April 28, 2026 9:24 pm

ਕੰਵਰ ਗਰੇਵਾਲ ਦੀ ‘ਜੋਗੀ ਨਾਥ’ ਲੋਕਅਰਪਿਤ

image ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ)-ਆਪਣੀ ਸਾਦੀ ਤੇ ਪ੍ਰਭਾਵਸ਼ਾਲੀ ਗਾਇਕੀ ਸਦਕਾ ਨਾਮਵਾਰ ਗਾਇਕਾਂ ਦੀ ਕਤਾਰ ’ਚ ਸ਼ੁਮਾਰ ਕਰਨ ਵਾਲੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਨਵੀਂ ਮਿਊਜ਼ਿਕ ਐਲਬਮ ‘ਜੋਗੀ ਨਾਥ’ ਸ਼ੁੱਕਰਵਾਰ ਨੂੰ ਸੈਕਟਰ 16 ਸਥਿਤ ਫ਼ਰੈਂਚਪ੍ਰੈੱਸ ਕੈਫ਼ੇ ’ਚ ਰਿਲੀਜ਼ ਕੀਤੀ ਗਈ। ਨਾਮਵਾਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਵਲੋਂ ਪੇਸ਼ ਕੀਤੀ ਗਈ ਇਸ ਐਲਬਮ ਦੇ ਰਿਲੀਜ਼ ਮੌਕੇ ਸਪੀਡ ਰਿਕਾਰਡਜ਼ ਦੇ ਡਾਇਰੈਕਟਰ ਸਤਵਿੰਦਰ ਸੋਨੂੰ ਅਤੇ ਦਿਨੇਸ਼ ਔਲਖ ਵਿਸ਼ੇਸ਼ ’ਤੇ ਹਾਜ਼ਰ ਹੋਏ। ਇਸ ਮੌਕੇ ਕੰਵਰ ਗਰੇਵਾਲ ਨੇ ਜਿਥੇ ਆਪਣੀ ਇਸ ਐਲਬਮ ਸਬੰਧੀ ਜਾਣਕਾਰੀ ਦਿੱਤੀ ਉਥੇ ਆਪਣੀ ਗਾਇਕੀ ਦਾ ਸਫ਼ਰ ਵੀ ਮੀਡੀਆ ਨਾਲ ਸਾਂਝਾ ਕੀਤਾ। ਕੰਵਰ ਗਰੇਵਾਲ ਨੇ ਦੱਸਿਆ ਕਿ ਉਹ ਬਠਿੰਡਾ ਦੇ ਪਿੰਡ ਮਹਿਮਾ ਨਾਲ ਸਬੰਧਤ ਹਨ।

