ਐਸ.ਏ.ਐਸ. ਨਗਰ, 12 ਫਰਵਰੀ (ਧਾਮੀ ਸ਼ਰਮਾ)- ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸੜਕ ਸੁਰਖਿਆ ਸਬੰਧੀ ਵਿਸਥਾਰ ਵਿਚ ਟਰੇਨਿੰਗ ਦੇਣ, ਅਧਿਆਪਕਾਂ ਨੂੰ ਇਸ ਸਬੰਧੀ ਵਧ ਤੋਂ ਵਧ ਜਾਗਰੂਕ ਕਰਨ ਦੇ ਨਾਲ ਨਾਲ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਸੜਕ ਸੁਰਖਿਆ ਸਬੰਧੀ ਜਾਗਰੂਕ ਕੀਤਾ ਜਾਣਾ ਲਾਜ਼ਮੀ ਹੈ। ਇਹ ਗਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ ਨੇ ਜ਼ਿਲ੍ਹਾ ਪਧਰੀ ਸੜਕ ਸੁਰਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਸੜਕ ਸੁਰਖਿਆ ਸਬੰਧੀ ਕੀਤੇ ਜਾ ਰਹੇ ਕਾਰਜਾਂ ਸਬੰਧੀ ਵਿਸਥਾਰਪੂਰਵਕ ਪੁਛਿਆ। ਡਾ: ਅਰੋੜਾ ਨੇ ਕਿਹਾ ਕਿ ਇਹ ਗਲ ਯਕੀਨੀ ਬਣਾਈ ਜਾਵੇ ਕਿ ਸਕੂਲ ਵਿਦਿਆਰਥੀ ਬਿਨਾਂ ਲਾਇਸੈਂਸ ਤੋਂ ਵਾਹਨਾਂ ‘ਤੇ ਸਕੂਲ ਨਾ ਆਉਣ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦਸਿਆ ਕਿ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਬਿਨਾਂ ਲਾਇਸੈਂਸ ਵਾਹਨ ਸਕੂਲ ਲੈ ਕੇ ਆਉਣ ਦੀ ਇਜ਼ਾਜਤ ਨਹੀਂ ਦਿਤੀ ਜਾਂਦੀ ਪਰ ਕਈ ਵਾਰ ਵਿਦਿਆਰਥੀ ਵਾਹਨਾਂ ਨੂੰ ਸਕੂਲ ਤੋਂ ਥੋੜ੍ਹੀ ਦੂਰ ਖੜ੍ਹੇ ਕਰ ਕੇ ਚਲੇ ਜਾਂਦੇ ਹਨ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਇਹ ਗਲ ਯਕੀਨੀ ਬਣਾਈ ਜਾਵੇ ਕਿ ਵਿਦਿਆਰਥੀ ਬਿਨਾਂ ਲਾਇਸੈਂਸ ਵਾਹਨ ਲਿਆ ਕੇ ਸਕੂਲਾਂ ਤੋਂ ਦੂਰ ਪਾਰਕ ਨਾ ਕਰਨ। ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ: ਸ਼ਰਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਇਸ ਮੌਕੇ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਦੇ ਅਧਿਕਾਰੀਆਂ ਨੇ ਦਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਪਿਛਲੇ ਡੇਢ ਮਹੀਨੇ ਦੌਰਾਨ ਸਕੂਲ ਬਸਾਂ ਦੀ ਚੈਕਿੰਗ ਕਰ ਕੇ 30 ਬਸਾਂ ਦੇ ਚਾਲਾਨ ਕੀਤੇ ਗਏ ਅਤੇ ਇਕ ਨੂੰ ਜ਼ਬਤ ਕੀਤਾ ਗਿਆ। ਟਰੈਫਿਕ ਲਾਈਟਾਂ ਦੇ ਟਾਈਮਰ ਵੀ ਇਕ ਮਹੀਨੇ ਦੇ ਅੰਦਰ-ਅੰਦਰ ਲਗਾ ਦਿਤੇ ਜਾਣਗੇ।ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਸ੍ਰੀ ਸਿਮਰਨ ਸਿੰਘ ਸਰਾਂ ਨੇ ਦਸਿਆ ਕਿ ਸੜਕ ਸੁਰਖਿਆ ਸਬੰਧੀ ਸਕੂਲੀ ਵਾਹਨਾਂ ਦੇ ਚਾਲਕਾਂ ਨੂੰ ਲਗਾਤਾਰ ਰਿਫਰੈਸ਼ਿੰਗ ਕੋਰਸ ਕਰਵਾਏ ਜਾ ਰਹੇ ਹਨ ਅਤੇ ਮਹੀਨਾਵਾਰ ਕੈਂਪ ਲਗਾ ਕੇ ਵੀ ਸੜਕ ਸੁਰਖਿਆ ਸਬੰਧੀ ਜਾਗਰੂਕਤਾ ਲਿਆਉਣ ਦੇ ਉਪਰਾਲੇ ਹੋ ਰਹੇ ਹਨ। ਇਸ ਮੌਕੇ ਏਅਰ ਪੋਰਟ ਰੋਡ ਉਤੇ ਵਾਹਨਾਂ ਦੀ ਵਧ ਰਫਤਾਰ ਕਾਰਨ ਹੁੰਦੇ ਹਾਦਸਿਆਂ ‘ਤੇ ਵੀ ਚਰਚਾ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਮਸਿਆ ਦੇ ਹਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਖਰੜ ਵਿਚੋਂ ਲੰਘਦੇ ਕੌਮੀ ਮਾਰਗ ਉਤੇ ਬਣ ਰਹੇ ਫਲਾਈਓਵਰ ਦੇ ਨਿਰਮਾਣ ਦੌਰਾਨ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਦੀ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਜਿਥੇ ਕਿਤੇ ਵੀ ਲੋੜ ਹੋਵੇ ਨਿਰਮਾਣ ਕਰ ਰਹੀ ਕੰਪਨੀ ਨਾਲ ਤਾਲਮੇਲ ਕਰਕੇ ਸੜਕ ਸੁਰਖਿਆ ਯਕੀਨੀ ਬਣਾਈ ਜਾਵੇ।
ਮੀਟਿੰਗ ਵਿਚ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ, ਉਪ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਸੰਤੋਸ਼ ਰਾਣੀ, ਨਗਰ ਨਿਗਮ ਮੁਹਾਲੀ ਦੇ ਐਕਸੀਅਨ ਹਰਪਾਲ ਭੁਲਰ, ਐਸ.ਡੀ.ਈ., ਪੀ.ਡਬਲਿਯੂ.ਡੀ (ਬੀ.ਐਂਡ.ਆਰ) ਅਜੇ ਸਿਗਲਾ, ਸੈਕਸ਼ਨ ਅਫਸਰ ਪ੍ਰਭਦੀਪ ਸਿੰਘ, ਨਿਰੇਸ਼ ਇੰਦਰ ਸਿੰਘ ਵਾਲੀਆ, ਹਰਪ੍ਰੀਤ ਸਿੰਘ ਅਤੇ ਕੋਮਲ ਨੰਦਾ ਸਮੇਤ ਹੋਰ ਅਧਿਕਾਰੀ ਹਾਜ਼ਿਰ ਸਨ।
ਸੜਕ ਸੁਰੱਖਿਆ ਸਬੰਧੀ ਅਧਿਆਪਕਾਂ ਤੇ ਪ੍ਰਿੰਸੀਪਲਾਂ ਵਿਚ ਜਾਗਰੂਕਤਾ ਲਾਜ਼ਮੀ : ਸਹਾਇਕ ਕਮਿਸ਼ਨਰ



