ਨਾਭਾ, 24 ਜਨਵਰੀ (ਕਰਮਜੀਤ ਸੋਮਲ, ਸਿਕੰਦਰ)-ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਡਾ. ਦਲਬੀਰ ਕੌਰ ਐਸ.ਐਮ.ਓ. ਇੰਚਾਰਜ ਦੀ ਅਗਵਾਈ ਵਿੱਚ ਪੋਲੀਓ, ਖਸਰਾ ਅਤੇ ਰੁਬੇਲਾ ਬਿਮਾਰੀ ਸਬੰਧੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਡਾ. ਦਲਬੀਰ ਕੌਰ ਐਸ.ਐਮ.ਓ. ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਮਿਤੀ 28, 29, 30 ਜਨਵਰੀ ਨੂੰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਨਾਭਾ ਸਹਿਰ ਦੇ ਲੱਗਭਗ 8196 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ 28 ਜਨਵਰੀ ਨੂੰ 39 ਪੋਲੀਓ ਬੂਥ ਲਗਾਏ ਜਾਣਗੇ ਅਤੇ 29 30 ਜਨਵਰੀ ਨੂੰ ਪੋਲੀਓ ਦੀਆਂ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਘਰ-ਘਰ ਜਾ ਕੇ ਸਿਹਤ ਕਰਮਚਾਰੀਆਂ ਦੁਆਰਾ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਆਸੂਦੀਪ ਰੂਪਾ ਨੋਡਲ ਅਫਸਰ ਪਲਸ ਪੋਲੀਓ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜਨ ਲਈ 78 ਟੀਮਾਂ, 4 ਮੋਬਾਇਲ ਟੀਮਾਂ ਅਤੇ 8 ਸੁਪਰਵਾਇਜਰਾਂ ਦਾ ਗਠਨ ਕੀਤਾ ਹੈ। ਵਰਕਸ਼ਾਪ ਦੌਰਾਨ ਐਸ.ਐਮ.ਓ. ਨੇ ਦੱਸਿਆ ਕਿ ਖਸਰੇ ਨੂੰ ਖਤਮ ਕਰਨ ਅਤੇ ਰੁਬੇਲਾ ਨੂੰ ਕੰਟਰੋਲ ਕਰਨ ਲਈ ਅਪ੍ਰੈਲ 2018 ਵਿੱਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ 9 ਮਹੀਨੇ ਤੋਂ ਲੈਕੇ 15 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਐਮ.ਆਰ. (ਮੀਜਲ ਰੁਬੇਲਾ) ਦਾ ਟੀਕਾ ਲਗਾਇਆ ਜਾਵੇਗਾ। ਇਸ ਸਮੇਂ ਕਰਨੈਲ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਬੋਲਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਅਤੇ ਐਮ.ਆਰ. ਦਾ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੰਵਰਜੀਤ ਸਿੰਘ, ਡਾ. ਅਨੂ ਮੇਹਾ ਭੱਲਾ, ਡਾ. ਸੰਜੇ ਮਾਥੁਰ, ਡਾ. ਡਿੰਪੀ ਕੁਮਾਰ, ਡਾ. ਅਨੁਪਮਾ, ਨੀਲਮ ਰਾਣੀ, ਰਜਨੀ ਗੋਇਲ, ਸਮੂਹ ਏ.ਐਨ.ਐਮਜ, ਪੈਰਾ ਮੈਡੀਕਲ ਸਟਾਫ, ਆਸਾ ਅਤੇ ਆਂਗਣਵਾੜੀ ਵਰਕਰ ਹਾਜਰ ਸਨ।
ਸਿਵਲ ਹਸਪਤਾਲ ਨਾਭਾ ਵਿਖੇ ਪੋਲੀਓ, ਖਸਰਾ ਅਤੇ ਰੂਬੇਲਾ ਬਿਮਾਰੀ ਸਬੰਧੀ ਵਰਕਸ਼ਾਪ



