Skip to content
Independent perspectives. Global stories.
BREAKING

ਹੱਡ ਚੀਰਵੀਂ ਠੰਢ ਹੋਵੇ ਜਾਂ ਮੀਂਹਾਂ ਦੀ ਕਰੋਪੀ ਜੈਤੋ ਬੱਸ ਅੱਡੇ ’ਤੇ ਯਾਤਰੀ ਖੁੱਲ੍ਹੇ ਅੰਬਰ ਹੇਠ

Share this story

ਜੈਤੋ, 22 ਜਨਵਰੀ (ਸਤਵਿੰਦਰਪਾਲ ਸਿੰਘ ਸੱਤੀ)- ਸਿਆਸੀ ਘੁੰਮਣਘੇਰੀਆਂ ’ਚ ਫਸੀ ਨਗਰ ਕੌਂਸਲ ਦੀ ‘ਫ਼ੁਰਤੀ’ ਨੇ ਲੋਕਾਂ ਕੋਲੋਂ ਮੌਸਮ ਦੀ ਬਦਮਿਜਾਜ਼ੀ ਤੋਂ ਬਚਾਉਣ ਵਾਲੀ ਛੱਤ ਖੋਹ ਲਈ ਹੈ। ਸਵਾ ਸਾਲ ਦਾ ਵਕਤ ਢੁੱਕਣ ਨੂੰ ਆਇਆ ਹੈ ਜਦੋਂ ਲੋਕਾਂ ਨੂੰ ਨਵੇਂ ਨਕੋਰ ਬੱਸ ਅੱਡੇ ਦੇ ਸੁਪਨੇ ਦਿਖਾ ਕੇ ਇਥੋਂ ਦੇ ਬੱਸ ਅੱਡੇ ਦੀ ਪੁਰਾਣੀ ਇਮਾਰਤ ਨੂੰ ਨੇਸਤੋਨਾਬੂਦ ਕਰ ਦਿੱਤਾ ਗਿਆ। ਬਿਲਡਿੰਗ ਢਾਹੇ ਜਾਣ ਮਗਰੋਂ ਹੁਣ ਸਰੀਰ ਲੂੰਹਦੀ ਲੂਅ, ਭੱਠ ਤਪਦੇ ਦੁਪਿਹਰੇ, ਹੱਡ ਚੀਰਵੀਂ ਠੰਢ ਹੋਵੇ ਜਾਂ ਮੀਂਹਾਂ ਦੀ ਕਰੋਪੀ ਨੂੰ ਯਾਤਰੀ ਖੁੱਲ੍ਹੇ ਅੰਬਰਾਂ ਹੇਠ ਤਨ ’ਤੇ ਝੱਲਦੇ ਹਨ। ਬੱਸ ਅੱਡੇ ਦੀ ਇਮਾਰਤ ਨੂੰ ‘ਖਸਤਾ ਹਾਲ’ ਕਰਾਰ ਦੇ ਕੇ ਢਾਹ ਦਿੱਤਾ। ਅਸੰਬਲੀ ਚੋਣਾਂ ਦਾ ਮੌਸਮ ਆਇਆ ਤਾਂ ਸੱਤਾਧਾਰੀਆਂ ਨੇ ਇਸ ਮੁੱਦੇ ’ਤੇ ਵੋਟਾਂ ਭੁੰਨਾਉਣ ਦੀ ਤਰਕੀਬ ਵਰਤੀ। ਹਲਕਾ ਜੈਤੋ ਤੋਂ ਚੋਣ ਲੜਨ ਵਾਲੇ ਅਕਾਲੀ ਉਮੀਦਵਾਰ ਸੂਬਾ ਸਿੰਘ ਬਾਦਲ ਨੇ 24 ਦਸੰਬਰ 2016 ਨੂੰ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ। ਚੋਣਾਂ ਲੰਘੀਆਂ, ਸੱਤਾ ਪ੍ਰੀਵਰਤਨ ਹੋਇਆ ਪਰ ਨਗਰ ਕੌਂਸਲ ਨੇ ਉਸ ਪਿੱਛੋਂ ਇਕ ਵੀ ਇੱਟ ਨਾ ਲਾਈ। ਹੁਣ ਇਥੇ ਖਿੱਲਿਰਿਆ ਪਿਆ ਮਲਬਾ ਅੱਡੇ ਨੂੰ ‘ਚਾਰ ਚੰਨ’ ਲਾਉਂਦਾ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਮਲਬੇ ’ਚ ਤਬਦੀਲ ਹੋਏ ਬੱਸ ਅੱਡੇ ਤੋਂ ਹਾਲੇ ਵੀ ਕਮਾਈ ਕਰ ਰਹੀ ਹੈ। ਉਹ ਬੱਸ ਅੱਡੇ ਦੀ ਅਣਹੋਂਦ ਦੇ ਬਾਵਜੂਦ ਲੰਘਦੀਆਂ ਬੱਸਾਂ ਤੋਂ ‘ਅੱਡਾ ਫੀਸ’ ਵਸੂਲਦੀ ਹੈ। ਪਤਾ ਲੱਗਾ ਹੈ ਕਿ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਤਕਰੀਬਨ 45 ਲੱਖ ਰੁਪਏ ਖਰਚ ਹੋਣ ਦਾ ਤਕਾਜ਼ਾ ਸੀ। ਕੌਂਸਲ ਦੇ ਬੋਝੇ ’ਚ ਪੈਸਾ ਨਾ ਹੋਣ ਕਰਕੇ ਹੁਣ ਇਹ ਪ੍ਰਾਜੈਕਟ ਹਵਾ ਵਿਚ ਲਟਕ ਗਿਆ ਹੈ। ਲੋਕੀਂ ਤਰਕ ਭੇੜਦੇ ਹਨ ਕਿ ਜੇ ਮਿਉਂਸਪਲ ਕਮੇਟੀ ਕੋਲ ਪੈਸਾ ਨਹੀਂ ਸੀ ਤਾਂ ਯਾਤਰੀਆਂ ਦਾ ਅੜੇ-ਥੁੜੇ ਸਿਰ ਲੁਕੋਣ ਵਾਲੀ ਪੁਰਾਣੀ ਬਿਲਡਿੰਗ ਨੂੰ ਕਿਉਂ ਢਾਹਿਆ ਗਿਆ। ਉਧਰ ਬੱਸ ਅੱਡੇ ਦੀ ਸੰਭਾਵਿਤ ਉਸਾਰੀ ਬਾਰੇ ਪੁੱਛੇ ਜਾਣ ’ਤੇ ਨਗਰ ਕੌਂਸਲ ਜੈਤੋ ਦੇ ਕਾਰਜਸਾਧਕ ਅਫ਼ਸਰ ਇੰਦਰਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਦੇ ਤਿੰਨ ਕੁ ਮਹੀਨੇ ਬਾਅਦ ਹੀ ਸਰਕਾਰ ਕੋਲੋਂ ਇਮਾਰਤਸਾਜ਼ੀ ਲਈ ਫੰਡਾਂ ਦੀ ਮੰਗ ਕਰ ਦਿੱਤੀ ਗਈ ਸੀ। ਉਨ੍ਹਾਂ ਆਖਿਆ ਕਿ ਜੈਤੋ ਦੇ ਐਸ.ਡੀ.ਐਮ. ਡਾ. ਮਨਦੀਪ ਕੌਰ ਨੇ ਵੀ ਇਸ ਕੰਮ ਨੂੰ ਅਤਿ-ਜ਼ਰੂਰੀ ਦੱਸ ਕੇ ਡੀ.ਸੀ. ਫ਼ਰੀਦਕੋਟ ਕੋਲ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਡੀ.ਸੀ. ਪਾਸ ਜੈਤੋ ਸ਼ਹਿਰ ਦੇ ਵਿਕਾਸ ਲਈ ਇਕ ਕਰੋੜ ਰੁਪਏ ਆਉਣ ਬਾਰੇ ਪਤਾ ਲੱਗਾ ਹੈ ਅਤੇ ਇਸੇ ਫੰਡ ’ਚੋਂ ਹੀ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਜਾਣਾ ਹੈ। ਉਨ੍ਹਾਂ ਕੰਮ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ।

WRITTEN BY