ਕੋਟਕਪੂਰਾ 24 ਜਨਵਰੀ (ਰੋਹਿਤ ਸ਼ਰਮਾ) – ਬੱਚਿਆਂ ਨੂੰ ਸਕੂਲ ਪਹੁੰਚਾਉਣ ਵਾਲੇ ਸਕੂਲੀ ਵਾਹਨ ਆਮ ਤੌਰ ’ਤੇ ਜੁਗਾੜ ਨਜ਼ਰ ਆਉਂਦੇ ਹਨ, ਕਿਉਂਕਿ ਇਨ੍ਹਾਂ ਵਾਹਨਾਂ ਨੂੰ ਤੋੜ ਭੰਨ ਕਰੇ ਜੁਗਾੜ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਅਤੇ ਇਹ ਬੱਚਿਆਂ ਨੂੰ ਢੋਆ-ਢੁਆਈ ਆਦਿ ਦੇ ਕੰਮਾਂ ਵਿਚ ਵਰਤੋਂ ਯੋਗ ਨਹੀ। ਜੇਕਰ ਇਨ੍ਹਾਂ ਵਾਹਨਾਂ ਦੇ ਕਾਗਜਾਤ ਅਤੇ ਹੋਰ ਸ਼ਰਤਾਂ ਮੁਤਾਬਕ ਚੈਕਿੰਗ ਕੀਤੀ ਜਾਵੇ ਤਾਂ ਇਹ ਪੂਰੀ ਤਰਾਂ ਆਯੋਗ ਪਾਏ ਜਾਣ ਦੀ ਸੰਭਾਵਨਾ ਹੈ। ਜੇਕਰ ਉਚ ਅਦਾਲਤ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਵਾਹਨਾਂ ਦੀ ਤੁਲਣਾ ਕੀਤੀ ਜਾਵੇ ਤਾਂ ਇਨ੍ਹਾਂ ਵਿਚੋਂ ਕੁਝ ਇਕ ਹੀ ਇਸ ਕੰਮ ਦੇ ਯੋਗ ਪਾਏ ਜਾਂਦੇ ਹਨ, ਜਿਨਾਂ ਵਿਚ ਕੁਝ ਇਕ ਮਹਿੰਗੇ ਨਿੱਜੀ ਸਕੂਲ ਸ਼ਾਮਲ ਹਨ ਜਿਨਾਂ ਨੇ ਆਪਣੇ ਖਰਚੇ ਉਪਰ ਸਕੂਲਾਂ ਵੈਨਾਂ ਨੂੰ ਪਾ ਰੱਖੀਆਂ ਹਨ ਅਤੇ ਉਹ ਇਨ੍ਹਾਂ
ਵਾਹਨਾਂ ਦੀ ਸਾਂਭ-ਸੰਭਾਲ ਅਤੇ ਕਾਗਜਾਤ ਵਗੈਰਾ ਬਣਾਉਣ ਵਿਚ ਰੁਚੀ ਰਖਦੇ ਹਨ ਪਰੰਤੂ ਜਿਨਾਂ ਸਕੂਲਾਂ ਵਿਚ ਮੱਧ ਵਰਗ ਦੇ ਬੱਚੇ ਪੜਦੇ ਹਨ ਉਨ੍ਹਾਂ ਸਕੂਲਾਂ ਦੇ ਵਾਹਨਾਂ ਦੀ ਹਾਲਤ ਅਤਿਅੰਤ ਤਰਸਯੋਗ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲੇ ’ਚ ਬਹੁਤ ਸਾਰੇ ਅਜਿਹੇ ਸਕੂਲੀ ਵਾਹਨ ਬੱਚਿਆਂ ਦੀਆਂ ਢੋਆ-ਢੁਆਈ ਕਰ ਰਹੇ ਜਿਨਾਂ ਕੋਲ ਅਸਲੀ ਆਰ.ਸੀ., ਬੀਮਾ ਅਤੇ ਪਰਮਿਟ ਆਦਿ ਨਹੀ ਹਨ। ਇਥੋਂ ਤੀਕ ਉਨ੍ਹਾਂ ਦੇ ਡਰਾਈਵਰਾਂ ਕੋਲ ਡਰਾਈਵਿੰਗ ਲਾਇਸੰਸ ਤੱਕ ਵੀ ਨਹੀ ਹੈ। ਇਹ ਡਰਾਈਵਰਾਂ ਵੱਲੋਂ ਪੈਸਾ ਇਕੱਠਾ ਕਰਕੇ ਪੁਲਿਸ ਅਤੇ ਸਬੰਧਿਤ ਮਹਿਕਮੇ ਨੂੰ ‘ਮਹੀਨੇ’ ਰੂਪ ਵਿਚ ਦਿੱਤਾ ਜਾਂਦਾ ਹੈ। ਇਨਾਂ ਵਾਹਨਾਂ ਵਿਚੋਂ ਬਹੁਤ ਸਾਰੇ ਵਾਹਨ ਅਸਲੀ ਨਹੀ ਬਲਕਿ ਉਨ੍ਹਾਂ ਨਾਲ ਛੇੜਛਾੜ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਢੋਣ ਦੀ ਸਮਰਥਾਂ ਵਾਲਾ ਬਣਾਇਆ ਗਿਆ ਹੈ। ਇਸ ਕਾਰੋਬਾਰ ਨਾਲ ਜੁੜੇ ਇਕ ਵਿਅਕਤੀ ਮੁਤਾਬਕ ਸਕੂਲੀ ਵਾਹਨਾਂ ਦੇ ਡਰਾਈਵਰ ਬਹੁਤ ਗਰੀਬ ਤੱਬਕੇ ਨਾਲ ਸਬੰਧ ਰਖਦੇ ਹਨ, ਉਨ੍ਹਾਂ ਕੋਲ ਏਨੀ ਸਮਰਥਾ ਨਹੀ ਹੈ ਕਿ ਉਹ ਨਵੇ ਵਾਹਨ ਖਰੀਦ ਸਕਣ ਤੇ ਉਨ੍ਹਾਂ ਵਾਹਨਾਂ ਦੇ ਕਾਗਜ ਪੂਰੇ ਕਰਕੇ ਰੱਖਣ। ਇਸੇ ਮਜ਼ਬੂਰੀ ਕਰਕੇ ਉਹ ਪੁਰਾਣ ਅਤੇ ਕੰਡਮ ਵਾਹਨ ਖਰੀਦ ਦੇ ਇਹ ਕੰਮ ਚਲਾ ਰਹੇ ਹਨ। ਇਸ ਤਰਾਂ ਹੀ ਇਕ ਹੋਰ ਡਰਾਈਵਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਗੁਜਰਾਤ ’ਚੋਂ ਇਕ ਸਸਤਾ ਟਰੱਕ ਖਰੀਦ ਲਿਆ ਤੇ ਉਸ ਨੇ ਇਥੇ ਸਕੂਲੀ ਬੱਚਿਆਂ ਦੀ ਢੋਆ-ਢਆਈ ਦਾ ਵਾਹਨ ਬਣਾ ਰੱਖਿਆ ਹੈ।
ਦੂਜੇ ਪਾਸੇ ਸਕੂਲੀ ਬੱਚਿਆਂ ਦੇ ਮਾਪੇ ਭਾਰੀ ਫੀਸਾਂ ਅਤੇ ਬੱਚਿਆਂ ਦੇ ਆਵਾਜਾਈ ਦੇ ਖਰਚੇ ਨੂੰ ਸਹਿਣ ਦੇ ਕਾਬਿਲ ਨਹੀ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀਵਸ ਆਪਣੇ ਬੱਚਿਆਂ ਨੂੰ ਇਨ੍ਹਾਂ ਵਾਹਨਾਂ ਰਾਹੀਂ ਸਕੂਲਾਂ ਵਿਚ ਭੇਜਣਾ ਪੈਂਦਾ ਹੈ। ਇਕ ਸਕੂਲੀ ਵੈਨ ਦੇ ਡਰਾਈਵਰ ਨੇ ਦੱਸਿਆ ਕਿ ਅਸੀ ਕਬਾੜ ਵਿਚੋਂ ਪੁਰਾਣੀ ਚੈਸੀਆਂ ਲੈ ਕੇ ਉਨ੍ਹਾਂ ਉਪਰ ਪੁਰਾਣੀਆਂ ਵੈਨਾਂ ਦੀਆਂ ਬਾਡੀਆਂ ਫਿੱਟ ਕਰਵਾ ਰਖੀਆਂ ਹੋਈਆਂ ਹਨ ਜਿਸ ਕਰਕੇ ਇਨ੍ਹਾਂ ਵਾਹਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਬਣਾਉਣੀਆਂ ਅਸਮੰਭਵ ਹਨ, ਕਿਉਂਕਿ ਕਾਨੂੰਨ ਮੁਤਾਬਕ ਕਿਸੇ ਵੀ ਵਾਹਨ ਵਿਚ ਕੋਈ ਆਪਣੇ ਤੌਰ ’ਤੇ ਤਬਦੀਲੀ ਨਹੀ ਕੀਤੀ ਜਾ ਸਕਦੀ। ਵੱਡੇ ਪੱਧਰ ਦੇ ਸਕੂਲ ਆਪਣੇ ਤੌਰ ’ਤੇ ਵਾਹਨ ਖਰੀਦ ਸਕਦੇ ਹਨ ਪਰੰਤੂ ਛੋਟੇ ਸਕੂਲ ਜਿਹੜੇ ਕਿ ਬੱਚਿਆਂ ਤੋਂ ਘੱਟ ਫੀਸਾਂ ਲੈਂਦੇ ਹਨ ਉਹ ਨਵੇ ਵਾਹਨ ਖਰੀਦਣ ਤੋਂ ਅਸਮਰਥ ਹਨ ਜਿਸ ਕਰਕੇ ਬੱਚਿਆਂ ਨੂੰ ਲਿਆਉਣ ਤੇ ਲੈ ਜਾਉਣ ਦੀ ਜ਼ਿੰਮੇਵਾਰੀ ਕੁਝ ਨਿੱਜੀ ਵਾਹਨ ਚਾਲਕਾਂ ਨੇ ਲੈ ਰੱਖੀ ਹੈ ਜਿਹੜੇ ਕਿ ਘੱਟ ਫੀਸਾਂ ’ਤੇ ਇਹ ਕੰਮ ਕਰ ਰਹੇ ਹਨ। ਇਨ੍ਹਾਂ ਨਿੱਜੀ ਸਸਤੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਵੇਖਣ ਤੋਂ ਪਤਾ ਲਗਦਾ ਹੈ ਕਿ ਇਹ ਗੁਜਰਾਤ, ਦਿੱਲੀ, ਯੂ.ਪੀ.ਆਦਿ ਰਾਜਾਂ ਤੋਂ ਲਿਆਂਦੇ ਗਏ ਹਨ ਜਿਸ ਕਾਰਨ ਇਹ ਹੈ ਕਿ ਜਿਹੜੇ ਚੰਗੇ ਸਕੂਲ ਨਵੇ ਵਾਹਨ ਖਰੀਦ ਕੇ ਪੁਰਾਣੇ ਵਾਹਨਾਂ ਨੂੰ ਵੇਚਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਸ਼ਹਿਰਾਂ ਵਿਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ। ਇਨ੍ਹਾਂ ਹਾਲਾਤਾਂ ਤੋਂ ਭਾਵੇਂ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਚੰਗੀ ਤਰਾਂ ਜਾਣੂੰ ਹੈ ਪਰ ਫੇਰ ਵੀ ਉਹ ਇਨ੍ਹਾਂ ਵਾਹਨਾਂ ਨੂੰ ਨਿਰੰਤਰ ਚਲਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਇਹ ਵਾਹਨ ਇਨ੍ਹਾਂ ਮਹਿਕਮਿਆਂ ਦੀ ਦੋ ਨੰਬਰ ਦੀ ਕਮਾਈ ਦਾ ਸਾਧਨ ਹਨ। ਹੋਰ ਤਾਂ ਹੋਰ ਇਨ੍ਹਾਂ ਵਾਹਨਾਂ ਵਿਚ ਬੱਚਿਆਂ ਨੂੰ ਸਮਰਥਾ ਨਾਲੋਂ ਕਈ ਗੁਣਾਂ ਜਿਆਦਾ ਠੂਸਿਆ ਜਾਂਦਾ ਹੈ। ਇਨ੍ਹਾਂ ਵਾਹਨਾਂ ਕੋਲ ਨਾ ਤਾਂ ਆਰ.ਸੀ ਹੁੰਦੀ ਹੈ ਤੇ ਨਾ ਹੀ ਇਨ੍ਹਾਂ ਉਪਰ ਰਜਿਸਟਰੇਸ਼ਨ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਹਨ।
