ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਸੰਭਾਵਨਾ ਘੱਟ
ਜਲੰਧਰ, 16 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ 8 ਦਿਨਾ ਸਰਕਾਰੀ ਭਾਰਤ ਫੇਰੀ ਲਈ 16 ਫਰਵਰੀ ਨੂੰ ਓਟਾਵਾ ਤੋਂ ਰਵਾਨਾ ਹੋਣਗੇ।ਉਨ੍ਹਾਂ ਦਾ ਜਹਾਜ਼ ਸਥਾਨਕ ਸਮੇਂ ਮੁਤਾਬਿਕ ਦੁਪਹਿਰ 12 ਕੁ ਵਜੇ ਉਡਾਣ ਭਰੇਗਾ ਅਤੇ ਅਗਲੇ ਦਿਨ ਦਿਲੀ ਪੁਜੇਗਾ, ਜਿਥੋਂ 18 ਫਰਵਰੀ ਨੂੰ ਟਰੂਡੋ ਦਾ ਆਗਰਾ ਵਿਖੇ ਤਾਜ ਮਹਿਲ ਦੇਖੇ ਜਾਣ ਦਾ ਪ੍ਰੋਗਰਾਮ ਹੈ ਅਤੇ 19 ਫਰਵਰੀ ਨੂੰ ਉਹ ਅਹਿਮਦਾਬਾਦ (ਗੁਜਰਾਤ) ਵਿਖੇ ਵਿਚਰਨਗੇ, ਜਿਥੋਂ 20 ਫਰਵਰੀ ਨੂੰ ਮਾਇਆ ਨਗਰੀ ਮੁੰਬਈ ਜਾਣ ਦਾ ਪ੍ਰੋਗਰਾਮ ਤੈਅ ਹੋਇਆ ਹੈ। ਅਗਲੇ ਦਿਨ 21 ਫਰਵਰੀ ਨੂੰ ਉਹ ਅਪਾਣੇ ਕਾਫ਼ਲੇ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁਜਣਗੇ ਅਤੇ ਉਸੇ ਦਿਨ ਦਿਲੀ ਪਰਤ ਜਾਣਗੇ।22, 23 ਤੇ 24 ਫਰਵਰੀ ਨੂੰ ਉਨ੍ਹਾਂ ਦਾ ਨਵੀਂ ਦਿਲੀ ਵਿਚ ਰੁਝੇਵਿਆਂ ਭਰਪੂਰ ਸਮਾਂ ਬੀਤੇਗਾ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਸ਼ਾਮਿਲ ਹੈ। 24 ਫਰਵਰੀ ਨੂੰ ਰਾਤ ਸਮੇਂ ਉਹ ਦਿਲੀ ਤੋਂ ਰਵਾਨਾ ਹੋ ਜਾਣਗੇ ਤੇ 25 ਨੂੰ ਤੜਕਸਾਰ ਉਨ੍ਹਾਂ ਦਾ ਜਹਾਜ਼ ਓਟਾਵਾ ਵਿਖੇ ਪੁਜ ਜਾਵੇਗਾ।ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਨ ਟਰੂਡੋ ਦਰਮਿਆਨ ਮਿਲਣੀ ਸਬੰਧੀ ਹਾਲੇ ਸਥਿਤੀ ਸਪਸ਼ਟ ਨਹੀਂ ਹੋ ਸਕੀ। ਤਾਜ਼ਾ ਰਿਪੋਰਟਾਂ ਅਨੁਸਾਰ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਣ ਲਈ ਹਾਮੀ ਭਰ ਦਿਤੀ ਹੋਵੇ ਪਰ ਹੁਣ ਟਰੂਡੋ ਨੇ ਕੈਪਟਨ ਨਾਲ ਮਿਲਣ ਤੋਂ ਨਾਂਹ ਕਰ ਦਿਤੀ ਹੈ। ਹਾਂਲਾਕਿ, ਇਸ ਖਬਰ ਦੀ ਅਜੇ ਤਕ ਪੁਸ਼ਟੀ ਨਹੀਂ ਹੋ ਪਾਈ ਹੈ।ਮੀਡੀਆ ਅਨੁਸਾਰ ਜਸਟਿਨ ਟਰੂਡੋ ਦੇ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਜਾਣਗੇ।