ਗਾਇਕੀ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਗੀਤ ਦੀ ਐਮ.ਏ ਕੀਤੀ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ’ਚ ਕੁਝ ਸਮਾਂ ਸੰਗੀਤਕਾਰ ਵਜੋਂ ਨੌਕਰੀ ਵੀ ਕਰ ਚੁੱਕੇ ਹਨ। ਸਾਲ 2010 ’ਚ ਉਨ੍ਹਾਂ ਦਾ ਇਕ ਦੋਸਤ ਉਨ੍ਹਾਂ ਨੂੰ ਮਲੇਰਕੋਟਲਾ ਦੇ ਪਿੰਡ ਫਲੌਂਦ ਕਲਾ ’ਚ ਮੀਰਾਂ ਦੇ ਸਾਈਂ ਦੇ ਦਰਬਾਰ ’ਚ ਲੈ ਕੇ ਗਿਆ। ਜਿਥੇ ਉਨ੍ਹਾਂ ਦੀ ਮੁਲਾਕਾਤ ਦੀ ਦਰਬਾਰ ਦੀ ਮੁਖੀ ‘ਬੇਬੇ’ ਨਾਲ ਹੋਈ। ਇਸ ਦਰਬਾਰ ’ਚ ਆ ਕੇ ਉਨ੍ਹਾਂ ਦੀ ਜ਼ਿੰਦਗੀ ’ਚ ਬਦਲਾਅ ਆਇਆ। ਇਥੇ ਰਹਿੰਦਿਆਂ ਹੀ ਉਨ੍ਹਾਂ ਦਾ ਸੰਗ ਸੂਫੀ ਗਾਇਕੀ ਨਾਲ ਹੋਇਆ। ਕੰਵਰ ਗਰੇਵਾਲ ਨੇ ਹੁਣ ਤੱਕ ਜੋ ਵੀ ਗਾਇਆ ਹੈ ਉਹ ਰੱਬ ਨੂੰ ਮੁਖ਼ਾਤਬ ਹੋ ਕੇ ਹੀ ਗਾਇਆ ਹੈ। ਉਨ੍ਹਾਂ ਦੀ ਪਲੇਠੀ ਐਲਬਮ ‘ਅੱਖਾਂ’ ਵਿਚਲੇ ਸਾਰੇ ਗੀਤ ਹੀ ਰੱਬ ਨੂੰ ਮੁਖ਼ਾਤਬ ਸਨ। ਉਨ੍ਹਾਂ ਦੀ ਗਾਇਕੀ ਨੂੰ ਸਰੋਤਿਆਂ ਵਲੋਂ ਏਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਉਨ੍ਹਾਂ 250 ਸ਼ੋਅ ਕੀਤੇ ਸਨ। ਆਪਣੀ ਇਸ ਨਵੀਂ ਐਲਬਮ ‘ਜੋਗੀ ਨਾਥ’ ਸਬੰਧੀ ਕੰਵਰ ਗਰੇਵਾਲ ਨੇ ਦੱਸਿਆ ਕਿ ਇਸ ਐਲਬਮ ’ਚ ‘ਕੋਠੇ ਦੀ ਕੰਜਰੀ’ (ਗੀਤਕਾਰ ਜੋਗੀ), ਮੌਜ (ਗੀਤਕਾਰ ਨਵਦੀਪ ਬਾਈ), ਤੇਰਾ ਇਸ਼ਕ (ਗੀਤਕਾਰ ਗੋਗਾ ਦਦਵਾਲਾ), ਰਮਜ਼ਾਨ (ਗੀਤਕਾਰ ਗੁਰਨਾਮ ਬਾਪੂ), ਬਿਰਹਾ (ਗੀਤਕਾਰ ਕਮਲ ਕਕਰਾਲਾ), ਮਸਤ (ਗੀਤਕਾਰ ਨਵਦੀਪ ਬਾਈ), ਮੁੰਦਰਾਂ ਦਾ ਮੁੱਲ (ਗੀਤਕਾਰ ਗੈਵੀ ਢੀਂਡਸਾ) ਅਤੇ ਜੋਗੀ ਨਾਥ (ਗੀਤਕਾਰ ਕਮਲ ਕਕਰਾਲਾ) ਨਾਂ ਦੇ 8 ਗੀਤ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਅੱਜ ਜਿਸ ਮੁਕਾਮ ’ਤੇ ਹਨ, ਇਹ ਮੁਕਾਮ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਉਂਦਾ ਹੈ। ਇਸ ਮੁਕਾਮ ’ਤੇ ਪੁੱਜਣ ਦੇ ਬਾਵਜੂਦ ਵੀ ਕੰਵਰ ਗਰੇਵਾਲ ਨੇ ਆਪਣੀ ਜ਼ਿੰਦਗੀ ’ਚੋਂ ਸਾਦਾਪਣ ਨਹੀਂ ਜਾਣ ਦਿੱਤਾ। ਕੰਵਰ ਗਰੇਵਾਲ ਨੇ ਯੂਨੀਵਰਸਿਟੀ ਪੜ੍ਹਦਿਆਂ ਵੀ ਕਦੇ ਮੋਬਾਇਲ ਫ਼ੋਨ ਨਹੀਂ ਰੱਖਿਆ ਸੀ ਅਤੇ ਅੱਜ ਦੁਨੀਆ ਭਰ ’ਚ ਮਸ਼ਹੂਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਮੋਬਾਇਲ ਫ਼ੋਨ ਨਹੀਂ ਰੱਖਿਆ। ਉਨ੍ਹਾਂ ਦਾ ਕਹਿਣੈ ਕਿ ਉਹ ਰੱਬ ਦੀ ਰਜ਼ਾ ’ਚ ਸਾਦੇ ਢੰਗ ਨਾਲ ਰਹਿਣ ਦੀ ਇੱਛਾ ਰੱਖਦੇ ਹਨ। ਇਸ ਮੌਕੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਡਾਇਰੈਕਟਰ ਸਤਵਿੰਦਰ ਸੋਨੂੰ ਅਤੇ ਦਿਨੇਸ਼ ਔਲਖ ਨੇ ਕਿਹਾ ਕਿ ਉਹ ਕੰਵਰ ਗਰੇਵਾਲ ਦੀ ਇਹ ਐਲਬਮ ਪੇਸ਼ ਕਰਕੇ ਆਪਣੀ ਖੁਸ਼ਕਿਸਮਤੀ ਸਮਝਦੇ ਹਨ। ਉਨ੍ਹਾਂ ਦੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਰੋਤਿਆਂ ਤੱਕ ਵਧੀਆ ਗਾਇਕਾਂ ਅਤੇ ਗੀਤਾਂ ਨੂੰ ਪਹੁੰਚਾਇਆ ਜਾਵੇ।

Send this to a friend