ਫਰੈਂਕਫਰਟ (ਜਰਮਨੀ), 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹਿਰਦੇ ਅੰਦਰ ਵਸਾ ਕੇ, ਜਲਦੇ ਜਗਤ ਜਲੰਦੇ ਨੂੰ ਹਲੇਮੀ ਰਾਜ ਦੇ ਪੂਰਨ ਆਜ਼ਾਦੀ ਭਰੇ ਖਿੱਤੇ ਤੱਕ ਲੈ ਜਾਣ ਵਾਲੇ ਕਾਫਲੇ ਦਾ ਸਾਕਾਰ ਰੂਪ ਸੰਗਠਿਤ ਖਾਲਸਾ ਹੈ! ਹਲੇਮੀ ਰਾਜ ਦਾ ਸੰਕਲਪ ਸਿੱਖ ਜੀਵਨ ਜਾਚ ਦਾ ਅੰਤਿਮ ਨਿਸ਼ਾਨਾ ਅਤੇ ਮੰਜ਼ਿਲ ਹੈ! ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਧਰਮ ਤੇ ਇਤਿਹਾਸ ਦੇ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ (ਜਰਮਨੀ) ਚ ਇਕ ਵਿਸ਼ੇਸ਼ ਸਮਾਗਮ ਦੌਰਾਨ ਆਖੇ। ਸਮਾਗਮ ਚ ਡਾ: ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਲਿਖੀ ਕਿਤਾਬ 1984 ਤੀਜਾ ਘੱਲੂਘਾਰਾ (ਦੁਖਾਂਤ ਅਤੇ ਚਿੰਤਨ) ਘੱਲੂਘਾਰਾ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ ਕਰਦਿਆਂ ਜਾਰੀ ਕੀਤੀ
ਗਈ। ਬਰਤਾਨੀਆ ਤੋਂ ਉਚੇਚੇ ਤੌਰ ਤੇ ਪਹੁੰਚੇ ਡਾ. ਸਾਧੂ ਸਿੰਘ ਗਾਖਲ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਡਾ: ਉਦੋਕੇ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਬਹੁਤ ਹੀ ਖੋਜ ਤੇ ਮਿਹਨਤ ਨਾਲ 1984 ’ਚ ਵਾਪਰੇ ਘੱਲੂਘਾਰਾ ਸਬੰਧੀ ਬਹੁਤ ਨਿਵੇਕਲੀ ,ਬਹੁਪੱਖਾਂ ਤੇ ਰੌਸ਼ਨੀ ਪਾਉਂਦੀ ਸੱਚ ਉਜਾਗਰ ਕਰਦੀ ਤੇ ਕੌਮ ਦੇ ਸਿਆਸੀ ਨਿਸ਼ਾਨੇ ਬਾਰੇ ਚਿੰਤਨ ਦੀ ਮੰਗ ਕਰਦੀ ਹੈ ਕਿਤਾਬ ਲਿਖ ਕੇ ਵੱਡਮੁਲੀ ਸੇਵਾ ਕੀਤੀ ਹੈ! ! ਇਸ ਮੌਕੇ ਡਾ ਗਾਖਲ ਨੇ ਤੀਜਾ ਘੱਲੂਘਾਰਾ ਦੀ ਕਿਤਾਬ ਦੀ ਪਹਿਲੀ ਕਾਪੀ ਪ੍ਰੋ: ਤਰਲੋਕ ਸਿੰਘ ਨੂੰ ਭੇਟ ਕੀਤੀ ਤੇ ਪ੍ਰੋ: ਤਰਲੋਕ ਸਿੰਘ ਕੋਲਨ ਵੱਲੋਂ ਕਿਤਾਬ ਜਾਰੀ ਕੀਤੀ ਗਈ! ਇਸ ਮੌਕੇ ਭਾਈ ਕਸ਼ਮੀਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਫਰਾਂਸ, ਭਾਈ ਰਘਬੀਰ ਸਿੰਘ ਕੁਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ , ਸ. ਬਾਜ ਸਿੰਘ ਵਿਰਕ ਪ੍ਰਧਾਨ ਪੰਜਾਬ ਸਪੋਰਟਸ ਕਲੱਬ ਫਰਾਂਸ, ਭਾਈ ਗੁਰਮੀਤ ਸਿੰਘ ਖਨਿਆਨ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ, ਜਥੇ. ਸਤਨਾਮ ਸਿੰਘ ਬੱਬਰ, ਭਾਈ ਰੇਸ਼ਮ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਜਰਮਨੀ, ਭਾਈ ਸੋਹਨ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਸ. ਰੁਲਦਾ ਸਿੰਘ, ਸ. ਅਮਰਜੀਤ ਸਿੰਘ ਪੇਲੀਆ ਕੋਲਨ, ਸ. ਮਹਿੰਦਰ ਸਿੰਘ ਡਿਊਸਬਰਗ ਆਦਿ ਸਮਾਗਮ ਚ ਸ਼ਾਮਿਲ ਸਨ! ਮੰਚ ਦਾ ਸੰਚਾਲਨ ਕਰਦਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਜਤਿੰਦਰਬੀਰ ਸਿੰਘ ਪਧਿਆਣਾ ਨੇ ਸਮੂਹ ਦਾ ਧੰਨਵਾਦ ਕੀਤਾ! ਸਿੱਖ ਚੈਨਲ ਬਰਤਾਨੀਆ ਵੱਲੋਂ ਸਮਾਗਮ ਦਾ ਪ੍ਰਸਾਰਣ ਕੀਤਾ ਗਿਆ।