ਯਮੁਨਾਨਗਰ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਯਮੁਨਾਨਗਰ ਦੇ ਜਗਾਧਰੀ ਸਥਿਤ ਮੁਖਰਜੀ ਪਾਰਕ ਇਲਾਕੇ ‘ਚ ਦਾਜ ਦੀ ਮੰਗ ਨੂੰ ਲੈ ਕੇ ਇਕ ਮਹਿਲਾ ਨੂੰ ਸਹੁਰੇ ਵਾਲਿਆਂ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਬੁਰੀ ਤਰ੍ਹਾਂ ਸੜ ਚੁੱਕੀ ਮਹਿਲਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਮਹਿਲਾ ਦੇ ਹੋਸ਼ ‘ਚ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਪਾਇਲ ਦਾ ਵਿਆਹ ਜਗਾਧਰੀ ਦੇ ਮੁਖਰਜੀ ਪਾਰਕ ਨਿਵਾਸੀ ਸੰਜੀਵ ਨਾਲ ਸੱਤ ਸਾਲ ਪਹਿਲਾਂ ਹੋਇਆ ਸੀ। ਸੰਜੀਵ ਦੇ ਪਰਿਵਾਰ ਵਾਲੇ ਹਮੇਸ਼ਾ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਦੇ ਸਨ। ਪਾਇਲ ਦੇ ਪਰਿਵਾਰ ਵਾਲੇ ਬੇਟੀ ਦਾ ਘਰ ਵਸਾਉਣ ਦੇ ਚੱਕਰ ‘ਚ ਹਰ ਵਾਰ ਉਸ ਨੂੰ ਸਮਝਾ ਬੁਝਾ ਕੇ ਅਤੇ ਕੁਝ ਨਾ ਕੁਝ ਦੇ ਕੇ ਸਹੁਰੇ ਘਰ ਭੇਜ ਦਿੰਦੇ ਸਨ ਪਰ ਜਦੋਂ ਪਰਿਵਾਰ ਵਾਲਿਆਂ ਨੇ ਬੁਰੀ ਤਰ੍ਹਾਂ ਝੁਲਸੀ ਆਪਣੀ ਧੀ ਨੂੰ ਹਸਪਤਾਲ ‘ਚ ਦੇਖਿਆ ਤਾਂ ਉਨ੍ਹਾਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਲੜਕੀ ਦੇ ਸਹੁਰੇ ਵਾਲਿਆਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਉਧਰ ਡਾਕਟਰਾਂ ਨੇ ਪਾਇਲ ਦੀ ਹਾਲਤ ਨਾਜ਼ੁਕ ਹੁੰਦਿਆਂ ਦੇਖ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਡਾਕਟਰਾਂ ਅਨੁਸਾਰ ਪਾਇਲ 90 ਫੀਸਦੀ ਸੜ ਚੁੱਕੀ ਹੈ ਅਤੇ ਉਸ ਦੇ ਬਚਣ ਦੀ ਬਹੁਤ ਘੱਟ ਸੰਭਾਵਨਾ ਹੈ।



