ਰਾਮਪੁਰਾ ਫੂਲ, 13 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਅੱਜ ਸਥਾਨਕ ਨਗਰ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਰਾਮਪੁਰਾ ਵਲੋਂ ਬਲਾਕ ਪ੍ਰਧਾਨ ਕਿਰਪਾਲ ਕੌਰ ਭੂੰਦੜ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਰੋਸ ਮੁਜਾਹਰਾ ਕਰਨ ਉਪਰੰਤ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਵੱਡੀ ਗਿਣਤੀ ‘ਚ ਇਕੱਠੀਆਂ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਦੋਵੇਂ ਸਰਕਾਰਾਂ ਵਿਰੁੱਧ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਣਭੱਤਾ ਨਹੀਂ ਵਧਾਇਆ ਜਾ ਰਿਹਾ ਜਦ ਕਿ ਦਿੱਲੀ ਸਰਕਾਰ ਵਾਂਗ ਉਹ ਕ੍ਰਮਵਾਰ 10 ਹਜਾਰ ਤੇ 5 ਹਜਾਰ ਰੁ: ਮਾਣਭੱਤੇ ਦੇ ਹੱਕਦਾਰ ਹਨ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਬੱਚਿਆਂ ਨੂੰ ਵਾਪਿਸ ਆਂਗਣਵਾੜੀ ਕੇਂਦਰਾਂ ‘ਚ ਭੇਜਿਆ ਜਾਵੇ ਅਤੇ ਐਨ.ਜੀ.ਓ. ਅਧੀਨ ਬਲਾਕ ਬਠਿੰਡਾ ਅਤੇ ਸਰਵਰ ਖੂਈਆਂ ਦੇ ਚੱਲਦੇ ਆਂਗਣਵਾੜੀ ਕੇਂਦਰ ਜਿਨਾਂ ਦਾ ਨੋਟੀਫਿਕੇਸ਼ਨ ਵੀ ਹੋ ਚੁੱਕਾ ਹੈ ਉਨ੍ਹਾਂ ਨੂੰ ਵਾਪਿਸ ਵਿਭਾਗ ਅਧੀਨ ਲਿਆਂਦਾ ਜਾਵੇ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਜਨ. ਸ਼ਕੱਤਰ ਗੁਰਮੀਤ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ। ਮੁਜਾਹਰੇ ਉਪਰੰਤ ਵਰਕਰਾਂ ਵਲੋਂ ਸਬ ਤਹਿਸੀਲਦਾਰ ਦੇ ਰੀਡਰ ਰਾਜੀਵ ਕੁਮਾਰ ਰਾਹੀਂ ਮੁੱਖਮੰਤਰੀ ਨੇ ਨਾਮ ਮੰਗ-ਪੱਤਰ ਵੀ ਦਿੱਤਾ। ਇਸ ਮੌਕੇ ਰੁਪਿੰਦਰ ਕੌਰ ਨੰਦਗੜ ਕੋਟੜਾ, ਅਮਰਜੀਤ ਕੌਰ ਰਾਮਨਿਵਾਸ, ਪਰਮਜੀਤ ਕੌਰ ਬਾਲਿਆਂਵਾਲੀ, ਕਰਮਜੀਤ ਕੌਰ ਕੋਟੜਾ, ਕਰਮਜੀਤ ਕੌਰ ਝੰਡੂਕੇ, ਗੁਰਮੀਤ ਕੌਰ ਭੂੰਦੜ, ਸੁਖਵਿੰਦਰ ਕੌਰ ਸੂਚ, ਗੁਰਜਿੰਦਰ ਕੌਰ, ਵਨੀਤ ਕੌਰ, ਆਸ਼ਾ ਰਾਣੀ, ਗੁਰਜਿੰਦਰ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ ਸਮੇਤ ਵੱਡੀ ਗਿਣਤੀ ‘ਚ ਮੁਲਾਜਮ ਹਾਜਰ ਸਨ।
ਆਂਗਣਵਾੜੀ ਯੂਨੀਅਨ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ



