ਭਵਾਨੀਗੜ੍ਹ, 28 ਜਨਵਰੀ (ਕ੍ਰਿਸ਼ਨ ਗਰਗ)- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ. ਸ੍ਰੀ ਭਗਵੰਤ ਮਾਨ ਨੇ ਅੱਜ ਮਾਝੀ, ਕਪਿਆਲ ਅਤੇ ਪਿੰਡ ਫੱਗੂਵਾਲਾ ਵਿਖੇ ਧੰਨਵਾਦੀ ਦੌਰਾ ਕਰਦਿਆਂ ਪਿੰਡ ਫੱਗੂਵਾਲਾ ਵਿਖੇ ਐਮ. ਪੀ. ਕੋਟੇ ਵਿਚੋਂ 4 ਲਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਬਸ ਸਟੈਂਡ ਦਾ ਉਦਘਾਟਨ ਕੀਤਾ। ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਕਰਨ ਦੀ ਥਾਂ ਉਤੇ ਲੋਕਾਂ ਨੂੰ ਪਹਿਲਾਂ ਮਿਲੇ ਹੋਏ ਰੁਜਗਾਰ ਅਤੇ ਸਹੂਲਤਾਂ ਵੀ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਥਾਂ ਖੇਤੀ ਮੋਟਰਾਂ ਦੇ ਬਿਲ ਲਾਉਣੇ ਸ਼ੁਰੂ ਕਰ ਦਿਤੇ, ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਥਾਂ ਬਠਿੰਡਾ ਥਰਮਲ ਅਤੇ ਸੇਵਾ ਕੇਂਦਰ ਬੰਦ ਕਰਕੇ ਹਜਾਰਾਂ ਨੌਜਵਾਨਾਂ ਨੂੰ ਬੇਰੁਜਗਾਰੀ ਵਲ ਧਕ ਦਿਤਾ, ਰੇਤ ਮਾਫੀਆ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨਕੇਲ ਪਾਉਣ ਦੀ ਥਾ ਉਨ੍ਹਾਂ ਨੂੰ ਸੁਰਖਿਆ ਛਤਰੀ ਦੇਣ ਲਗ ਪਏ। ਉਨ੍ਹਾਂ ਕਿਹਾ ਕਿ ਧੂਰੀ ਅਤੇ ਸੁਨਾਮ ਸ਼ਹਿਰ ਲਈ 24 ਲੱਖ ਰੁਪਏ ਦੀ ਗ੍ਰਾਂਟ ਨਾਲ ਸੀਸੀਟੀਵੀ ਕੈਮਰੇ ਲਗਾ ਰਹੇ ਹਾਂ ਅਤੇ ਲੋਕ ਸਭਾ ਹਲਕੇ ਦੇ ਸਾਰੇ ਸ਼ਹਿਰਾਂ ਨੂੰ ਵੀ ਇਸ ਸਾਲ ਵਿਚ ਇਹ ਕੈਮਰੇ ਦਿਤੇ ਜਾਣਗੇ। ਆਪ ਆਗੂ ਨੇ ਕਿਹਾ ਕਿ ਸਰਕਾਰ ਸਿਰਫ ਦਸ ਮਹੀਨਿਆਂ ਅੰਦਰ ਹੀ ਫੇਲ੍ਹ ਹੋ ਗਈ ਅਤੇ ਪੰਜਾਬ ਅੰਦਰ ਅਮਨ ਕਨੂੰਨ ਪੂਰੀ ਤਰ੍ਹਾਂ ਭੰਗ ਹੋ ਗਿਆ ਹੈ। ਉਨ੍ਹਾਂ ਪਿਛਲੇ ਦਿਨ ਰਾਜਸਥਾਨ ਦੀ ਹਦ ਉਤੇ ਪੰਜਾਬ ਪੁਲੀਸ ਵਲੋਂ ਮਾਰੇ ਤਿੰਨ ਗੈਂਗਸਟਰਾਂ ਸਬੰਧੀ ਬੋਲਦਿਆਂ ਕਿਹਾ ਕਿ ਵਖ ਵਖ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਰੁਜਗਾਰ ਨਾ ਮਿਲਣ ਕਾਰਨ ਪੰਜਾਬ ਦੇ ਹੋਣਹਾਰ ਨੌਜਵਾਨ ਰੁਜਗਾਰ ਇਸ ਗਲਤ ਰਸਤੇ ਵਲ ਜਾਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਦਿਨੇਸ ਬਾਂਸਲ, ਹਰਪ੍ਰੀਤ ਸਿੰਘ ਬਾਜਵਾ, ਗੁਰਦੀਪ ਸਿੰਘ ਫਗੂਵਾਲਾ, ਅਰਵਿੰਦਰ ਕੌਰ ਸਰਪੰਚ, ਨਰਦੇਵ ਸਿੰਘ, ਰਾਜਬੀਰ ਸਿੰਘ ਘਰਾਚੋਂ, ਗੁਰਦੀਪ ਸਿੰਘ ਨੰਬਰਦਾਰ, ਰਣਜੀਤ ਸਿੰਘ, ਜਗਦੇਵ ਸਿੰਘ, ਰਘਵੀਰ ਸਿੰਘ, ਅਮਰਿੰਦਰ ਸਿੰਘ ਸੇਖੋਂ ਅਤੇ ਪ੍ਰਦੀਪ ਸਿੰਘ ਹਾਜਰ ਸਨ।
ਭਗਵੰਤ ਮਾਨ ਵੱਲੋਂ ਕੈਪਟਨ ਸਰਕਾਰ ’ਤੇ ਰੁਜ਼ਗਾਰ ਤੇ ਸਹੂਲਤਾਂ ਖੋਹਣ ਦਾ ਦੋਸ਼



