ਕੇਜਰੀਵਾਲ ਵਿਸ਼ੇਸ਼ ਜਾਂਚ ਟੀਮ ਦੇ ਸਮਰਥਨ ’ਚ ਕਾਂਗਰਸ ਦਾ ਸਾਥ ਛੱਡੇ : ਉ¤ਪ ਮੁੱਖ ਮੰਤਰੀ
ਚੰਡੀਗੜ੍ਹ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਕਾਂਗਰਸ ਦਾ ਸਮਰਥਨ ਵਾਪਸ ਕਰਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਵਿਸ਼ੇਸ਼ ਜਾਂਚ ਕਰਾਉਣ ਪ੍ਰਤੀ ਸੁਹਿਰਦਾ ਦਿਖਾਉਣ। ਉਨ੍ਹਾਂ ਕਿਹਾ ਕਿ ਇਹ ਦੰਗੇ ਕਾਂਗਰਸ ਦੀ ਸ਼ਹਿ ’ਤੇ ਕਰਵਾਏ ਗਏ ਸਨ ਅਤੇ ਇਸ ਘਿਨਾਉਣੇ ਅਪਰਾਧ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ।ਇਥੇ ਜਾਰੀ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਇਕ ਪਾਸੇ ਸਿੱਖ ਕਤਲੇਆਮ ਵਿੱਚ ਕਾਂਗਰਸ ਦੀ ਸ਼ਮੂਲੀਅਤ ਦੀ ਜਾਂਚ ਕਰਾਉਣ ਵਿਸ਼ੇਸ਼ ਟੀਮ ਬਣਾਉਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਸਰਕਾਰ ਚਲਾਉਣ ਲਈ ਉਨ੍ਹਾਂ ਦਾ ਹੀ ਸਮਰਥਨ
ਲੈਣਾ ਆਪਾ ਵਿਰੋਧੀ ਹੈ। ਸ. ਬਾਦਲ ਨੇ ਕਿਹਾ ਕਿ ‘‘ਉਨ੍ਹਾਂ ਕਾਤਲਾਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ, ਜੋ ਸਰਕਾਰ ਚਲਾਉਣ ’ਚ ਤੁਹਾਡਾ ਸਹਿਯੋਗ ਕਰ ਰਹੇ ਹਨ’’। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਇਸ ਆਪਾਵਿਰੋਧ ਦਾ ਖਾਤਮਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਪਰਾਧੀਆਂ ਨਾਲ ਦੋਸਤੀ ਹੈ ਜਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।
ਉਨ੍ਹਾਂ ਕਿਹਾ ਕਿ ਹਰੇਕ ਨੂੰ ਪਤਾ ਹੈ ਕਿ ਅਜਿਹੀ ਕਿਸੇ ਵੀ ਜਾਂਚ ਏਜੰਸੀ ਤੋਂ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ ਜੋ ਕਾਂਗਰਸ ਵਲੋਂ ਬਣਾਈ ਗਈ ਹੋਵੇ ਜਾਂ ਜਿਸਦਾ ਕਾਂਗਰਸ ਵਲੋਂ ਸਹਿਯੋਗ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਆਸ ਰੱਖਣ ਦਾ ਅਧਿਕਾਰ ਹੈ ਕਿ ‘ਆਪ’ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ 1984 ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮ ਦੇ ਗਠਨ ਦੀ ਮੰਗ ਕਰੇ ਪਰ ਦੋਸੀ ਕਾਂਗਰਸ ਪਾਰਟੀ ਦੀ ਇਸ ਮਾਮਲੇ ’ਚ ਕੋਈ ਮੱਦਦ ਨਾ ਲਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ’ਚ ਵਿਸ਼ੇਸ਼ ਜਾਂਚ ਟੀਮ ਗਠਤ ਕਰਨ ਦੀ ਮੰਗ ਸਿਰਫ਼ ਇਕ ਸਿਆਸੀ ਦਿਖਾਵਾ ਪ੍ਰਤੀਤ ਹੁੰਦੀ ਹੈ। ਸ. ਬਾਦਲ ਨੇ ਕਿਹਾ ਹੈ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ’ਤੇ ਸ੍ਰੀ ਕੇਜਰੀਵਾਲ ਅਪਣਾ ਪੱਖ ਸਪਸ਼ਟ ਕਰਨ ਨਾ ਕਿ ਇਸ ਨੂੰ ਸਿਆਸੀ ਸਟੰਟ ਬਣਾਉਣ। ਉਨ੍ਹਾਂ ਕਿਹਾ ਕਿ ਜਦ ਤੱਕ ਦਿੱਲੀ ਦੀ ਆਪ ਸਰਕਾਰ ਕਾਂਗਰਸ ’ਤੇ ਨਿਰਭਰ ਹੈ, ਉਦੋਂ ਤੱਕ ਕਿਸੇ ਵੀ ਜਾਂਚ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਦੰਗਿਆਂ ਦੇ ਦੋਸ਼ੀ ਖੁੱਲੇਆਮ ਘੁੰਮ ਰਹੇ ਹਨ ਅਤੇ ਸ੍ਰੀ ਕੇਜਰੀਵਾਲ ਸਰਕਾਰ ਚਲਾਉਣ ’ਚ ਉਨ੍ਹਾਂ ਦਾ ਸਮਰਥਨ ਲੈ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਮੱਦਦ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਸ੍ਰੀ ਰਾਹੁਲ ਗਾਂਧੀ ਵੀ ਖੁੱਲੇ ਰੂਪ ’ਚ ਸਿੱਖ ਵਿਰੋਧੀ ਦੰਗਿਆਂ ’ਚ ਕੁੱਝ ਕਾਂਗਰਸੀਆਂ ਦਾ ਹੱਥ ਹੋਣ ਦੀ ਗੱਲ ਮੰਨ ਚੁੱਕੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸ੍ਰੀ ਕੇਜਰੀਵਾਲ ਦੀ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਉਣ ਦੀ ਮੰਗ ਦਾ ਸਵਾਗਤ ਕਰਦੀ ਹੈ ਪਰ ਸ੍ਰੀ ਕੇਜਰੀਵਾਲ ਨੂੰ ਇਸ ਪ੍ਰਤੀ ਸੁਹਿਰਦਤਾ ਵਰਤ ਕੇ ਕਾਂਗਰਸ ਨਾਲ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ।