ਜਲੰਧਰ, 5 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਦੀ ਮੈਂਡਲੀਵ ਸੋਸਾਇਟੀ ਨੇ ਲੀਕੁਅਡ ਆਰਮਰ ਬੇਸਡ ਪਰਸਨਲ ਪ੍ਰੋਟੈਕਟਿਵ ਸਿਸਟਮ ਵਿਸ਼ੇ ਤੇ ਇਕ ਗੈਸਟ ਲੈਕਚਰ ਕਰਾਇਆ, ਜਿਸ ਵਿਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਤੋਂ ਸਾਇੰਟਿਸਟ ‘ਡੀ’ ਡਾ. ਸੰਜੀਵ ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਅਰੁਣਜੀਤ ਕੌਰ ਨੇ ਡਾ. ਸੰਜੀਵ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਡਾ. ਸੰਜੀਵ ਨੇ ਵਿਦਿਆਰਥੀਆਂ ਨੂੰ ਅੱਜ ਕਲ ਦੀ ਮੁਢੱਲੀ ਤਕਨੀਕੀ ਸਿੱਖਿਆ ਜਿਹੜੀ ਸਾਡੇ ਡਿਫੈਂਸ ਵਿਚ ਲੱਗੇ ਇਨਸਾਨ ਦੀ ਸੁਰੱਖਿਆ ਵਿਚ ਵਰਤੋਂ ਹੋ ਰਹੀ ਹੈ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਬੱਚਿਆਂ ਨੂੰ ਬੁਲਟ ਪਰੂਫ ਜੈਕਟ ਦੀ ਬਣਾਵਟ ਬਾਰੇ, ਇਸ ਨੂੰ ਬਣਾਉਣ ਵਾਲੇ ਪਦਾਰਥਾਂ ਅਤੇ ਸਮੇਂ ਦੇ ਬਦਲਣ ਨਾਲ ਇਸ ਦੀ ਬਣਾਵਟ ਨੂੰ ਹੋਰ ਵਧੀਆ ਬਣਾਉਣ ਬਾਰੇ ਪ੍ਰੈਕਟੀਕਲ ਢੰਗ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੈਕਚਰਾਂ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਕੇ, ਲਾਭ ਉਠਾਉਣਾ ਚਾਹੀਦਾ ਹੈ ਅਤੇ ਪ੍ਰਾਪਤ ਕੀਤੇ ਗਿਆਨ ਨੂੰ ਅਗਾਂਹ ਵੰਡਣਾ ਚਾਹੀਦਾ ਹੈ। ਸਟੇਜ ਦੀ ਕਾਰਵਾਈ ਡਾ. ਗੀਤਾਂਜਲੀ ਮੋਦਗਿੱਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਅਰੁਣਜੀਤ ਕੌਰ, ਡਾ. ਰਜਨੀਸ਼ ਮੋਦਗਿਲ, ਡਾ. ਨਵਜੋਤ ਕੌਰ, ਡਾ. ਭੁਪਿੰਦਰਪਾਲ ਸਿੰਘ ਤੇ ਵਿਭਾਗ ਦੇ ਸਾਰੇ ਅਧਿਆਪਕ ਹਾਜ਼ਰ ਸਨ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕੈਮਿਸਟਰੀ ਵਿਭਾਗ ਵੱਲੋਂ ਗੈਸਟ ਲੈਕਚਰ



