ਭੋਗਪੁਰ, 28 ਜਨਵਰੀ (ਹਰਨਾਮ ਦਾਸ ਚੋਪੜਾ, ਹਰਨਾਮ ਸਿੰਘ ਮਿਨਹਾਸ)-ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਸਵਛ ਸਰਵੇਖਣ 2018 ਅਧੀਨ ਸਵਛ ਭਾਰਤ ਮਿਸ਼ਨ ਲਈ ਸਰਕਾਰੀ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਗਾਇਕ ਸੁਰਿੰਦਰ ਲਾਡੀ ਨੂੰ ਨਗਰ ਕੌਂਸਲ ਭੋਗਪੁਰ ਦਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਨੇ ਕਾਗਜ਼ੀ ਦਸਤਾਵੇਜ਼ ਦੀ ਪੜਤਾਲ ਕੀਤੀ ਅਤੇ ਸਵਛ ਮਿਸ਼ਨ ਸਬੰਧੀ ਕਾਰਵਾਈ ਨੂੰ ਸਰਕਾਰ ਦੀ ਵੈਬਸਾਈਟ ‘ਤੇ ਅਪਲੋਡ ਕਰਕੇ ਆਨਲਾਈਨ ਕੀਤਾ ਗਿਆ। ਸੁਰਿੰਦਰ ਲਾਡੀ ਨੇ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਨੂੰ ਘਰਾਂ ਦੀ ਅਤੇ ਘਰਾਂ ਦੇ ਆਲੇ-ਦੁਆਲੇ ਸਫਾਈ ਰਖਣ ਲਈ ਪ੍ਰੇਰਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛਡਣਗੇ। ਕੌਂਸਲ ਦੇ ਕਾਰਜ ਸਾਧਕ ਅਫਸਰ ਰਾਮਜੀਤ ਨੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਦਸਿਆ ਕਿ ਗਾਇਕ ਸੁਰਿੰਦਰ ਲਾਡੀ ਪਹਿਲਾਂ ਵੀ ਖੇਡਾਂ ਅਤੇ ਸਭਿਆਚਾਰਕ ਖੇਤਰ ‘ਚ ਯੋਗਦਾਨ ਪਾ ਰਹੇ ਹਨ ਅਤੇ ਹੁਣ ਸਵਛ ਮਿਸ਼ਨ ਦੀ ਲਹਿਰ ਨੂੰ ਅਗੇ ਵਧਾਉਣ ‘ਚ ਯੋਗਦਾਨ ਪਾ ਕੇ ਨਾਮਣਾ ਖਟੇਗਾ। ਇਸ ਮੌਕੇ ਲੇਖਕ ਤੇ ਐਂਕਰ ਬਲਦੇਵ ਰਾਹੀ ਵੀ ਹਾਜ਼ਰ ਸੀ।
ਸੁਰਿੰਦਰ ਲਾਡੀ ਬਣੇ ਨਗਰ ਕੌਂਸਲ ਭੋਗਪੁਰ ਦੇ ਬਰਾਂਡ ਅੰਬੈਸਡਰ



