ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਤੇਲ ਕੰਪਨੀਆਂ ਵੱਲੋਂ ਬੀਤੀ ਰਾਤ ਪੈਟਰੋਲ ਦੀ ਕੀਮਤ ਵਿਚ ਮੁੜ ਤੋਂ ਵਾਧਾ ਕਰ ਦਿੱਤਾ। ਲਗਪਗ ਡੇਢ ਮਹੀਨੇ ਦੌਰਾਨ ਪੈਟਰੋਲ ਦੀ ਕੀਮਤ ਵਿਚ ਚੌਥੀ ਵਾਰ ਵਾਧਾ ਕੀਤਾ ਗਿਆ। ਹਾਲਾਂਕਿ ਰੁਪਏ ਦੀ ਕੀਮਤ ਘਟਣ ਕਰਕੇ ਤੇਲ ਦੀ ਦਰਾਮਦ ਉਪਰ ਲਾਗਤ ਵਧਣ ਨਾਲ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਪਰ ਇਸ ਵਾਧੇ ਨਾਲ ਆਮ ਆਦਮੀ ਦੀ ਸਿਰਦਰਦੀ ਵਧਾ ਦਿੱਤੀ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਸਹਿਣ ਕਰ ਰਹੀ ਜਨਤਾ ਇਸ ਨਵੇਂ ਬੋਝ ਤੋਂ ਕਾਫੀ ਪ੍ਰੇਸ਼ਾਨ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੈਟਰੋਲ ਦੀਆਂ ਕੀਮਤਾਂ ਵਿਚ 1.55 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਸੀ। ਇਸ ਵਾਧੇ ਨਾਲ ਚੰਡੀਗੜ੍ਹ ਵਿਚ ਪੈਟਰੋਲ ਪਹਿਲਾਂ ਜਿਥੇ 69.59 ਸੀ, ਉਥੇ ਹੁਣ ਇਹ 1.89 ਰੁਪਏ ਵਾਧੇ ਨਾਲ 71.48 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਚੁੱਕਾ ਹੈ। ਜਦੋਂ ਕਿ ਦਿੱਲੀ ਵਿਚ ਪੈਟਰੋਲ ਦੀ ਨਵੀਂ ਕੀਮਤ 70.44, ਕੋਲਕਾਤਾ ਵਿਖੇ 77.76, ਮੁੰਬਈ ਵਿਚ 77.73 ਤੇ ਚੇਨੱਈ ਵਿਚ 73.60 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਡਾਲਰ ਦੇ ਮੁਕਾਬਲੇ ਰੁਪਇਆ ਇਸ ਤਰ੍ਹਾਂ ਹੀ ਡਿੱਗਦਾ ਰਿਹਾ ਤਾਂ 15 ਦਿਨਾਂ ਤੋਂ ਬਾਅਦ ਤੇਲ ਕੰਪਨੀਆਂ ਮੁੜ ਤੋਂ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ।



