Skip to content
Independent perspectives. Global stories.
BREAKING

ਬਟਾਲਾ ਸ਼ਹਿਰ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ : ਸੁਨੀਲ ਜਾਖੜ

Share this story

ਬਟਾਲਾ, 10 ਫਰਵਰੀ (ਸੁਖਬੀਰ ਸਿੰਘ, ਲੱਕੀ, ਕਾਜਲ ਅਗਰਵਾਲ)- ਇਤਿਹਾਸਕ ਤੇ ਧਾਰਮਿਕ ਨਗਰ ਬਟਾਲਾ ਨੂੰ ਸੈਰ ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਵੱਲੋਂ ਇਸ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਗੁਰਦਾਸਪੁਰ ਤੋਂ ਮੈਂਬਰ ਲੋਕ ਸਭਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਬਟਾਲਾ ਸ਼ਹਿਰ ਦੇ ਅੰਦਰਲੇ ਹੰਸਲੀ ਪੁੱਲ ਅਤੇ ਬਾਰਾਂਦਰੀ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ, ਅਜੇ ਮਹਾਜਨ, ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਕਲਸੀ, ਸਵਿੰਦਰ ਸਿੰਘ ਭਾਗੋਵਾਲੀਆ, ਰਮੇਸ਼ ਵਰਮਾ, ਹਰਿੰਦਰ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ। ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜਿਥੇ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾਵੇਗਾ ੳਥੇ ਬਟਾਲਾ ਦੀ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਵੀ ਹਰ ਯਤਨ ਕੀਤਾ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਵੀ ਬਟਾਲਾ ਦੇ ਉਦਯੋਗ ਦੀ ਹਾਲਤ ਨੂੰ ਸੁਧਾਰਨ ਦੀ ਗੁਹਾਰ ਲਗਾਈ ਹੈ ਅਤੇ ਮੋਦੀ ਸਰਕਾਰ ਵੱਲੋਂ ਬਟਾਲਾ ਦੀ ਸਨਅਤ ਅਤੇ ਇਸ ਸਰਹੱਦੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੀ ਸਨਅਤ ਦੀ ਖੁਸ਼ਹਾਲੀ ਵਿੱਚ ਇਸ ਖਿੱਤੇ ਦੀ ਖੁਸ਼ਹਾਲੀ ਦਾ ਰਾਜ ਛੁਪਿਆ ਹੋਇਆ ਹੈ ਅਤੇ ਉਹ ਆਪਣੀ ਪੂਰੀ ਵਾਹ ਲਗਾਉਣਗੇ ਕਿ ਬਟਾਲਾ ਦਾ ਉਦਯੋਗ ਇੱਕ ਵਾਰ ਫਿਰ ਆਪਣੀ ਗਵਾਚੀ ਹੋਈ ਪਛਾਣ ਹਾਸਲ ਕਰ ਸਕੇ। ਸ੍ਰੀ ਅਸ਼ਵਨੀ ਸੇਖੜੀ ਵੱਲੋਂ ਹੰਸਲੀ ਨਾਲੇ ਨੂੰ ਕਵਰ ਕਰਕੇ ਉਸ ਉਪਰ ਦੁਕਾਨਾਂ ਬਣਾਉਣ ਅਤੇ ਸੁੰਦਰ ਰਸਤਾ ਤਿਆਰ ਕਰਨ ਦੇ ਨਾਲ ਇਤਿਹਾਸਕ ਬਾਰਾਂਦਰੀ ਤਲਾਬ ਵਿੱਚ ਪਾਣੀ ਛੱਡ ਕੇ ਇਸ ਨੂੰ ਪਿਕਨਿਕ ਸਪਾਟ ਵਜੋਂ ਵਿਕਸਤ ਕਰਨ ਦੀ ਤਜਵੀਜ ਦਾ ਸਮੱਰਥਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੂਬਾ ਸਕਰਾਰ ਵੱਲੋਂ ਇਨ੍ਹਾਂ ਪ੍ਰੋਜੈਕਟਾਂ ਨੂੰ ਸਿਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਪ੍ਰੋਜੈਕਟਾਂ ਲਈ ਜੋ ਕੇਂਦਰ ਸਰਕਾਰ ਦੇ ਮਸਲੇ ਹੋਏ ਉਨ੍ਹਾਂ ਨੂੰ ਵੀ ਪਹਿਲ ਦੇ ਅਧਾਰ ’ਤੇ ਹੱਲ ਕਰਾਇਆ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਜਿਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਉਨ੍ਹਾਂ ਨੂੰ ਬਟਾਲਾ ਸ਼ਹਿਰ ਦੀਆਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਉਤਸ਼ਾਹਤ ਤੇ ਪ੍ਰੇਰਿਤ ਕੀਤਾ ਜਾਵੇਗਾ। ਆਪਣੀ ਬਟਾਲਾ ਫੇਰੀ ਦੌਰਾਨ ਸ੍ਰੀ ਜਾਖੜ ਨੇ ਸ਼ਹਿਰ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਅੱਗੇ ਬਟਾਲਾ ਸ਼ਹਿਰ ਦੇ ਵਿਕਾਸ ਦੀਆਂ ਤਜਵੀਜਾਂ ਰੱਖਦਿਆਂ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ। ਸ੍ਰੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਸ਼ਹਿਰ ਨੂੰ ਸੂਬੇ ਦਾ ਪਹਿਲਾ ਮਿੱਟੀ ਘੱਟੇ ਤੋਂ ਰਹਿਤ (ਡੱਸਟ ਫਰੀ) ਸ਼ਹਿਰ ਬਣਾਉਣਾ ਚਾਹੁੰਦੇ ਹਨ ਅਤੇ ਇਸ ਉਪਰ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਹੰਸਲੀ ਨਾਲੇ ਨੂੰ ਸਿਨਮਾ ਰੋਡ ਦੇ ਪੁੱਲ ਤੋਂ ਲੈ ਕੇ ਟਰੱਕ ਯੂਨੀਅਨ ਦੇ ਪੁੱਲ ਤੱਕ ਕਵਰ ਕਰਕੇ ਇਥੇ 167 ਦੁਕਾਨਾਂ ਬਣਾਉਣ ਦੀ ਤਜਵੀਜ ਹੈ ਤਾਂ ਜੋ ਜਿਥੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਇਸ ਤੋਂ ਨਗਰ ਕੌਂਸਲ ਨੂੰ ਆਮਦਨ ਵੀ ਹੋ ਸਕੇਗੀ। ਸ੍ਰੀ ਸੇਖੜੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੀ ਇਤਿਹਾਸਕ ਬਾਰਾਂਦਰੀ ਨੂੰ ਵਿਕਸਤ ਕਰਕੇ ਪਿਕਨਿਕ ਸਪਾਟ ਬਣਾਇਆ ਜਾਵੇਗਾ।  ਸ੍ਰੀ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਸ੍ਰੀ ਸੇਖੜੀ ਨੇ ਕਿਹਾ ਕਿ ਸ੍ਰੀ ਜਾਖੜ ਵੱਲੋਂ ਜਿਸ ਸੁਹਿਰਦਤਾ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਇਥੋਂ ਦੀ ਸਨਅਤ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਉਸ ਲਈ ਬਟਾਲਾ ਵਾਸੀ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ।

WRITTEN BY