- 68 ਕਿਲੋਮੀਟਰ ਲੰਬਾਈ ਵਾਲੇ ਇਸ ਮਾਰਗ ‘ਤੇ ਆਵੇਗਾ 1000 ਕਰੋੜ ਦਾ ਖਰਚਾ
ਚੰਡੀਗੜ੍ਹ, 15 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ ਖ਼ਰੜ-ਲੁਧਿਆਣਾ ਸੜਕੀ ਮਾਰਗ ਨੂੰ ਛੇ ਮਾਰਗੀ ਕਰਨ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦਾ ਕੰਮ ਮਾਰਚ, 2014 ‘ਚ ਆਰੰਭ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸ ਕਾਰਜ ‘ਤੇ ਅੰਦਾਜ਼ਨ 1000 ਕਰੋੜ ਰੁਪਏ ਖ਼ਰਚ ਆਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 68 ਕਿਲੋਮੀਟਰ ਲੰਬਾਈ ਵਾਲੇ ਤੇ ਵੱਧ ਆਵਾਜਾਈ ਕਾਰਨ ਅਤਿ ਲੋੜੀਂਦੇ ਖ਼ਰੜ-ਲੁਧਿਆਣਾ (ਐਨ.ਐਚ-95) ਮਾਰਗ ਨੂੰ ਛੇ ਮਾਰਗੀ ਕਰਨ ਦੀ ਵਿਸਥਾਰਪੂਰਬਕ ਪ੍ਰਾਜੈਕਟ ਰਿਪੋਰਟ ਤਿਆਰ ਕਰ ਲਈ ਗਈ ਹੈ ਅਤੇ ਇਸਦਾ ਬਾਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸੜਕ ਸੈਕਟਰ 38, ਚੰਡੀਗੜ੍ਹ ਤੋਂ ਖ਼ਰੜ-ਲੁਧਿਆਣਾ ਤੱਕ ਛੇ ਮਾਰਗੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋਵੇਗਾ। ਸ. ਢਿਲੋਂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੁਯੋਗ ਅਗਵਾਈ ਅਤੇ ਰਹਿਨੁਮਾਈ ‘ਚ ਸਰਕਾਰ ਵਲੋਂ ਸੂਬੇ ‘ਚ ਨਿਰੰਤਰ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸ਼ੰਭੂ ਬਾਰਡਰ ਤੋਂ ਜਲੰਧਰ (ਲੰਬਾਈ-175 ਕਿ.ਮੀ, ਲਾਗਤ 1500 ਕਰੋੜ), ਭੋਗਪੁਰ ਤੋਂ ਮੁਕੇਰੀਆਂ (ਲੰਬਾਈ-44 ਕਿ.ਮੀ, ਲਾਗਤ 300 ਕਰੋੜ), ਪਠਾਨਕੋਟ ਤੋਂ ਅੰਮ੍ਰਿਤਸਰ (ਲੰਬਾਈ-102 ਕਿ.ਮੀ, ਲਾਗਤ 800 ਕਰੋੜ) ਅਤੇ ਲੁਧਿਆਣਾ ਤੋਂ ਤਲਵੰਡੀ (ਲੰਬਾਈ-78 ਕਿ.ਮੀ, ਲਾਗਤ 479 ਕਰੋੜ) ਆਦਿ ‘ਤੇ ਉਸਾਰੀ ਕਾਰਜ ਜਾਰੀ ਹਨ। ਸ. ਢਿਲੋਂ ਨੇ ਦੱਸਿਆ ਕਿ ਸੜਕੀ ਮਾਰਗਾਂ ਨੂੰ ਅਪਗ੍ਰੇਡ ਕਰਨ ਦੇ ਚਾਰ ਪ੍ਰਾਜੈਕਟ 56 ਕਿਲੋਮੀਟਰ ਲੰਬਾਈ ਵਾਲੇ ਰੋਪੜ੍ਹ-ਚਮਕੌਰ ਸਾਹਿਬ-ਨੀਲੋਂ-ਦੁਰਾਹਾ ਮਾਰਗ(ਸਰਹਿੰਦ ਨਹਿਰ ਦੇ ਨਾਲ-ਨਾਲ), 30 ਕਿਲੋਮੀਟਰ ਲੰਬਾਈ ਵਾਲੇ ਮੋਰਿੰਡਾ-ਕੁਰਾਲੀ-ਸਿਸਵਾਂ-ਬੱਦੀ ਮਾਰਗ, 30 ਕਿਲੋਮੀਟਰ ਲੰਬਾਈ ਵਾਲੇ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਅਤੇ 36 ਕਿਲੋਮੀਟਰ ਲੰਬਾਈ ਵਾਲੇ ਬਟਾਲਾ-ਮਹਿਤਾ-ਬਿਆਸ ਚਾਰ ਮਾਰਗੀ ਆਦਿ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਤੇ ਉਸਾਰੀ ਕਾਰਜ ਅਪਰੈਲ 2013 ‘ਚ ਆਰੰਭ ਹੋ ਚੁੱਕੇ ਹਨ। ਸ. ਢਿੱਲੋਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਲੋਕਾਂ ਨੂੰ ਸੜਕਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।



