ਭਵਾਨੀਗੜ੍ਹ, 1 ਫਰਵਰੀ (ਕ੍ਰਿਸ਼ਨ ਗਰਗ)-ਨੇੜਲੇ ਪਿੰਡ ਸੰਘਰੇੜੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਲਾਭ ਸਿੰਘ ਖੁਰਾਣਾ ਅਤੇ ਜਿੰਦਰ ਸਿੰਘ ਘਰਾਚੋਂ ਦੀ ਨਿਗਰਾਨੀ ਹੇਠ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਅਤੇ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨ ਅਤੇ ਮਜਦੂਰ ਕਰਜੇ ਦੀ ਜਕੜ ਵਿਚ ਬੁਰੀ ਤਰ੍ਹਾਂ ਫਸਕੇ ਖੁਦਕਸੀਆਂ ਕਰਨ ਲਈ ਮਜਬੂਰ ਹੋ ਰਹੇ ਹਨ । ਕਾਂਗਰਸ ਸਰਕਾਰ ਖੇਤੀ ਮੋਟਰਾਂ ਦੇ ਬਿਲ ਲਾਗੂ ਕਰਕੇ ਕਿਸਾਨਾਂ ਨੂੰ ਬਰਬਾਦੀ ਵਲ ਧੱਕ ਰਹੀ ਹੈ। ਦੂਜੇ ਪਾਸੇ ਕਿਸਾਨਾਂ ਤੋਂ ਜਬਰੀ ਜਮੀਨਾਂ ਖੋਹਕੇ ਵਿਦੇਸ਼ੀ ਕੰਪਨੀਆਂ ਨੂੰ ਦਿਤੀਆਂ ਜਾ ਰਹੀਆਂ ਹਨ, ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਤੇ ਵੀ ਬਿਲ ਲਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲੋਕ ਘੋਲਾਂ ਨੂੰ ਫੇਲ੍ਹ ਕਰਨ ਲਈ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਤਾੜਨਾ ਕੀਤੀ ਕਿ ਸਰਕਾਰ ਦੀਆਂ ਇਸ ਧਕੇਸ਼ਾਹੀਆਂ ਦਾ ਡਟਕੇ ਟਾਕਰਾ ਕੀਤਾ ਜਾਵੇਗਾ। ਯੂਨੀਅਨ ਨੂੰ ਮਜਬੂਤ ਕਰਨ ਲਈ ਅੱਜ ਇਕਾਈ ਦੀ ਚੋਣ ਕੀਤੀ ਗਈ। ਚੋਣ ਵਿਚ ਰਾਮ ਦਿਆਲ ਸਿੰਘ ਪ੍ਰਧਾਨ, ਹਰਦੀਪ ਸਿੰਘ ਜਨਰਲ ਸਕੱਤਰ, ਪਵਿੱਤਰ ਸਿੰਘ ਮੀਤ ਪ੍ਰਧਾਨ ਅਤੇ ਲਵਪ੍ਰੀਤ ਸਿੰਘ ਸਕੱਤਰ ਚੁਣੇ ਗਏ। ਚੋਣ ਮੀਟਿੰਗ ਉਪਰੰਤ ਪਿੰਡ ਵਿਚ ਰੈਲੀ ਅਤੇ ਮੁਜਾਹਰਾ ਕੀਤਾ ਗਿਆ, ਜਿਸ ਦੌਰਾਨ ਸਰਕਾਰ ਖਿਲਾਫ ਜੋਦਾਰ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਸੰਘਰੇੜੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਮੀਟਿੰਗ



