟ ਦੀ ਵਰਤੋਂ ਵੀ ਬੰਦ ਕਰਨ ਲਈ ਕਿਹਾ ਹੈ। ਇਨ੍ਹਾਂ ਪਿੰਡਾਂ ਨੇ ਫੈਸਲਾ ਕੀਤਾ ਹੈ ਕਿ ਬਰਾਤ ਵਿੱਚ 31 ਮੈਂਬਰ ਹੀ ਜਾਣਗੇ। ਅਰਕੈਸਟਰਾਂ, ਹਥਿਆਰਾਂ ਅਤੇ ਭੜਕਾਊ ਗਾਣੇ ਬੰਦ ਕਰਨ ਦਾ ਫੈਸਲਾ ਵੀ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਕੀਤਾ ਹੈ। ਹੋਰ ਫੈਸਲਿਆਂ ਵਿੱਚ ਮੋੜਵੀਂ ਮਕਾਣ ਬੰਦ ਕਰਨਾ, ਕਿਸੇ ਦੀ ਮੌਤ ਪਿੱਛੋਂ ਸੰਸਕਾਰ ’ਤੇ ਫੁੱਲਾਂ ਸਮੇਂ ਦੂਰ ਦੇ ਰਿਸ਼ਤੇਦਾਰਾਂ ਨੂੰ ਸੱਦਣਾ ਜ਼ਰੂਰੀ ਨਹੀਂ ਅਤੇ ਭੋਗ ਸਮੇਂ ਵਾਧੂ ਇਕੱਠ ਕਰਕੇ ਫਜ਼ੂਲ ਖਰਚ ’ਤੇ ਰੋਕ ਆਦਿ ਫੈਸਲੇ ਸ਼ਾਮਲ ਹਨ। ਇਨ੍ਹਾਂ ਸ਼ਰਤਾਂ ਨੂੰ ਨਾ ਮੰਨਣ ਵਾਲੇ ਲਈ 10 ਹਜ਼ਾਰ ਤੋਂ 50 ਹਜ਼ਾਰ ਤੱਕ ਦਾ ਜੁਰਮਾਨਾ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਸਾਦੇ ਵਿਆਹ ਅਤੇ ਸਾਦੇ ਭੋਗ ਪਾਉਣ ਦੇ ਫੈਸਲੇ ਕੀਤੇ ਹਨ। ਅਜਿਹੇ ਫੈਸਲਿਆਂ ਦਾ ਸਵਾਗਤ ਕਰਨਾ ਬਣਦਾ ਹੈ। ਕਿਸੇ ਵੀ ਪਰਿਵਾਰ ਵਿੱਚ ਤਿੰਨ ਸੰਜੋਗ, ਉਤਸਵ ਜਾਂ ਅਵਸਰ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਹਨ ਜਨਮ, ਵਿਆਹ ਅਤੇ ਮੌਤ। ਇਹ ਤਿੰਨੇ ਅਵਸਰ ਕਿਸੇ ਪਰਿਵਾਰ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਜਨਮ ਅਤੇ ਵਿਆਹ ਅਜਿਹੇ ਉਤਸਵ ਹਨ ਜੋ ਕਿਸੇ ਪਰਿਵਾਰ ਨੂੰ ਜਸ਼ਨ ਮਨਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਸ ਦਾ ਭਾਈਚਾਰਕ ਅਤੇ ਸਮਾਜਿਕ ਮਹੱਤਵ ਵੀ ਬਹੁਤ ਹੁੰਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਛੇ ਦਹਾਕਿਆਂ ਦੌਰਾਨ ਪੰਜਾਬੀ ਸਮਾਜ ਵਿੱਚ ਵਿਆਹ ਦੇ ਮੌਕੇ ਹੋਣ ਵਾਲੀਆਂ ਰਸਮਾਂ ਵਿੱਚ ਢੇਰ ਸਾਰੀਆਂ ਤਬਦੀਲੀਆਂ ਦਾ ਗਵਾਹ ਹਾਂ। ਸੱਚ-ਮੁੱਚ ਹੀ ਪੰਜਾਬ ਦੇ ਵਿਆਹਾਂ ਦੀਆਂ ਰਸਮਾਂ ਬਹੁਤ ਮਹਿੰਗੀਆਂ ਅਤੇ ਵਕਤ ਖਰਚਣ ਵਾਲੀਆਂ ਬਣ ਚੁੱਕੀਆਂ ਹਨ। ਕਿਸੇ ਸਮੇਂ ਇਨ੍ਹਾਂ ਬਾਰੇ ਕਿਆਸ ਕਰਨਾ ਵੀ ਮੁਸ਼ਕਿਲ ਸੀ। ‘ਅੰਗਰੇਜ਼’ ਅਤੇ ‘ਮੰਜੇ ਬਿਸਤਰੇ’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵਿਖਾਏ ਵਿਆਹਾਂ ਨੂੰ ਨਾ ਸਿਰਫ ਮੈਂ ਅੱਖੀਂ ਵੇਖਿਆ ਹੈ ਬਲਕਿ ਕਈਆਂ ਦਾ ਹਿੱਸਾ ਵੀ ਰਿਹਾ ਹਾਂ। ਦੋ-ਦੋ ਦਿਨ ਬਰਾਤਾਂ ਦਾ ਠਹਿਰਨਾ ਅਤੇ ਸਮੂਹ ਭਾਈਚਾਰੇ ਵੱਲੋਂ ਆਪਣੇ ਹੱਥੀਂ ਬਰਾਤਾਂ ਦੀ ਸੇਵਾ ਅਤੇ ਹਰ ਤਰ੍ਹਾਂ ਦੇ ਰਸਮਾਂ ਰਿਵਾਜ਼ਾਂ ਨੂੰ ਨਿਭਾਉਣ ਵਾਲੇ ਵਿਆਹ ਤਾਂ ਹੁਣ ਸਿਰਫ ਫਿਲਮਾਂ ਵਿੱਚ ਵੇਖਣ ਨੂੰ ਮਿਲ ਰਹੇ ਹਨ। ਤਬਦੀਲੀ ਕੁਦਰਤ ਦਾ ਸੁਭਾਵਿਕ ਨਿਯਮ ਹੈ। ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀ ਆਉਣਾ ਕੁਦਰਤੀ ਹੈ ਪਰ ਸਾਡੇ ਸਮਾਜ ਵਿੱਚ ਵਿਆਹਾਂ ਦੇ ਮਾਮਲੇ ਵਿੱਚ ਵੱਡੀ ਨਾਕਾਰਤਮਕ ਤਬਦੀਲੀ ਆਈ ਹੈ। ਵਿਆਹ ਹੁਣ ਬਹੁਤ ਮਹਿੰਗਾ ਹੋ ਗਿਆ ਹੈ। ਅਸਲ ਵਿੱਚ ਹੁਣ ਇਕ ਵਿਆਹ ਦੌਰਾਨ ਇੰਨੀਆਂ ਰਸਮਾਂ ਨੂੰ ਵਧਾ ਦਿੱਤਾ ਗਿਆ ਕਿ ਹੁਣ ਇਕ ਨਹੀਂ ਕਈ ਵਿਆਹਾਂ ਦਾ ਖਰਚਾ ਕਰਨਾ ਪੈ ਰਿਹਾ ਹੈ। ਰੋਕਾ, ਰਿੰਗ ਸੈਰੇਮਨੀ, ਸ਼ਗਨ, ਲੇਡੀਜ਼ ਸੰਗੀਤ, ਚੂੰਨੀ ਚੜ੍ਹਾਈ, ਫੇਰੇ ਜਾਂ ਅਨੰਦ ਕਾਰਜ ਅਤੇ ਫਿਰ ਰਿਸੈਪਸ਼ਨ। ਤੁਸੀਂ ਕੁੜੀ ਵਾਲੇ ਹੋ ਜਾਂ ਮੁੰਡੇ ਵਾਲੇ, ਇਸ ਨਾਲ ਘੱਟ ਹੀ ਫਰਕ ਪੈਂਦਾ ਹੈ ਅਤੇ ਤੁਹਾਨੂੰ 6-7 ਵੱਡੀਆਂ, ਮਹਿੰਗੀਆਂ ਅਤੇ ਸਮਾਂ ਖਪਤ ਕਰਨ ਵਾਲੀਆਂ ਰਸਮਾਂ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਵਿਖਾਵੇ ਦੇ ਇਸ ਯੁੱਗ ਵਿੱਚ ਮੈਰਿਜ ਪੈਲੇਸਾਂ ਦੀ ਸਜਾਵਟ ’ਤੇ ਹੀ ਉਨ੍ਹਾਂ ਖਰਚ ਹੋ ਜਾਂਦਾ ਹੈ ਜਿੰਨਾ ਕਿਸੇ ਸਮੇਂ ਪੂਰੇ ਵਿਆਹ ’ਤੇ ਹੁੰਦਾ ਸੀ। ਇਨ੍ਹਾਂ ਖਰਚੀਲੇ ਵਿਆਹਾਂ ਦੇ ਅਨੇਕਾਂ ਅਜਿਹੇ ਖਰਚੇ ਹਨ ਜੋ ਆਮ ਮੱਧ ਸ਼੍ਰੇਣੀ ਦਾ ਲੱਕ ਤੋੜ ਦਿੰਦੇ ਹਨ। ਦੋ ਤਿੰਨ ਘੰਟੇ ਦੀ ਰਿਸੈਪਸ਼ਨ ਦੀ ਰਸਮ ਉਤੇ ਇੱਕ ਮੱਧ ਸ਼੍ਰੇਣੀ ਦੇ ਪਰਿਵਾਰ ਨੂੰ 10-15 ਲੱਖ ਰੁਪਏ ਖਰਚਨੇ ਪੈਂਦੇ ਹਨ। ਇਸ ਤਰ੍ਹਾਂ ਅਨੰਦ ਕਾਰਜ ਵਾਲੇ ਦਿਨ ਵੀ ਬਰਾਤੀਆਂ ਦੀ ਸੇਵਾ ਵੇਲੇ ਲੋਕ ਵਿਤੋਂ ਬਾਹਰ ਜਾ ਕੇ ਖਰਚਾ ਕਰਦੇ ਨਜ਼ਰੀਂ ਪੈਂਦੇ ਹਨ। ਇਨ੍ਹਾਂ ਵਿੱਚੋਂ ਵੱਡੇ ਖਰਚੇ ਖਾਣ-ਪੀਣ ਅਤੇ ਸਜਾਵਟ ਦੇ ਹਨ। ਕੱਪੜੇ ਅਤੇ ਗਹਿਣਿਆਂ ਤੇ ਵੀ ਮੋਟੀ ਰਕਮ ਖਰਚੀ ਜਾਂਦੀ ਹੈ।

Send this to a friend