ਇਸ ਮਾਮਲੇ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ ਵਾਹਨ ਭਾਵੇਂ ਵੱਡੇ ਸਕੂਲ ਦਾ ਹੋਵੇ ਅਤੇ ਕਾਗਜਾਤ ਵੀ ਪੂਰੇ ਰਖਦਾ ਹੋਵੇ ਅਤੇ ਸ਼ਰਤਾਂ ਵੀ ਪੂਰੀਆਂ ਕਰਦਾ ਹੋਵੇ ਜਾਂ ਜੁਗਾੜ ਵਾਲਾ ਵਾਹਨ ਇਨ੍ਹਾਂ ਵਿਚੋਂ ਕਿਸੇ ਅੰਦਰ ਵੀ ਸਪੀਡ ਕੰਟਰੋਲ ਯੰਤਰ ਨਹੀ ਹੁੰਦਾ। ਇਨ੍ਹਾਂ ਦੇ ਡਰਾਈਵਰ ਇਨ੍ਹਾਂ ਦੀ ਡਰਾਈਵਰ 40-50 ਕਿਲੋਮੀਟਰ ਦੀ ਸੀਪਡ ਤੋਂ ਚਲਾਉਣ ਦੀ ਬਜਾਏ 100-100 ਕਿਲੋਮੀਟਰ ਦੀ ਸੀਪਡ ਦੇ ਭਜਾਉਂਦੇ ਹਨ ਜਿਸ ਨਾਲ ਕਈ ਵਾਰ ਇਹ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ। ਪਿਛਲੇ ਦਿਨੀ ਜੈਤੋ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲ ਵਿਚ ਜੁਗਾੜੂ ਵਾਹਨਾਂ ਕਾਰਨ ਹਾਦਸਾ ਹੋ ਗਿਆ ਸੀ ਜਿਸ ਵਿਚ 25 ਬੱਚੇ ਜਖ਼ਮੀ ਹੋ ਗਏ ਸਨ। ਮਾਮਲਾ ਮੀਡੀਆ ਭਾਵੇਂ ਆਇਆ ਪਰ ਸਕੂਲ ਨੇ ਆਪਣੀਆਂ ਵੈਣਾਂ ਨੂੰ ਨਹੀ ਬਦਲਿਆ। ਐਸ.ਡੀ.ਐਮ.ਕੋਟਕਪੂਰਾ ਹਰਜੀਤ ਸਿੰਘ ਮੁਤਾਬਕ ਉਹ ਅਜਿਹੇ ਸਕੂਲੀ ਵਹੀਕਲਾਂ ਦੀ ਪਛਾਣ ਕਰਕੇ ਇੱਕ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਭੇਜ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਾਇਅਬ ਨੇ ਆਖਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਸਬੰਧ ਵਿਚ ਉਹ ਪਹਿਲਾਂ ਹੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕਰ ਚੁੱਕੇ ਹਨ। ਬਾਕੀ ਉਹ ਖੁੱਦ ਇਸ ਮਾਮਲੇ ਵੱਲ ਨਿੱਜੀ ਤੌਰ ’ਤੇ ਧਿਆਨ ਕਰਨਗੇ,ਕਿਉਂਕਿ ਇਹ ਮਾਮਲਾ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੈ।